
ਨੰਦਗੜ੍ਹ, 20 ਜੁਲਾਈ (ਯ ਪ )ਮਨਰੇਗਾ ਕਰਮਚਾਰੀ ਯੂਨੀਅਨ ਦੇ ਖੰਨੇ ਵਿਖੇ 20 ਤਾਰੀਖ ਦੇ ਧਰਨਾ ਪ੍ਰਦਰਸ਼ਨ ਤੋਂ ਪਹਿਲਾਂ ਮਨਰੇਗਾ ਕਰਮਚਾਰੀ ਯੂਨੀਅਨ ਸਾਥੀਆਂ ਨੂੰ ਸਵੇਰੇ-ਸਵੇਰੇ ਪੁਲਿਸ ਨੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਡਿਟੇਨ ਕਰਨ ਦੇ ਰੋਸ ਵਜੋਂ ਥਾਣਾ ਨੰਦਗੜ੍ਹ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੰਗਤ ਬਲਾਕ ਦੇ ਆਗੂ ਰਾਮ ਸਿੰਘ ਕੋਟਗੁਰੂ ਤੇ ਜਸਕਰਨ ਕੋਟਗੁਰੂ ਕਿਹਾ ਕਿ ਪਿੰਡ ਘੁੱਦਾ ਦੇ ਮਨਰੇਗਾ ਕਰਮਚਾਰੀ ਗੁਰਵਿੰਦਰ ਸਿੰਘ ਨੂੰ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਐਤਵਾਰ ਸਵੇਰੇ ਉਸ ਦੇ ਘਰੋਂ ਉਸ ਸਮੇਂ ਚੁੱਕ ਲਿਆ, ਜਦੋਂ ਉਹ ਆਪਣੇ ਘਰ ਚ ਸੁੱਤਾ ਹੋਇਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਵਿੰਦਰ ਸਿੰਘ 20 ਜੁਲਾਈ ਨੂੰ ਖੰਨਾ ਵਿਖੇ ਹੋਣ ਵਾਲੇ ਮਨਰੇਗਾ ਕਰਮਚਾਰੀਆਂ ਦੇ ਸੂਬਾ ਪੱਧਰੀ ਪ੍ਰਦਰਸ਼ਨ ‘ਚ ਸ਼ਾਮਲ ਹੋਣ ਜਾ ਰਿਹਾ ਸੀ ਅਤੇ ਉਸ ਨੂੰ ਉੱਥੇ ਜਾਣ ਤੋਂ ਰੋਕਣ ਲਈ ਇਹ ਕਰਵਾਈ ਕੀਤੀ ਗਈ । ਉਨ੍ਹਾਂ ਕਿਹਾ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਮਨਰੇਗਾ ਕਰਮਚਾਰੀਆਂ ਵੱਲੋਂ ਪਹਿਲਾਂ ਖੰਨਾ ਵਿਖੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਦੀ ਰਿਹਾਇਸ਼ ਅੱਗੇ ਸ਼ਾਂਤਮਈ ਰੋਸ਼ ਪ੍ਰਦਰਸ਼ਨ ਤੇ ਪੁਲਿਸ ਵੱਲੋਂ ਕੀਤੇ ਜ਼ਬਰਦਸਤ ਲਾਠੀ ਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਤੇ ਮਗਰੋਂ ਪੰਚਾਇਤ ਮੰਤਰੀ ਵੱਲੋਂ ਮਗਰਮੱਛੂ ਹੰਝੂ ਵਹਾਏ ਗਏ ।ਜਦੋਂਕਿ ਉਹਨਾਂ ਨੂੰ 8 ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਦਿਤੀਆਂ ਗਈਆਂ ਉਲਟਾ ਉਸ ਦਿਨ ਮਨਰੇਗਾ ਕਰਮਚਾਰੀਆਂ ਤੇ ਵਰਕਰਾਂ ਨੂੰ ਕੱਲ੍ਹ ਪੁਲਿਸ ਵੱਲੋਂ ਛੱਲੀਆਂ ਵਾਂਗ ਕੁੱਟਿਆ ਗਿਆ।ਆਗੂਆਂ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਸੰਵਿਧਾਨ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਗਟ ਕਰਨ ਦੇ ਬੁਨਿਆਦੀ ਹੱਕ ਤੋਂ ਵੀ ਵਾਂਝਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਹਰ ਨਾਗਰਿਕ ਨੂੰ ਅਮਨ-ਸ਼ਾਂਤੀ ਨਾਲ ਇਕੱਠੇ ਹੋਣ, ਆਪਣੀ ਗੱਲ ਕਹਿਣ ਅਤੇ ਰੋਸ ਪ੍ਰਦਰਸ਼ਨ ਕਰਨ ਦਾ ਅਧਿਕਾਰ ਦਿੰਦਾ ਹੈ ਪਰ ਪੰਜਾਬ ਵਿਚ ਇਨ੍ਹਾਂ ਹੱਕਾਂ ‘ਤੇ ਹੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਨਰੇਗਾ ਕਰਮਚਾਰੀਆਂ ਨੂੰ ਗ੍ਰਿਫਤਾਰ ਜਾਂ ਡਿਟੇਨ ਕਰਨ ਦੀ ਕਾਰਵਾਈ ਤੁਰੰਤ ਬੰਦ ਕੀਤੀ ਜਾਵੇ, ਡਿਟੇਨ ਕੀਤੇ ਗਏ ਕਰਮਚਾਰੀਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।ਇਸ ਮੌਕੇ ਨੰਦਗੜ੍ਹ ਥਾਣੇ ਅੱਗੇ ਕਿਸਾਨਾਂ ਤੋਂ ਇਲਾਵਾ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਤੋਂ ਗੁਰਦਾਤ ਸਿੰਘ ਤੇ ਨੌਜਵਾਨ ਭਾਰਤ ਸਭਾ ਦੇ ਸੰਦੀਪ ਸਿੰਘ ਸ਼ਾਮਲ ਸਨ।







