
ਸੰਗਤ ਮੰਡੀ, 9 ਨਵੰਬਰ (ਯੰਗ ਪੀਡੀਆ)ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿੱਢੀ ਗਈ ਸੂਬਾ ਇਜਲਾਸ ਦੀ ਚੋਣ ਮੁਹਿੰਮ ਤਹਿਤ ਬਠਿੰਡਾ ਜ਼ਿਲ੍ਹੇ ਦੇ ਸੰਗਤ ਬਲਾਕ ਦੀ ਚੋਣ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਚੋਣ ਅਬਜਰਵਰ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਔਰਤ ਵਿੰਗ ਪੑਧਾਨ ਹਰਿੰਦਰ ਕੌਰ ਬਿੰਦੂ ਦੀ ਨਿਗਰਾਨੀ ਹੇਠ 6 ਨਵੰਬਰ ਨੂੰ ਕੋਟ ਗੁਰੂ ਦੇ ਇਤਿਹਾਸਕ ਗੁਰੂਘਰ ਵਿਖੇ ਕੀਤੀ ਗਈ।ਚੋਣ ਕਰਨ ਤੋਂ ਪਹਿਲਾਂ ਉਹਨਾਂ ਕਿਹਾ ਕਿ ਸਰਕਾਰਾਂ ਵੱਲੋਂ ਸਾਮਰਾਜੀ ਨੀਤੀਆਂ ‘ਤੇ ਚਲਦਿਆਂ ਜ਼ਮੀਨਾਂ, ਰੁਜ਼ਗਾਰ ਅਤੇ ਜਨਤਕ ਅਦਾਰੇ ਖੋਹਣ ਲਈ ਤਿੱਖੇ ਹਮਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਠੱਲਣ ਲਈ ਮਜ਼ਬੂਤ ਕਿਸਾਨ ਲਹਿਰ ਦੀ ਲੋੜ ਹੈ ਜਿਸ ਦੀ ਅਗਵਾਈ ਦ੍ਰਿੜ ਅਤੇ ਪ੍ਰਪੱਕ ਇਰਾਦਿਆਂ ਵਾਲੇ ਆਗੂ ਕਰ ਸਕਦੇ ਹਨ। ਉਹਨਾਂ ਸਾਰੇ ਜ਼ਿਲ੍ਹਾ ਬਲਾਕ ਅਤੇ ਪਿੰਡ ਆਗੂਆਂ ਨੂੰ ਇਸ ਕੰਮ ਲਈ ਲੱਕ ਬੰਨ੍ਹ ਕੇ ਜੁੱਟਣ ਦੀ ਅਪੀਲ ਕੀਤੀ ਅਤੇ ਨਾਲ-ਨਾਲ ਆਪਣੇ ਬਲਾਕ ਪੱਧਰ, ਜ਼ਿਲ੍ਹਾ ਪੱਧਰ ਦੇ ਇਜਲਾਸਾਂ ਦੀਆਂ ਤਿਆਰੀਆਂ ਕਰਨ ਵਾਸਤੇ ਹਿਸਾਬ-ਕਿਤਾਬ ਅਤੇ ਕਾਰਜਕਰੀ ਰਿਪੋਰਟਾਂ ਤਿਆਰ ਕਰਨ ਲਈ ਵੀ ਕਿਹਾ ਜਿਸ ਨਾਲ ਪਿਛਲੇ ਲੜੇ ਘੋਲਾਂ ਦਾ ਲੇਖਾ-ਜੋਖਾ ਕੀਤਾ ਜਾ ਸਕੇ ਤੇ ਉਹਨਾਂ ਦੇ ਚੰਗੇ ਸਬਕਾਂ ਨੂੰ ਪੱਲੇ ਬੰਨ੍ਹ ਕੇ ਅੱਗੇ ਵਧਿਆ ਜਾ ਸਕੇ ਅਤੇ ਘਾਟਾਂ-ਕਮਜ਼ੋਰੀਆਂ ਨੂੰ ਦੂਰ ਕਰਨ ਦੇ ਯਤਨ ਕੀਤੇ ਜਾ ਸਕਣ। ਬਲਾਕ ਦੀਆਂ ਪਿਛਲੀਆਂ ਘੋਲ ਸਰਗਰਮੀਆਂ ਦੀ ਰਿਪੋਰਟ ਅਜੇਪਾਲ ਸਿੰਘ ਘੁੱਦਾ ਨੇ ਪੇਸ਼ ਕੀਤੀ ਤੇ ਜੱਥੇਬੰਦੀ ਦੀਆਂ ਬਲਾਕ ਪੱਧਰੀਆਂ ਆਰਥਿਕ ਸਿਆਸੀ ਪ੍ਰਾਪਤੀਆਂ ਸਾਂਝੀਆਂ ਕੀਤੀਆਂ।ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਸੰਗਤ ਬਲਾਕ ਦੇ 13 ਪਿੰਡਾਂ ਵਿੱਚੋਂ 47 ਡੈਲੀਗੇਟਾਂ ਨੇ ਭਾਗ ਲੈ ਕੇ ਚੋਣ ਪ੍ਰਕਿਿਰਆ ਰਾਹੀਂ ਚੋਣ ਕੀਤੀ ਤੇ ਇਸ ਵਿੱਚ ਔਰਤ,ਮਾਵਾਂ-ਭੈਣਾਂ ਦੀ ਵੀ ਚੋਣ ਕੀਤੀ ਗਈ। ਉਹਨਾਂ ਦੱਸਿਆ ਕਿ ਚੋਣ ਦੌਰਾਨ ਬਲਾਕ ਪ੍ਰਧਾਨ ਰਾਮ ਸਿੰਘ ਕੋਟ ਗੁਰੂ, ਜਰਨਲ ਸਕੱਤਰ ਜਸਕਰਨ ਸਿੰਘ ਕੋਟ ਗੁਰੂ,ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਨਰੂਆਣਾ, ਮਾਤਾ ਕੁਲਦੀਪ ਕੌਰ, ਮੀਤ ਪ੍ਰਧਾਨ ਹਰਗੋਬਿੰਦ ਸਿੰਘ ਚੱਕ ਅਤਰ ਸਿੰਘ ਵਾਲਾ, ਕੁਲਵਿੰਦਰ ਕੌਰ ਦੁੱਨੇਆਲਾ,ਸੰਗਠਨ ਸਕੱਤਰ ਜਸਵੀਰ ਸਿੰਘ ਸੇਖੂ, ਨਸੀਬ ਕੌਰ ਕੋਟ ਗੁਰੂ,ਪ੍ਰਚਾਰਕ ਸਕੱਤਰ ਅਜੇਪਾਲ ਸਿੰਘ ਘੁੱਦਾ, ਕੁਲਵਿੰਦਰ ਕੌਰ ਸ਼ੇਰਗੜ,ਖਜ਼ਾਨਚੀ ਧਰਮਪਾਲ ਸਿੰਘ ਜੰਡੀਆਂ ਅਤੇ ਸਹਾਇਕ ਖਜ਼ਾਨਚੀ ਥਾਣਾ ਸਿੰਘ ਰਾਏਕੇ ਕਲਾਂ, ਬਲਾਕ ਕਮੇਟੀ ਮੈਂਬਰ ਤਾਰਾ ਸਿੰਘ ਪਥਰਾਲਾ, ਮੱਘਰ ਸਿੰਘ ਦੁੱਨੇਆਲਾ ਤੇ ਮਨਜੀਤ ਸਿੰਘ ਕਾਲਝਰਾਣੀ ਚੁਣੇ ਗਏ। ਇਸ ਦੌਰਾਨ ਬਲਕਰਨ ਸਿੰਘ ਕੋਟ ਗੁਰੂ ਨੇ ਇਨਕਲਾਬੀ ਕਵਿਤਾ ਸਾਂਝੀ ਕੀਤੀ।









