Home » State News » ਭਾਰਤ-ਅਮਰੀਕਾ ਵਪਾਰ ਵਾਰਤਾ ਵਿਰੁੱਧ ਬਲਾਕ ਸੰਗਤ ਦੇ ਵੱਖ-ਵੱਖ ਪਿੰਡਾਂ ‘ਚ ਮੀਟਿੰਗਾਂ

ਭਾਰਤ-ਅਮਰੀਕਾ ਵਪਾਰ ਵਾਰਤਾ ਵਿਰੁੱਧ ਬਲਾਕ ਸੰਗਤ ਦੇ ਵੱਖ-ਵੱਖ ਪਿੰਡਾਂ ‘ਚ ਮੀਟਿੰਗਾਂ

News Portal Development Companies In India

ਸੰਗਤ ਮੰਡੀ 12 ਅਗਸਤ(ਯ ਪ )ਭਾਰਤ ਅਮਰੀਕਾ ਵਪਾਰ ਵਾਰਤਾ ਨੂੰ ਸਿਰੇ ਚੜ੍ਹਾਉਣ ਲਈ ਮੋਦੀ ਹਕੂਮਤ ਵੱਲੋਂ ਕੀਤੀਆਂ ਜਾ ਰਹੀਆਂ ਪੇਸ਼ਬੰਦੀਆਂ ਖਿਲਾਫ ਮੁਹਿੰਮ ਤਹਿਤ ਅੱਜ ਲੋਕ ਮੋਰਚਾ ਪੰਜਾਬ ਵੱਲੋਂ ਸੰਗਤ ਬਲਾਕ ਦੇ ਪਿੰਡ ਕੋਟ ਗੁਰੂ, ਸੇਖੂ ਤੇ ਚੱਕ ਅਤਰ ਸਿੰਘ ਵਾਲਾ ਵਿਖੇ ਵਿੱਚ ਮੀਟਿੰਗਾਂ ਕੀਤੀਆਂ ਗਈਆ ਜਿਨ੍ਹਾਂ ਵਿੱਚ ਵੱਡੀ ਗਿਣਤੀ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ, ਜ਼ਿਲ੍ਹਾ ਕਮੇਟੀ ਮੈਂਬਰ ਪਰਮਜੀਤ ਕੌਰ, ਕਿਸਾਨ ਆਗੂ ਰਾਮ ਸਿੰਘ ਅਤੇ ਜਸਕਰਨ ਸਿੰਘ ਨੇ ਕਿਹਾ ਕਿ ਭਾਰਤ ਅਮਰੀਕਾ ਵਪਾਰ ਵਾਰਤਾ ਦੇ ਸਿਰੇ ਚੜ੍ਹਨ ਨਾਲ ਭਾਰਤ ਦੀ ਖੇਤੀ ਮੰਡੀ ਵਿਦੇਸ਼ੀ ਵਸਤਾਂ ਲਈ ਖੁੱਲ੍ਹ ਜਾਣੀ ਹੈ ਅਤੇ ਇਸ ਦੇ ਕਿਸਾਨਾਂ ਉੱਤੇ ਬਹੁਤ ਮਾਰੂ ਅਸਰ ਪੈਣੇ ਹਨ। ਸਨਅਤੀ ਵਸਤਾਂ ਦੇ ਮਾਮਲੇ ਵਿੱਚ ਇਹ ਮੰਡੀ ਪਹਿਲਾਂ ਹੀ ਖੋਹਲੀ ਜਾ ਚੁੱਕੀ ਹੈ ਤੇ ਹੁਣ ਇਸ ਵਾਰਤਾ ਸਦਕਾ ਹੋਰ ਸਨਅਤੀ ਵਸਤਾਂ ਦੀ ਦਰਾਮਦ ਹੋਣੀ ਹੈ ਅਤੇ ਸਾਡੀ ਪਹਿਲਾਂ ਹੀ ਸੋਕੜੇ ਦਾ ਸ਼ਿਕਾਰ ਸਨਅਤ ਨੇ ਹੋਰ ਮਰੁੰਡੇ ਜਾਣਾ ਹੈ।

ਵੱਡੀ ਪੱਧਰ ਤੇ ਛਾਂਟੀਆਂ ਹੋਣਗੀਆਂ ਅਤੇ ਬੇਰੁਜ਼ਗਾਰੀ ਵਿੱਚ ਵਾਧਾ ਹੋਵੇਗਾ। ਇਸ ਨੇ ਨਾ ਸਿਰਫ ਭਾਰਤੀ ਉਤਪਾਦਕਾਂ ਉੱਤੇ ਸਗੋਂ ਖਪਤਕਾਰਾਂ ਉੱਤੇ ਵੀ ਵਿਦੇਸ਼ੀ ਵਸਤਾਂ ਦੀ ਦਰਾਮਦ ਨੇ ਵੱਡੇ ਅਸਰ ਪਾਉਣੇ ਹਨ। ਪਹਿਲਾਂ ਖੇਤੀ ਖੇਤਰ ਅੰਦਰ ਸੇਬਾਂ ਦੀ ਦਰਾਮਦ ਨੇ ਹਿਮਾਚਲ ਅਤੇ ਕਸ਼ਮੀਰ ਦੇ ਸੇਬ ਉਤਪਾਦਕਾਂ ਉੱਤੇ ਬੇਹਦ ਮਾਰੂ ਅਸਰ ਪਾਇਆ ਹੈ। ਹੁਣ ਮੱਕੀ ਅਤੇ ਹੋਰ ਫਸਲੀ ਵਸਤਾਂ ਦੀ ਦਰਾਮਦ ਨੇ ਦੇਸ਼ ਦੇ ਬਾਕੀ ਹਿੱਸਿਆਂ ਦੇ ਕਿਸਾਨਾਂ ਨੂੰ ਵੀ ਕੰਗਾਲੀ ਦੇ ਮੂੰਹ ਧੱਕਣਾ ਹੈ ਤੇ ਭਾਰਤ ਦੇ ਖੇਤੀ ਸੰਕਟ ਨੂੰ ਹੋਰ ਵਿਸ਼ਾਲ ਕਰਨਾ ਹੈ।
ਆਗੂ ਨੇ ਕਿਹਾ ਕਿ ਇਹ ਸਮਝੌਤਾ ਵਾਰਤਾ ਪੂਰੀ ਤਰ੍ਹਾਂ ਸਾਮਰਾਜੀ ਦਬਾਅ ਅੱਗੇ ਲਿਫਕੇ ਅਤੇ ਦੇਸ਼ ਦੇ ਹਿੱਤਾਂ ਨੂੰ ਦਾਅ ਉੱਤੇ ਲਾ ਕੇ ਕੀਤੀ ਜਾ ਰਹੀ ਹੈ। ਇਸ ਦਾ ਮੰਤਵ ਭਾਰਤੀ ਖੇਤੀ ਮੰਡੀ ਨੂੰ ਸਾਮਰਾਜੀ ਲੁੱਟ ਲਈ ਪੜਾਅਵਾਰ ਖੋਹਲਣਾ ਹੈ। ਦੇਸ਼ ਦੇ ਬਹੁ ਗਿਣਤੀ ਲੋਕਾਂ ਦੇ ਹਿੱਤਾਂ ਦੀ ਕੀਮਤ ਦੇ ਕੇ ਬਦਲੇ ਵਿੱਚ ਮੁੱਠੀ ਭਰ ਵੱਡੇ ਕਾਰੋਬਾਰੀਆਂ ਲਈ ਵਿਦੇਸ਼ੀ ਮੰਡੀ ਦੀ ਰਸਾਈ ਹਾਸਿਲ ਕਰਨਾ ਹੈ। ਤੇਲ ਦੀ ਦਰਾਮਦ ਦੇ ਮਾਮਲੇ ਵਿੱਚ ਭਾਰਤ ਉੱਤੇ ਆਇਦ ਪਾਬੰਦੀਆਂ ਅਤੇ ਅਮਰੀਕਾ ਵੱਲੋਂ ਪਾਇਆ ਜਾ ਰਿਹਾ ਦਬਾਅ ਇਸ ਸੰਧੀ ਦਾ ਹੀ ਇੱਕ ਜੁੜਵਾਂ ਹਿੱਸਾ ਹੈ।
ਇਸ ਲਈ ਲੋਕਾਂ ਨੂੰ ਇਸ ਹੋਣ ਜਾ ਰਹੀ ਸੰਧੀ ਖਿਲਾਫ ਵੱਡੀ ਲਾਮਬੰਦੀ ਕਰਨ ਅਤੇ ਇਸ ਨੂੰ ਠੱਲ੍ਹਣ ਲਈ ਨਿਤਰਨਾ ਚਾਹੀਦਾ ਹੈ।
ਉਹਨਾਂ ਅੱਗੇ ਮੰਗ ਕੀਤੀ ਕਿ ਭਾਰਤ ਅਮਰੀਕਾ ਵਪਾਰ ਵਾਰਤਾ ਰੱਦ ਕੀਤੀ ਜਾਵੇ, ਸਾਮਰਾਜੀਆਂ ਨਾਲ ਹੋਈਆਂ ਪਹਿਲੀਆਂ ਸਾਰੀਆਂ ਅਣਸਾਂਵੀਆਂ ਸੰਧੀਆਂ ਅਤੇ ਸਮਝੌਤੇ ਰੱਦ ਕੀਤੇ ਜਾਣ ਅਤੇ ਭਾਰਤੀ ਹਾਕਮਾਂ ਵੱਲੋਂ ਸਾਮਰਾਜੀ ਦਬਾਅ ਅੱਗੇ ਲਿਫ਼ਣਾ ਬੰਦ ਕੀਤਾ ਜਾਵੇ। ਆਗੂਆਂ ਨੇ ਸਮੂਹ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ 18 ਅਗਸਤ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

Leave a Comment

Will the middle class get relief from the first general budget of Modi 3.0?