
ਸ਼੍ਰੀ ਮੁਕਤਸਰ ਸਾਹਿਬ, 14 ਸਤੰਬਰ(ਯੰਗ ਪੀਡੀਆ ਨਿਊਜ਼)
ਭਾਈ ਮਸਤਾਨ ਸਿੰਘ ਪਬਲਿਕ ਸਕੂਲ, ਸਸ਼੍ਰੀ ਮੁਕਤਸਰ ਸਾਹਿਬ ਵਿਖੇ ਅਧਿਆਪਕਾਂ ਦੇ ਹੁਨਰ ਵਿਕਾਸ, ਅਧਿਆਪਨ ਕੌਸ਼ਲਾਂ ਵਿੱਚ ਨਿਖਾਰ ,ਆਧੁਨਿਕ ਸਿੱਖਿਆਤਮਕ ਤਰੀਕਿਆਂ ਨੂੰ ਉਤਸ਼ਾਹਿਤ ਕਰਨ ਅਤੇ ਬੋਰਡ ਵਲੋਂ ਦਰਜ ਕੀਤੇ ਨਵੇਂ ਵਿਸ਼ੇ ਕੌਸ਼ਲ ਵਿਕਾਸ ਦੀਆਂ ਗਤੀਵਿਧੀਆਂ ਨੂੰ ਸਿਖਾਉਣ ਦੇ ਉਦੇਸ਼ ਨਾਲ ਸੀ.ਬੀ.ਐੱਸ.ਈ ਸਕਿੱਲ ਡਿਵੈਲਪਮੈਂਟ ਵਿਭਾਗ ਵਲੋਂ ਕੌਸ਼ਲ ਵਿਕਾਸ ਟ੍ਰੇਨਿੰਗ ਦਾ ਸਫ਼ਲ ਆਯੋਜਨ ਕੀਤਾ ਗਿਆ।ਇਸ ਟ੍ਰੇਨਿੰਗ ਦਾ ਸੰਚਾਲਨ ਜਾਂਚਣਾ ਚਾਵਲਾ ਅਤੇ ਕੰਵਲਜੀਤ ਕੌਰ ਵੱਲੋਂ ਕੀਤਾ ਗਿਆ। ਦੋਵਾਂ ਮਾਹਰਾਂ ਨੇ ਅਧਿਆਪਕਾਂ ਨਾਲ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਇੰਟਰਐਕਟਿਵ ਢੰਗ ਨਾਲ ਵਿਚਾਰ-ਵਟਾਂਦਰਾ ਕਰਦਿਆਂ ਆਧੁਨਿਕ ਅਧਿਆਪਨ ਵਿਧੀਆਂ, ਕਲਾਸਰੂਮ ਪ੍ਰਬੰਧਨ, ਵਿਦਿਆਰਥੀ-ਕੇਂਦਰਿਤ ਸਿੱਖਿਆ, ਪ੍ਰਭਾਵਸ਼ਾਲੀ ਸੰਚਾਰ ਅਤੇ ਅਧਿਆਪਕਾਂ ਦੇ ਨਿਰੰਤਰ ਪੇਸ਼ੇਵਰ ਵਿਕਾਸ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।ਟ੍ਰੇਨਿੰਗ ਦੌਰਾਨ ਵੱਖ-ਵੱਖ ਗਤੀਵਿਧੀਆਂ, ਵਿਹਾਰਕ ਉਦਾਹਰਣਾਂ, ਸਮੂਹ ਚਰਚਾ ਅਤੇ ਇੰਟਰਐਕਟਿਵ ਸੈਸ਼ਨਾਂ ਰਾਹੀਂ ਅਧਿਆਪਕਾਂ ਨੂੰ ਆਪਣੇ ਅਧਿਆਪਨ ਢੰਗ ਨੂੰ ਹੋਰ ਪ੍ਰਭਾਵਸ਼ਾਲੀ, ਰਚਨਾਤਮਕ ਅਤੇ ਵਿਦਿਆਰਥੀ-ਕੇਂਦਰਿਤ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ। ਅਧਿਆਪਕਾਂ ਨੇ ਪੂਰੇ ਉਤਸ਼ਾਹ ਅਤੇ ਸਰਗਰਮੀ ਨਾਲ ਇਸ ਟ੍ਰੇਨਿੰਗ ਵਿੱਚ ਭਾਗ ਲਿਆ ਅਤੇ ਸਕੂਲ ਦੇ ਪ੍ਰਿੰਸੀਪਲ ਮੁਨੀਸ਼ ਚੋਪੜਾ ਵੀ ਇਸ ਮੌਕੇ ਹਾਜ਼ਰ ਰਹੇ। ਉਨ੍ਹਾਂ ਨੇ ਮਾਹਰਾਂ ਵੱਲੋਂ ਕਰਵਾਈ ਗਈ ਟ੍ਰੇਨਿੰਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਟ੍ਰੇਨਿੰਗਾਂ ਅਧਿਆਪਕਾਂ ਦੀ ਪੇਸ਼ੇਵਰ ਸਮਰੱਥਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਬਦਲਦੇ ਸਿੱਖਿਆਤਮਕ ਮਾਹੌਲ ਦੇ ਅਨੁਕੂਲ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਮਾਹਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਟ੍ਰੇਨਿੰਗ ਬਹੁਤ ਹੀ ਗਿਆਨਵਰਧਕ, ਵਿਹਾਰਕ, ਪ੍ਰਭਾਵਸ਼ਾਲੀ ਅਤੇ ਅਧਿਆਪਕਾਂ ਲਈ ਲਾਭਦਾਇਕ ਰਹੀ।









