ਸੰਗਤ ਹਸਪਤਾਲ ਵਿਖੇ ਅਪ੍ਰੇਸ਼ਨ ਹੋਏ ਸ਼ੁਰੂ
– 14 ਸਾਲ ਦੇ ਲੰਮੇ ਸਮੇਂ ਤੋਂ ਬਾਅਦ ਅੱਜ ਸਿਹਤ ਕੇਂਦਰ ਸੰਗਤ ਵਿਖੇ ਆਪਰੇਸ਼ਨ ਥੀਏਟਰ ਹੋਇਆ ਸ਼ੁਰੂ-
– ਡਾ ਵਿਰੇਸ਼ਵਰ ਚਾਵਲਾ ਤੇ ਡਾ ਅੰਕੂਸ਼ ਮੌਂਗਾ ਨੇ ਨਲਬੰਦੀ ਦੇ ਚਾਰ ਸਫਲ ਆਪਰੇਸ਼ਨ ਕੀਤੇ –

ਬਠਿੰਡਾ,3 ਅਪ੍ਰੈਲ (ਯ ਪ )
ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਕੌਸ਼ਲ ਦੇ ਉੱਦਮਾਂ ਸਦਕਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਪਾਮਿਲ ਬਾਂਸਲ ਦੀ ਪ੍ਰਧਾਨਗੀ ਹੇਠ 14 ਸਾਲ ਦੇ ਲੰਮੇ ਸਮੇਂ ਤੋਂ ਬਾਅਦ ਅੱਜ ਸਮੂਦਾਇਕ ਸਿਹਤ ਕੇਂਦਰ ਸੰਗਤ ਵਿਖੇ ਆਪਰੇਸ਼ਨ ਸ਼ੁਰੂ ਹੋਏ ਹਨ। ਅੱਜ ਸੰਗਤ ਹਸਪਤਾਲ ਵਿਖੇ ਸਰਜਨ ਡਾ ਵਿਰੇਸ਼ਵਰ ਚਾਵਲਾ ਅਤੇ ਸਰਜਨ ਡਾ ਅੰਕੂਸ਼ ਮੌਂਗਾ ਦੀ ਸਾਂਝੀ ਟੀਮ ਨੇ ਨਲਬੰਦੀ ਦੇ ਸਫਲਤਾਪੂਰਵਕ ਚਾਰ ਆਪਰੇਸ਼ਨ ਕੀਤੇ।
ਇਸ ਮੌਕੇ ਐਸ ਐਮ ਓ ਡਾ ਪਾਮਿਲ ਬਾਂਸਲ ਨੇ ਆਪਰੇਸ਼ਨ ਦੀ ਸ਼ੁਰੂਆਤ ਕਰਨ ਮੌਕੇ ਸਮੂਹ ਟੀਮ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਸੰਗਤ ਹਸਪਤਾਲ ਵਿੱਚ ਸਿਵਲ ਸਰਜਨ ਡਾ ਤਪਿੰਦਰਜੋਤ ਕੌਸ਼ਲ ਜੀ ਦੇ ਸਹਿਯੋਗ ਨਾਲ ਸੇਵਾਵਾਂ ਨੂੰ ਹੋਰ ਵੀ ਬਿਹਤਰ ਬਣਾਇਆ ਜਾ ਰਿਹਾ ਹੈ। ਜਿਸ ਲਈ ਏਮਜ ਬਠਿੰਡਾ ਦੀ ਮੈਡੀਕਲ ਟੀਮ ਵੱਲੋਂ ਵੀ ਸਹਿਯੋਗ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਸੰਗਤ ਹਸਪਤਾਲ ਵਿਚ ਸਟਾਫ ਦੀ ਘਾਟ ਤੇ ਹੋਰ ਕਾਰਨਾਂ ਕਰਕੇ ਲੰਮੇ ਸਮੇਂ ਤੋਂ ਆਪਰੇਸ਼ਨ ਥੀਏਟਰ ਬੰਦ ਪਿਆ ਸੀ। ਜਿਸ ਲਈ ਕਈ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਜ ਸਫਲਤਾ ਮਿਲੀ ਹੈ। ਉਹਨਾਂ ਕਿਹਾ ਕਿ ਸੰਗਤ ਹਸਪਤਾਲ ਵਿਖੇ ਮਹੀਨੇ ਦੇ ਹਰ ਪਹਿਲੇ ਅਤੇ ਤੀਜੇ ਵੀਰਵਾਰ ਨੂੰ ਨਲਬੰਦੀ ਦੇ ਕੇਸ ਕੀਤੇ ਜਾਣਗੇ। ਇਸ ਤੋਂ ਇਲਾਵਾ ਮਾਈਨਰ ਸਰਜਰੀ ਵੀ ਜਲਦ ਸ਼ੁਰੂ ਕਰ ਦਿਤੀਆਂ ਜਾਣਗੀਆਂ । ਜਿਸ ਦਾ ਲਾਭ ਪੇਂਡੂ ਖੇਤਰ ਦੋ ਲੋਕਾਂ ਨੂੰ ਮਿਲੇਗਾ । ਉਹਨਾਂ ਨੂੰ ਸਿਹਤ ਸਹੂਲਤਾਂ ਲਈ ਦੂਰ ਦਰਾਡੇ ਖੇਤਰਾਂ ਵਿੱਚ ਨਹੀਂ ਜਾਣਾ ਪਵੇਗਾ।
ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਗਤ ਹਸਪਤਾਲ ਵਿਖੇ ਹਰ ਮੰਗਲਵਾਰ ਅਤੇ ਵੀਰਵਾਰ ਨੂੰ ਅੱਖਾਂ ਦੇ ਮਾਹਰ ਡਾਕਟਰ, ਹਰ ਸ਼ਨੀਵਾਰ ਚਮੜੀ ਰੋਗਾਂ ਦੇ ਮਾਹਰ ਡਾਕਟਰ, ਸੋਮਵਾਰ ਤੇ ਮੰਗਲਵਾਰ ਨੂੰ ਐਮ ਡੀ ਮੈਡੀਸਨ ਤੋਂ ਇਲਾਵਾ ਮੈਡੀਕਲ ਅਫਸਰ ਸਰਜਨ ਸਾਰੇ ਦਿਨ ਉਪਲਬਧ ਹੁੰਦੇ ਹਨ। ਇਸ ਮੌਕੇ ਅੱਜ ਦੇ ਆਪਰੇਸ਼ਨ ਨੂੰ ਸਫਲ ਬਣਾਉਣ ਲਈ ਡਾ ਰੋਹਿਤ ਕੁਮਾਰ, ਜਗਰੂਪ ਸਿੰਘ, ਰਵਿੰਦਰਜੀਤ ਕੌਰ, ਜਸਵੀਰ ਕੌਰ, ਜਤਿੰਦਰ ਕੌਰ, ਪਰਮਿੰਦਰ ਸਿੰਘ, ਅਮਰਜੀਤ ਕੌਰ, ਸ਼ਿਵ ਕੁਮਾਰ ਆਦਿ ਸਟਾਫ ਨੇ ਸਹਿਯੋਗ ਦਿੱਤਾ।







