ਕਦੇ ਮਨੋਰੰਜਨ ਦਾ ਇੱਕੋ-ਇੱਕ ਸਾਧਨ ਸੀ ਰੇਡੀਓ, ਟੈਲੀਵਿਜ਼ਨ ਨੇ ਪਿੱਛੇ ਧੱਕਿਆ, ਹੁਣ ਸਮਾਰਟਫੋਨ ਤੇ ਨਵੀਂ ਤਕਨਾਲੋਜੀ ਨੇ ਦਿੱਤੀ ਨਵੀਂ ਜ਼ਿੰਦਗੀ

ਕਦੇ ਉਹ ਵੀ ਸਮਾਂ ਸੀ ਜਦੋਂ ਘਰ-ਘਰ ਵਿੱਚ ਰੇਡੀਓ ਦੀ ਆਵਾਜ਼ ਸੁਣਾਈ ਦਿੰਦੀ ਸੀ ਅਤੇ ਮਨੋਰੰਜਨ ਤੋਂ ਲੈ ਕੇ ਦੇਸ਼-ਦੁਨੀਆਂ ਦੀਆਂ ਖ਼ਬਰਾਂ ਤੱਕ ਲੋਕਾਂ ਦੀ ਨਿਰਭਰਤਾ ਰੇਡੀਓ ’ਤੇ ਹੀ ਹੁੰਦੀ ਸੀ। ਸਾਲ 1975-76 ਤੱਕ ਰੇਡੀਓ ਮਨੋਰੰਜਨ ਅਤੇ ਜਾਣਕਾਰੀ ਦਾ ਪ੍ਰਮੁੱਖ ਸਾਧਨ ਮੰਨਿਆ ਜਾਂਦਾ ਸੀ। ਪਰ ਇਸ ਤੋਂ ਬਾਅਦ ਟੈਲੀਵਿਜ਼ਨ ਦੀ ਵਧਦੀ ਪਹੁੰਚ ਨੇ ਰੇਡੀਓ ਦੀ ਲੋਕਪ੍ਰਿਅਤਾ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕੀਤਾ ਅਤੇ ਹੌਲੀ-ਹੌਲੀ ਰੇਡੀਓ ਲੋਕਾਂ ਦੇ ਘਰਾਂ ਵਿੱਚੋਂ ਪਿੱਛੇ ਹੁੰਦਾ ਗਿਆ।
ਪਰ ਅੱਜ ਦੇ ਡਿਜ਼ੀਟਲ ਯੁੱਗ ਵਿੱਚ ਰੇਡੀਓ ਇੱਕ ਨਵੇਂ ਰੂਪ ਵਿੱਚ ਮੁੜ ਲੋਕਾਂ ਦੀ ਪਸੰਦ ਬਣਦਾ ਨਜ਼ਰ ਆ ਰਿਹਾ ਹੈ। ਹੁਣ ਰੇਡੀਓ ਸੁਣਨ ਲਈ ਵੱਡਾ ਸੈੱਟ ਰੱਖਣ ਦੀ ਲੋੜ ਨਹੀਂ ਰਹੀ। ਸਮਾਰਟਫੋਨ, ਇੰਟਰਨੈੱਟ ਅਤੇ ਆਧੁਨਿਕ ਛੋਟੇ ਰੇਡੀਓ ਸੈੱਟਾਂ ਨੇ ਇਸ ਪੁਰਾਣੇ ਮਨੋਰੰਜਨ ਸਾਧਨ ਨੂੰ ਨਵੀਂ ਤਕਨਾਲੋਜੀ ਨਾਲ ਜੋੜ ਦਿੱਤਾ ਹੈ। ਬਾਜ਼ਾਰ ਵਿੱਚ ਆ ਰਹੇ ਨਵੇਂ ਬਲੂਟੁੱਥ ਵਾਲੇ ਰੇਡੀਓ ਖਾਸ ਤੌਰ ’ਤੇ ਲੋਕਾਂ ਦੀ ਪਸੰਦ ਬਣ ਰਹੇ ਹਨ। ਇਨ੍ਹਾਂ ਵਿੱਚ ਰੇਡੀਓ ਸੁਣਨ ਦੇ ਨਾਲ-ਨਾਲ ਮੋਬਾਈਲ ਫੋਨ ਨਾਲ ਜੋੜ ਕੇ ਗਾਣੇ ਅਤੇ ਹੋਰ ਆਡੀਓ ਸਮੱਗਰੀ ਸੁਣਨ ਦੀ ਸਹੂਲਤ ਵੀ ਮਿਲ ਜਾਂਦੀ ਹੈ। ਛੋਟਾ ਆਕਾਰ, ਆਸਾਨ ਵਰਤੋਂ ਅਤੇ ਬੈਟਰੀ ਨਾਲ ਚੱਲਣ ਦੀ ਸਹੂਲਤ ਇਨ੍ਹਾਂ ਨੂੰ ਹੋਰ ਵੀ ਸੁਵਿਧਾਜਨਕ ਬਣਾਉਂਦੀ ਹੈ। ਰੇਡੀਓ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਨੂੰ ਸੁਣਨ ਲਈ ਅੱਖਾਂ ਦੀ ਲੋੜ ਨਹੀਂ ਪੈਂਦੀ। ਇਸ ਕਾਰਨ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨਾਂ, ਦੁਕਾਨਦਾਰਾਂ, ਮਜ਼ਦੂਰਾਂ, ਕਾਰੀਗਰਾਂ ਅਤੇ ਹੋਰ ਹੱਥੀਂ ਕਿਰਤ ਕਰਨ ਵਾਲੇ ਲੋਕਾਂ ਲਈ ਰੇਡੀਓ ਅੱਜ ਵੀ ਮਨੋਰੰਜਨ ਦਾ ਸੌਖਾ ਸਾਧਨ ਬਣਿਆ ਹੋਇਆ ਹੈ। ਕੰਮ ਕਰਦੇ ਹੋਏ ਖ਼ਬਰਾਂ, ਗੀਤ, ਗੱਲਬਾਤ ਅਤੇ ਹੋਰ ਪ੍ਰੋਗਰਾਮ ਸੁਣੇ ਜਾ ਸਕਦੇ ਹਨ। ਪੁਰਾਣੇ ਸਮੇਂ ਦੇ ਰੇਡੀਓ ਵਿੱਚ ਜਿੱਥੇ ਮੀਡੀਅਮ ਵੇਵ ਅਤੇ ਸ਼ਾਰਟ ਵੇਵ ਸੁਣਨ ਦਾ ਰਿਵਾਜ਼ ਸੀ, ਉੱਥੇ ਅੱਜ ਐੱਫ਼ਐੱਮ ਰੇਡੀਓ ਨੇ ਆਪਣੀ ਵੱਖਰੀ ਥਾਂ ਬਣਾਈ ਹੈ। ਲੋਕ ਸਾਫ਼ ਅਤੇ ਬਿਹਤਰ ਆਵਾਜ਼ ਕਾਰਨ ਐੱਫਐੱਮ ਚੈੱਨਲ ਸੁਣਨਾ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਨਵੇਂ ਕਿਸਮ ਦੇ ਡਿਜ਼ੀਟਲ ਸਿਗਨਲ ਪ੍ਰੋਸੈਸਿੰਗ (DSP) ਵਾਲੇ ਰੇਡੀਓ ਵੀ ਬਾਜ਼ਾਰ ਵਿੱਚ ਆਪਣੀ ਥਾਂ ਬਣਾ ਰਹੇ ਹਨ।
ਪੁਰਾਣੇ ਰੇਡੀਓ ਦੀ ਥਾਂ ਨਵੀਂ ਤਕਨਾਲੋਜੀ
ਕਈ ਪੁਰਾਣੇ ਰੇਡੀਓ ਸੈੱਟਾਂ ਵਿੱਚ ਹੁਣ ਉਹ ਫ੍ਰੀਕਵੈਂਸੀ ਜਾਂ ਸਿਗਨਲ ਸੁਣਨਾ ਮੁਸ਼ਕਲ ਹੋ ਜਾਂਦਾ ਹੈ ਜੋ ਆਧੁਨਿਕ ਐੱਫ਼ਐੱਮ ਪ੍ਰਸਾਰਣ ਲਈ ਲੋੜੀਂਦੇ ਹਨ। ਇਸ ਦੇ ਉਲਟ DSP ਤਕਨਾਲੋਜੀ ਵਾਲੇ ਰੇਡੀਓ ਕਮਜ਼ੋਰ ਸਿਗਨਲਾਂ ਨੂੰ ਫੜ੍ਹਨ ਅਤੇ ਟਿਊਨਿੰਗ ਨੂੰ ਆਸਾਨ ਬਣਾਉਣ ਵਰਗੀਆਂ ਸਹੂਲਤਾਂ ਦਿੰਦੇ ਹਨ। ਇਸ ਕਰਕੇ ਰੇਡੀਓ ਦੇ ਸ਼ੌਕੀਨ ਲੋਕਾਂ ਵਿੱਚ ਇਨ੍ਹਾਂ ਦੀ ਮੰਗ ਵਧ ਰਹੀ ਹੈ। ਰੇਡੀਓ ਨੇ ਬਦਲਦੇ ਸਮੇਂ ਨਾਲ ਆਪਣਾ ਰੂਪ ਬਦਲ ਲਿਆ ਹੈ। ਕਦੇ ਲੱਕੜ ਦੇ ਵੱਡੇ ਡੱਬੇ ਵਰਗੇ ਰੇਡੀਓ ਤੋਂ ਸ਼ੁਰੂ ਹੋਇਆ ਸਫ਼ਰ ਹੁਣ ਸਮਾਰਟਫੋਨ, ਬਲੂਟੁੱਥ, ਐੱਫ਼ਐੱਮ ਅਤੇ DSP ਤਕਨਾਲੋਜੀ ਤੱਕ ਪਹੁੰਚ ਗਿਆ ਹੈ। ਇਸ ਤਰ੍ਹਾਂ ਨਵੀਂ ਤਕਨਾਲੋਜੀ ਰੇਡੀਓ ਦੇ ਪੁਰਾਣੇ ਦੌਰ ਨੂੰ ਖ਼ਤਮ ਕਰਨ ਦੀ ਬਜਾਏ ਉਸ ਨੂੰ ਨਵੇਂ ਰੂਪ ਵਿੱਚ ਮੁੜ ਜਿਉਂਦਾ ਕਰ ਰਹੀ ਹੈ। ਰੇਡੀਓ ਦੀ ਇਹ ਵਾਪਸੀ ਇਸ ਗੱਲ ਦਾ ਸੰਕੇਤ ਹੈ ਕਿ ਤਕਨਾਲੋਜੀ ਬਦਲ ਸਕਦੀ ਹੈ ਪਰ ਆਵਾਜ਼ ਰਾਹੀਂ ਮਨੋਰੰਜਨ ਅਤੇ ਜਾਣਕਾਰੀ ਹਾਸਲ ਕਰਨ ਦੀ ਲੋਕਾਂ ਦੀ ਪਸੰਦ ਅਜੇ ਵੀ ਕਾਇਮ ਹੈ।
ਬਲਵੀਰ ਸਿੰਘ ਬਾਘਾ









