
ਤਲਵੰਡੀ ਸਾਬੋ,25 ਸਤੰਬਰ(ਅਮ੍ਰਿਤ ਮਲਕਾਣਾ)ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਚੱਲ ਰਹੇ ਗੁਰੂ ਕਾਸ਼ੀ ਕੈਂਪਸ, ਦਮਦਮਾ ਸਾਹਿਬ ਦੇ ਡਾਇਰੈਕਟਰ ਵਜੋਂ ਇਲਾਕੇ ਦੀ ਜਾਣੀ-ਪਛਾਣੀ ਵਿੱਦਿਅਕ ਸ਼ਖ਼ਸੀਅਤ ਪ੍ਰੋ. ਅਮਨਦੀਪ ਸਿੰਘ ਦੀ ਮੁੜ ਨਿਯੁਕਤੀ ਕੀਤੀ ਗਈ ਹੈ। ਯੂਨੀਵਰਸਿਟੀ ਵੱਲੋਂ ਜਾਰੀ ਦਫ਼ਤਰੀ ਹੁਕਮ ਅਨੁਸਾਰ ਉਨ੍ਹਾਂ ਦੀ ਡਾਇਰੈਕਟਰ ਵਜੋਂ ਮਿਆਦ ਵਿੱਚ ਇੱਕ ਸਾਲ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੀ ਮੁੜ ਨਿਯੁਕਤੀ ਨਾਲ ਕੈਂਪਸ ਵਿੱਚ ਉਤਸ਼ਾਹ ਦਾ ਮਾਹੌਲ ਹੈ।
ਪ੍ਰੋ. ਅਮਨਦੀਪ ਸਿੰਘ ਪਿਛਲੇ ਕਰੀਬ 25 ਸਾਲਾਂ ਤੋਂ ਗੁਰੂ ਕਾਸ਼ੀ ਕੈਂਪਸ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਸਾਲ 2000 ਵਿੱਚ ਬਿਜ਼ਨਸ ਸਟੱਡੀਜ਼ ਵਿਭਾਗ ਵਿੱਚ ਲੈਕਚਰਾਰ ਵਜੋਂ ਸੇਵਾ ਸ਼ੁਰੂ ਕੀਤੀ ਸੀ। ਉਹ ਵਿਭਾਗ ਵਿੱਚ ਤਿੰਨ ਸਾਲ ਇੰਚਾਰਜ ਵਜੋਂ ਅਤੇ ਇਸ ਤੋਂ ਬਾਅਦ ਕਰੀਬ 10 ਸਾਲ ਵਿਭਾਗ ਮੁਖੀ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਤੋਂ ਇਲਾਵਾ ਉਹ 13 ਸਾਲ ਬੁਆਏਜ਼ ਹੋਸਟਲ ਦੇ ਸੀਨੀਅਰ ਵਾਰਡਨ ਵਜੋਂ ਵੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਹਨ।
ਉਨ੍ਹਾਂ ਦੇ ਕਾਰਜਕਾਲ ਦੌਰਾਨ ਬਿਜ਼ਨਸ ਸਟੱਡੀਜ਼ ਵਿਭਾਗ ਵੱਲੋਂ ਵਿੱਦਿਅਕ ਖੇਤਰ ਵਿੱਚ ਵੱਖ-ਵੱਖ ਉਪਰਾਲੇ ਕੀਤੇ ਗਏ ਅਤੇ ਵਿਭਾਗ ਨੇ ਆਪਣੀ ਵੱਖਰੀ ਪਛਾਣ ਬਣਾਈ। ਪਿਛਲੇ ਇੱਕ ਸਾਲ ਦੌਰਾਨ ਕੈਂਪਸ ਦੇ ਵਿਕਾਸ ਲਈ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਤੋਂ 2.50 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕਰਵਾਉਣ ਲਈ ਵੀ ਯਤਨ ਕੀਤੇ ਗਏ। ਇਸ ਰਾਸ਼ੀ ਵਿੱਚੋਂ ਕੈਂਪਸ ਦੇ ਮੁੱਖ ਗੇਟ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜਦਕਿ ਬਾਕੀ ਰਾਸ਼ੀ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਨਵੇਂ ਕੰਪਿਊਟਰ ਖਰੀਦਣ ਦੀ ਯੋਜਨਾ ਨੂੰ ਮਨਜ਼ੂਰੀ ਮਿਲੀ ਹੈ।
ਪ੍ਰੋ. ਅਮਨਦੀਪ ਸਿੰਘ ਦੀ ਇੱਕ ਸਾਲ ਲਈ ਮੁੜ ਨਿਯੁਕਤੀ ਨੂੰ ਕੈਂਪਸ ਦੇ ਪ੍ਰਬੰਧਕੀ ਅਤੇ ਵਿਕਾਸ ਕਾਰਜਾਂ ਦੀ ਨਿਰੰਤਰਤਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਲਾਕੇ ਦੀਆਂ ਵੱਖ-ਵੱਖ ਮੁਹਤਬਰ ਸ਼ਖ਼ਸੀਅਤਾਂ ਨੇ ਵੀ ਉਨ੍ਹਾਂ ਨੂੰ ਮੁੜ ਜ਼ਿੰਮੇਵਾਰੀ ਮਿਲਣ ’ਤੇ ਖੁਸ਼ੀ ਪ੍ਰਗਟਾਈ ਹੈ।









