
ਫੋਟੋ ਕੈਪਸ਼ਨ : ਸਰਬਸੰਮਤੀ ਨਾਲ ਚੁਣੇ ਗਏ ਨਵ-ਨਿਯੁਕਤ ਅਹੁਦੇਦਾਰ ਸਰਪੰਚ
ਸੰਗਤ ਮੰਡੀ, 22 ਅਗਸਤ (ਚਰਨਜੀਤ ਮਛਾਣਾ) ਸਰਪੰਚ ਯੂਨੀਅਨ ਬਲਾਕ ਬਠਿੰਡਾ ਦੀ ਅਹਿਮ ਮੀਟਿੰਗ ਦੌਰਾਨ ਪਿੰਡ ਨਰੂਆਣਾ ਦੇ ਸਰਪੰਚ ਗੁਰਧਿਆਨ ਸਿੰਘ ਢਿੱਲੋਂ ਨੂੰ ਸਰਬਸੰਮਤੀ ਨਾਲ ਬਲਾਕ ਪ੍ਰਧਾਨ ਚੁਣ ਲਿਆ ਗਿਆ। ਚੋਣ ਪ੍ਰਕਿਰਿਆ ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਦੀ ਅਗਵਾਈ ਹੇਠ ਸ਼ਾਂਤੀਪੂਰਨ ਅਤੇ ਸਹਿਮਤੀ ਦੇ ਮਾਹੌਲ ਵਿੱਚ ਸੰਪੰਨ ਹੋਈ, ਜਿਸ ਵਿੱਚ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੇ ਭਾਗ ਲਿਆ।ਮੀਟਿੰਗ ਦੌਰਾਨ ਨਵੀਂ ਕਾਰਜਕਾਰਨੀ ਦਾ ਵੀ ਗਠਨ ਕੀਤਾ ਗਿਆ। ਇਸ ਵਿੱਚ ਰਾਜਵਿੰਦਰ ਸਿੰਘ ਸਰਪੰਚ, ਬੀੜ ਬਹਿਮਣ ਨੂੰ ਉਪ ਪ੍ਰਧਾਨ, ਗੁਰਦੇਵ ਸਿੰਘ ਸਰਪੰਚ, ਦਿਉਣ ਨੂੰ ਜਰਨਲ ਸਕੱਤਰ, ਕੰਚਨ ਸਰਪੰਚ, ਬੀੜ ਤਲਾਬ ਨਹਿਰ ਨੂੰ ਖਜ਼ਾਨਚੀ ਅਤੇ ਕਿਰਨ ਕੌਰ ਮਰਾੜ ਸਰਪੰਚ, ਫੂਸ ਮੰਡੀ ਨੂੰ ਮੀਡੀਆ ਸਲਾਹਕਾਰ ਦੀ ਜ਼ਿੰਮੇਵਾਰੀ ਸੌਂਪੀ ਗਈ।ਨਵ-ਨਿਯੁਕਤ ਪ੍ਰਧਾਨ ਗੁਰਧਿਆਨ ਸਿੰਘ ਢਿੱਲੋਂ ਨੇ ਸਰਪੰਚਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਅਹਿਮ ਅਤੇ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ, ਸਮਰਪਣ ਅਤੇ ਨਿਰਪੱਖਤਾ ਨਾਲ ਨਿਭਾਉਣ ਦਾ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਬਲਾਕ ਦੇ ਹਰ ਪਿੰਡ ਦੇ ਸਰਪੰਚ ਦੀ ਆਵਾਜ਼ ਨੂੰ ਪਹਿਲ ਦੇ ਆਧਾਰ ‘ਤੇ ਸੁਣਿਆ ਜਾਵੇਗਾ ਅਤੇ ਪੰਚਾਇਤਾਂ ਨੂੰ ਦਰਪੇਸ਼ ਪ੍ਰਸ਼ਾਸਨਿਕ ਜਾਂ ਵਿਕਾਸ ਸੰਬੰਧੀ ਮੁਸ਼ਕਿਲਾਂ ਦੇ ਹੱਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਪਿੰਡਾਂ ਦੇ ਵਿਕਾਸ, ਬੁਨਿਆਦੀ ਸਹੂਲਤਾਂ, ਸਫ਼ਾਈ, ਪੀਣ ਵਾਲੇ ਪਾਣੀ, ਗਲੀਆਂ-ਨਾਲੀਆਂ ਅਤੇ ਸਰਕਾਰੀ ਯੋਜਨਾਵਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਲਈ ਸਰਪੰਚ ਯੂਨੀਅਨ ਇੱਕ ਮਜ਼ਬੂਤ ਪੁਲ ਵਜੋਂ ਕੰਮ ਕਰੇਗੀ। ਉਨ੍ਹਾਂ ਨੇ ਸਾਰੇ ਸਰਪੰਚਾਂ ਨੂੰ ਇਕਜੁੱਟ ਹੋ ਕੇ ਪਿੰਡਾਂ ਦੀ ਤਰੱਕੀ ਲਈ ਕੰਮ ਕਰਨ ਦਾ ਸੱਦਾ ਵੀ ਦਿੱਤਾ।ਇਸ ਮੌਕੇ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਨੇ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਪੰਚ ਪਿੰਡਾਂ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਪਹਿਲ ਹੋਣੀ ਚਾਹੀਦੀ ਹੈ। ਉਨ੍ਹਾਂ ਉਮੀਦ ਜਤਾਈ ਕਿ ਨਵੀਂ ਕਾਰਜਕਾਰਨੀ ਆਪਸੀ ਤਾਲਮੇਲ ਨਾਲ ਪਿੰਡਾਂ ਦੇ ਵਿਕਾਸ ਨੂੰ ਹੋਰ ਗਤੀ ਦੇਵੇਗੀ।ਮੀਟਿੰਗ ਦੌਰਾਨ ਹਾਜ਼ਰ ਸਰਪੰਚਾਂ ਨੇ ਵੀ ਨਵ-ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਭਰੋਸਾ ਦਵਾਇਆ ਕਿ ਉਹ ਯੂਨੀਅਨ ਨੂੰ ਮਜ਼ਬੂਤ ਬਣਾਉਣ ਅਤੇ ਪੰਚਾਇਤੀ ਹਿੱਤਾਂ ਦੀ ਰੱਖਿਆ ਲਈ ਹਰ ਸੰਭਵ ਸਹਿਯੋਗ ਦੇਣਗੇ। ਇਸ ਮੌਕੇ ਬਲਾਕ ਬਠਿੰਡਾ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚ ਵੱਡੀ ਗਿਣਤੀ ‘ਚ ਮੌਜੂਦ ਸਨ।









