ਐਚਐਮਈਐਲ ਅਤੇ ਸੀਐਸਆਰਐਲ ਦੇ ਨੈਸ਼ਨਲ ਸੁਪਰ 100 ਪ੍ਰੋਗਰਾਮ ਤਹਿਤ 2026-27 ਲਈ 10 ਵਿਦਿਆਰਥੀਆਂ ਦੀ ਚੋਣ
ਸਧਾਰਨ ਪਰਿਵਾਰਾਂ ਦੇ 5 ਹੋਣਹਾਰ ਬੱਚਿਆਂ ਨੇ ਐਨਆਈਟੀ ਸਮੇਤ ਉੱਚ ਸਿੱਖਿਆ ਸੰਸਥਾਵਾਂ ਵਿੱਚ ਬਣਾਈ ਥਾਂ
“ਮਜ਼ਦੂਰ ਪਰਿਵਾਰ ਦਾ ਪੁੱਤਰ ਬਣੇਗਾ ਆਰਟੀਫਿਸ਼ੀਅਲ ਇੰਟੈਲੀਜੈਂਸ ਇੰਜੀਨੀਅਰ, ਸਧਾਰਨ ਪਰਿਵਾਰ ਦਾ ਪੁੱਤਰ ਬਣੇਗਾ ਸਿਵਲ ਇੰਜੀਨੀਅਰ”

ਬਠਿੰਡ,30 ਅਗਸਤ (ਗੁਰਸੇਵਕ ਚੁੱਘੇ ਖੁਰਦ )ਕਦੇ ਮਹਿੰਗੀ ਕੋਚਿੰਗ ਅਤੇ ਸੀਮਤ ਆਰਥਿਕ ਸਾਧਨਾਂ ਕਾਰਨ ਜਿਨ੍ਹਾਂ ਬੱਚਿਆਂ ਲਈ ਇੰਜੀਨੀਅਰ ਬਣਨ ਦਾ ਸੁਪਨਾ ਬਹੁਤ ਦੂਰ ਦੀ ਗੱਲ ਲੱਗਦਾ ਸੀ, ਅੱਜ ਉਹੀ ਬੱਚੇ ਦੇਸ਼ ਦੇ ਪ੍ਰਸਿੱਧ ਤਕਨੀਕੀ ਸਿੱਖਿਆ ਸੰਸਥਾਨਾਂ ਵੱਲ ਆਪਣੇ ਕਦਮ ਵਧਾ ਰਹੇ ਹਨ। ਐਚਐਮਈਐਲ ਅਤੇ ਸੀਐਸਆਰਐਲ ਦੀ ਸਾਂਝੇਦਾਰੀ ਨਾਲ ਚਲਾਏ ਜਾ ਰਹੇ ਨੈਸ਼ਨਲ ਸੁਪਰ 100 ਪ੍ਰੋਗਰਾਮ ਤਹਿਤ ਮੁਫ਼ਤ ਜੇਈਈ ਕੋਚਿੰਗ ਪ੍ਰਾਪਤ ਕਰਨ ਵਾਲੇ 5 ਹੋਣਹਾਰ ਵਿਦਿਆਰਥੀਆਂ ਨੇ ਐਨਆਈਟੀ ਸਮੇਤ ਪ੍ਰਸਿੱਧ ਉੱਚ ਸਿੱਖਿਆ ਸੰਸਥਾਨਾਂ ਵਿੱਚ ਦਾਖ਼ਲਾ ਹਾਸਲ ਕਰਕੇ ਆਪਣੇ ਪਰਿਵਾਰਾਂ ਦੇ ਸੁਪਨਿਆਂ ਨੂੰ ਨਵੀਂ ਦਿਸ਼ਾ ਦਿੱਤੀ ਹੈ।
ਇਨ੍ਹਾਂ ਵਿੱਚ ਫਾਜ਼ਿਲਕਾ ਦੇ ਅਭੈ ਸਾਮਾ ਅਤੇ ਅਬੋਹਰ ਦੇ ਅਜੈ ਕੁਮਾਰ ਦਾ ਕ੍ਰਮਵਾਰ ਐਨਆਈਟੀ ਜਲੰਧਰ ਵਿੱਚ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਅਤੇ ਸਿਵਲ ਇੰਜੀਨੀਅਰਿੰਗ ਵਿੱਚ ਦਾਖ਼ਲਾ ਹੋਇਆ ਹੈ। ਇਸੇ ਤਰ੍ਹਾਂ ਪ੍ਰਭਜੋਤ ਸਿੰਘ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਫਾਜ਼ਿਲਕਾ ਦੀ ਕ੍ਰਿਸ਼ਨਾ ਬਾਈ ਦਾ ਸਰਕਾਰੀ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿੱਚ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਅਤੇ ਬਠਿੰਡਾ ਦੇ ਅਨਮੋਲਪ੍ਰੀਤ ਸਿੰਘ ਦਾ ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿੱਚ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਲਈ ਦਾਖ਼ਲਾ ਹੋਇਆ ਹੈ।
ਸਾਲ 2025 ਵਿੱਚ ਕਰਵਾਈ ਗਈ ਨੈਸ਼ਨਲ ਸੁਪਰ 100 ਦਾਖ਼ਲਾ ਪ੍ਰੀਖਿਆ ਰਾਹੀਂ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਹੋਈ ਸੀ। ਚੋਣ ਤੋਂ ਬਾਅਦ ਇਨ੍ਹਾਂ ਨੂੰ ਦਿੱਲੀ ਸਥਿਤ ਸੀਐਸਆਰਐਲ ਕੇਂਦਰ ਵਿਖੇ ਭੇਜਿਆ ਗਿਆ, ਜਿੱਥੇ ਦੇਸ਼ ਦੇ ਤਜ਼ਰਬੇਕਾਰ ਅਧਿਆਪਕਾਂ ਦੀ ਰਹਿਨੁਮਾਈ ਹੇਠ ਜੇਈਈ ਮੇਨਜ਼ ਅਤੇ ਐਡਵਾਂਸ ਦੀ ਤਿਆਰੀ ਕਰਵਾਈ ਗਈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹੋਣਹਾਰ ਵਿਦਿਆਰਥੀਆਂ ਨਾਲ ਪੜ੍ਹਦਿਆਂ ਇਨ੍ਹਾਂ ਵਿਦਿਆਰਥੀਆਂ ਨੇ ਨਾ ਸਿਰਫ਼ ਪ੍ਰੀਖਿਆ ਦੀ ਤਿਆਰੀ ਕੀਤੀ, ਸਗੋਂ ਆਪਣੇ ਅੰਦਰ ਆਤਮ-ਵਿਸ਼ਵਾਸ ਵੀ ਪੈਦਾ ਕੀਤਾ। ਪਿਛਲੇ ਚਾਰ ਸਾਲਾਂ ਤੋਂ ਚਲ ਰਹੀ ਇਸ ਪਹਿਲਕਦਮੀ ਰਾਹੀਂ ਹੁਣ ਤੱਕ 14 ਵਿਦਿਆਰਥੀ ਐਨਆਈਟੀ, ਆਈਆਈਟੀ ਸਮੇਤ ਵੱਖ-ਵੱਖ ਪ੍ਰਸਿੱਧ ਉੱਚ ਇੰਜੀਨੀਅਰਿੰਗ ਸੰਸਥਾਨਾਂ ਵਿੱਚ ਦਾਖ਼ਲਾ ਹਾਸਲ ਕਰ ਚੁੱਕੇ ਹਨ।
2026-27 ਲਈ ਨੈਸ਼ਨਲ ਸੁਪਰ 100 ਪ੍ਰੋਗਰਾਮ ਤਹਿਤ 10 ਵਿਦਿਆਰਥੀਆਂ ਦੀ ਚੋਣ
ਸਾਲ 2026-27 ਲਈ ਨੈਸ਼ਨਲ ਸੁਪਰ 100 ਪ੍ਰੋਗਰਾਮ ਤਹਿਤ 10 ਵਿਦਿਆਰਥੀਆਂ ਨੂੰ ਜੇਈਈ ਦੀ 11 ਮਹੀਨੇ ਦੀ ਮੁਫ਼ਤ ਰਿਹਾਇਸ਼ੀ ਕੋਚਿੰਗ ਲਈ ਦਿੱਲੀ ਭੇਜਿਆ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਵਿੱਚ ਬਠਿੰਡਾ ਦੇ ਪਿੰਡ ਘੁੱਦਾ ਤੋਂ ਮਹਿਕ, ਸੰਗਰੂਰ ਦੇ ਪਿੰਡ ਮੂਲੋਵਾਲ ਤੋਂ ਵਾਰਿਸ ਸਿੰਘ, ਫਾਜ਼ਿਲਕਾ ਦੇ ਲੱਖੇਵਾਲੀ ਢਾਬ ਤੋਂ ਨਰਿੰਦਰ ਸਿੰਘ, ਮਲੋਟ ਤੋਂ ਰਾਜਨਦੀਪ ਕੌਰ, ਫਾਜ਼ਿਲਕਾ ਦੇ ਹਲੀਮਵਾਲਾ ਤੋਂ ਕਿਰਨ ਰਾਣੀ, ਬਠਿੰਡਾ ਤੋਂ ਯਾਸ਼ਿਕਾ, ਫਿਰੋਜ਼ਪੁਰ ਦੇ ਗੁਰੂਹਰਸਹਾਏ ਤੋਂ ਨਵਨੀਤ ਕੌਰ, ਬਠਿੰਡਾ ਦੇ ਲਹਿਰਾ ਮੁਹੱਬਤ ਤੋਂ ਸੁਖਮਨੀ ਕੌਰ, ਬਠਿੰਡਾ ਵਾਸੀ ਲਵਲੀਨ ਅਤੇ ਪਿੰਡ ਹਰਰਾਇਪੁਰ ਤੋਂ ਦਿਲਪ੍ਰੀਤ ਕੌਰ ਸ਼ਾਮਲ ਹਨ।
ਇਨ੍ਹਾਂ ਵਿਦਿਆਰਥੀਆਂ ਦੀ ਚੋਣ ਮੁਕਾਬਲਾ ਪ੍ਰੀਖਿਆ ਵਿੱਚ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਕੀਤੀ ਗਈ ਹੈ। ਹੁਣ ਇਹ ਵਿਦਿਆਰਥੀ ਦਿੱਲੀ ਵਿੱਚ ਰਹਿ ਕੇ ਤਜ਼ਰਬੇਕਾਰ ਅਧਿਆਪਕਾਂ ਦੀ ਰਹਿਨੁਮਾਈ ਹੇਠ ਜੇਈਈ ਦੀ ਤਿਆਰੀ ਕਰਨਗੇ ਅਤੇ ਦੇਸ਼ ਦੇ ਪ੍ਰਸਿੱਧ ਤਕਨੀਕੀ ਸੰਸਥਾਨਾਂ ਵਿੱਚ ਦਾਖ਼ਲੇ ਲਈ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਕਦਮ ਵਧਾਉਣਗੇ।
“ਇੱਕ ਏਕੜ ਜ਼ਮੀਨ ਵਾਲੇ ਪਰਿਵਾਰ ਦਾ ਪੁੱਤਰ ਵੀ ਮਿਹਨਤ ਦੇ ਬਲਬੂਤੇ ਐਨਆਈਟੀ ਪਹੁੰਚਿਆ”
ਫਾਜ਼ਿਲਕਾ ਦੇ ਪਿੰਡ ਜੰਡਵਾਲਾ ਵਾਸੀ ਅਭੈ ਸਾਮਾ ਦੀ ਕਹਾਣੀ ਇਸ ਪਹਿਲਕਦਮੀ ਦੇ ਪ੍ਰਭਾਵ ਨੂੰ ਬਹੁਤ ਨੇੜਿਓਂ ਦਰਸਾਉਂਦੀ ਹੈ। ਪਰਿਵਾਰ ਦੀ ਕਮਜ਼ੋਰ ਆਰਥਿਕ ਸਥਿਤੀ ਕਾਰਨ ਅਭੈ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਸਕੇਗਾ। ਉਸਦੇ ਪਿਤਾ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ ਅਤੇ ਪਰਿਵਾਰ ਦੀ ਜ਼ਿੰਮੇਵਾਰੀ ਮੁੱਖ ਤੌਰ ’ਤੇ ਉਸਦੀ ਮਾਤਾ ਦੇ ਮੋਢਿਆਂ ’ਤੇ ਹੈ। ਪਰਿਵਾਰ ਕੋਲ ਸਿਰਫ਼ ਇੱਕ ਏਕੜ ਜ਼ਮੀਨ ਹੈ। ਅਜਿਹੇ ਵਿੱਚ ਮਹਿੰਗੀ ਕੋਚਿੰਗ ਦਾ ਖਰਚਾ ਚੁੱਕਣਾ ਪਰਿਵਾਰ ਲਈ ਸੰਭਵ ਨਹੀਂ ਸੀ।
ਇਸ ਮੁਸ਼ਕਲ ਹਾਲਾਤ ਵਿੱਚ ਨੈਸ਼ਨਲ ਸੁਪਰ 100 ਪ੍ਰੋਗਰਾਮ ਅਭੈ ਲਈ ਉਮੀਦ ਦੀ ਕਿਰਨ ਬਣ ਕੇ ਆਇਆ। ਚੋਣ ਤੋਂ ਬਾਅਦ ਦਿੱਲੀ ਵਿੱਚ ਮਿਲੀ ਮੁਫ਼ਤ ਕੋਚਿੰਗ ਅਤੇ ਤਜ਼ਰਬੇਕਾਰ ਅਧਿਆਪਕਾਂ ਦੀ ਰਹਿਨੁਮਾਈ ਨੇ ਉਸਦੇ ਸੁਪਨੇ ਨੂੰ ਨਵੀਂ ਦਿਸ਼ਾ ਦਿੱਤੀ। ਸਖ਼ਤ ਮਿਹਨਤ ਦੇ ਬਲਬੂਤੇ ਉਸਨੇ ਐਨਆਈਟੀ ਜਲੰਧਰ ਵਿੱਚ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਵਿੱਚ ਦਾਖ਼ਲਾ ਹਾਸਲ ਕਰ ਲਿਆ।
ਅਬੋਹਰ ਵਾਸੀ ਅਜੈ ਕੁਮਾਰ ਨੇ ਵੀ ਇਸੇ ਪ੍ਰੋਗਰਾਮ ਰਾਹੀਂ ਆਪਣੇ ਸੁਪਨੇ ਨੂੰ ਮੰਜ਼ਿਲ ਵੱਲ ਲਿਜਾਇਆ। ਆਰਥਿਕ ਸੀਮਾਵਾਂ ਦੇ ਬਾਵਜੂਦ ਉਸਨੇ ਪੜ੍ਹਾਈ ਪ੍ਰਤੀ ਆਪਣਾ ਸਮਰਪਣ ਕਾਇਮ ਰੱਖਿਆ ਅਤੇ ਦਿੱਲੀ ਵਿੱਚ ਮੁਫ਼ਤ ਜੇਈਈ ਤਿਆਰੀ ਦਾ ਲਾਭ ਲਿਆ। ਉਸਦੀ ਮਿਹਨਤ ਰੰਗ ਲਿਆਈ ਅਤੇ ਉਸਦਾ ਐਨਆਈਟੀ ਜਲੰਧਰ ਵਿੱਚ ਸਿਵਲ ਇੰਜੀਨੀਅਰਿੰਗ ਲਈ ਦਾਖ਼ਲਾ ਹੋਇਆ। ਉਸਦੇ ਲਈ ਇਹ ਉਪਲਬਧੀ ਸਿਰਫ਼ ਇੱਕ ਪ੍ਰਸਿੱਧ ਸੰਸਥਾਨ ਵਿੱਚ ਦਾਖ਼ਲਾ ਨਹੀਂ, ਸਗੋਂ ਪਰਿਵਾਰ ਦੀਆਂ ਉਨ੍ਹਾਂ ਉਮੀਦਾਂ ਦੀ ਪੂਰਤੀ ਹੈ, ਜਿਨ੍ਹਾਂ ਨੂੰ ਸੀਮਤ ਸਾਧਨਾਂ ਕਾਰਨ ਕਦੇ ਪੂਰਾ ਕਰਨਾ ਮੁਸ਼ਕਲ ਦਿਖਾਈ ਦਿੰਦਾ ਸੀ।
ਮਜ਼ਦੂਰ ਪਰਿਵਾਰ ਦੇ ਪੁੱਤਰ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਵੱਲ ਵਧਾਇਆ ਕਦਮ
ਪਿੰਡ ਪੂਹਲੀ, ਬਠਿੰਡਾ ਦੇ ਪ੍ਰਭਜੋਤ ਸਿੰਘ ਦੀ ਕਹਾਣੀ ਸੰਘਰਸ਼, ਦ੍ਰਿੜ੍ਹ ਇਰਾਦੇ ਅਤੇ ਆਤਮ-ਵਿਸ਼ਵਾਸ ਦੀ ਕਹਾਣੀ ਹੈ। ਮਜ਼ਦੂਰੀ ਕਰਨ ਵਾਲੇ ਪਿਤਾ ਦੇ ਪੁੱਤਰ ਪ੍ਰਭਜੋਤ ਦਾ ਸੁਪਨਾ ਇੰਜੀਨੀਅਰ ਬਣਨ ਦਾ ਸੀ, ਪਰ ਪਰਿਵਾਰ ਦੀ ਆਰਥਿਕ ਸਥਿਤੀ ਮਹਿੰਗੀ ਕੋਚਿੰਗ ਦੀ ਇਜਾਜ਼ਤ ਨਹੀਂ ਦਿੰਦੀ ਸੀ।
ਉਸਨੇ ਨੈਸ਼ਨਲ ਸੁਪਰ 100 ਦੀ ਦਾਖ਼ਲਾ ਪ੍ਰੀਖਿਆ ਲਈ ਅਰਜ਼ੀ ਦਿੱਤੀ ਅਤੇ ਚੁਣੇ ਜਾਣ ਤੋਂ ਬਾਅਦ ਦਿੱਲੀ ਵਿੱਚ ਮੁਫ਼ਤ ਕੋਚਿੰਗ ਪ੍ਰਾਪਤ ਕੀਤੀ। ਦੇਸ਼ ਭਰ ਤੋਂ ਆਏ ਹੋਣਹਾਰ ਵਿਦਿਆਰਥੀਆਂ ਨਾਲ ਪੜ੍ਹਨ ਅਤੇ ਤਜ਼ਰਬੇਕਾਰ ਅਧਿਆਪਕਾਂ ਤੋਂ ਰਹਿਨੁਮਾਈ ਮਿਲਣ ਨਾਲ ਉਸਦੇ ਆਤਮ-ਵਿਸ਼ਵਾਸ ਨੂੰ ਨਵੀਂ ਮਜ਼ਬੂਤੀ ਮਿਲੀ। ਅੱਜ ਉਸਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਲਈ ਦਾਖ਼ਲਾ ਹੋਇਆ ਹੈ। ਉਹ ਆਪਣੇ ਪਰਿਵਾਰ ਵਿੱਚ ਇੰਜੀਨੀਅਰਿੰਗ ਦੇ ਖੇਤਰ ਵੱਲ ਵਧਣ ਵਾਲਾ ਪਹਿਲਾ ਮੈਂਬਰ ਬਣਨ ਜਾ ਰਿਹਾ ਹੈ।
ਇੱਕ ਮੌਕੇ ਨੇ ਬਦਲੀ ਅਨਮੋਲਪ੍ਰੀਤ ਦੀ ਸੋਚ
ਅਨਮੋਲਪ੍ਰੀਤ ਸਿੰਘ ਦੀ ਕਹਾਣੀ ਦੱਸਦੀ ਹੈ ਕਿ ਸਹੀ ਮੌਕਾ ਕਿਸੇ ਵਿਦਿਆਰਥੀ ਦੀ ਸੋਚ ਅਤੇ ਪੂਰੀ ਜ਼ਿੰਦਗੀ ਦੀ ਦਿਸ਼ਾ ਬਦਲ ਸਕਦਾ ਹੈ। ਪਰਸ ਰਾਮ ਨਗਰ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਅਨਮੋਲਪ੍ਰੀਤ ਨੂੰ ਸ਼ੁਰੂ ਵਿੱਚ ਇਹ ਜਾਣਕਾਰੀ ਵੀ ਨਹੀਂ ਸੀ ਕਿ ਇੰਜੀਨੀਅਰ ਬਣਨ ਲਈ ਜੇਈਈ ਵਰਗੀ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਹੁੰਦੀ ਹੈ।
ਸਕੂਲ ਵਿੱਚ ਕਰਵਾਈ ਗਈ ਸੁਪਰ 100 ਪ੍ਰੀਖਿਆ ਵਿੱਚ ਹਿੱਸਾ ਲੈਣ ਤੋਂ ਬਾਅਦ ਉਸਦੀ ਚੋਣ ਹੋਈ ਅਤੇ ਉਸਨੂੰ ਦਿੱਲੀ ਵਿੱਚ ਦੇਸ਼ ਭਰ ਤੋਂ ਆਏ ਹੋਣਹਾਰ ਵਿਦਿਆਰਥੀਆਂ ਨਾਲ ਪੜ੍ਹਨ ਦਾ ਮੌਕਾ ਮਿਲਿਆ। ਇਸ ਤਜ਼ਰਬੇ ਨੇ ਉਸਦੇ ਗਿਆਨ ਦੇ ਨਾਲ-ਨਾਲ ਆਤਮ-ਵਿਸ਼ਵਾਸ ਨੂੰ ਵੀ ਵਧਾਇਆ। ਅੱਜ ਉਸਦਾ ਪੰਜਾਬ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿੱਚ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਲਈ ਦਾਖ਼ਲਾ ਹੋਇਆ ਹੈ।
ਫਾਜ਼ਿਲਕਾ ਦੀ ਕ੍ਰਿਸ਼ਨਾ ਬਾਈ ਨੇ ਵੀ ਆਪਣੀ ਮਿਹਨਤ ਅਤੇ ਮਿਲੇ ਮੌਕੇ ਦਾ ਪੂਰਾ ਲਾਭ ਉਠਾਉਂਦਿਆਂ ਸਰਕਾਰੀ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿੱਚ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿੱਚ ਦਾਖ਼ਲਾ ਹਾਸਲ ਕੀਤਾ ਹੈ। ਉਸਦੀ ਸਫ਼ਲਤਾ ਇਹ ਦਰਸਾਉਂਦੀ ਹੈ ਕਿ ਪ੍ਰਤਿਭਾ ਕਿਸੇ ਸ਼ਹਿਰ ਜਾਂ ਸਹੂਲਤ-ਸੰਪੰਨ ਪਿਛੋਕੜ ਦੀ ਮੁਹਤਾਜ ਨਹੀਂ ਹੁੰਦੀ। ਜੇਕਰ ਉਸਨੂੰ ਸਹੀ ਮੰਚ, ਮਾਰਗਦਰਸ਼ਨ ਅਤੇ ਮੌਕਾ ਮਿਲੇ ਤਾਂ ਉਹ ਆਪਣੀ ਪਛਾਣ ਖ਼ੁਦ ਬਣਾ ਸਕਦੀ ਹੈ।









