
ਤਲਵੰਡੀ ਸਾਬੋ 16 ਸਤੰਬਰ (ਅੰਮ੍ਰਿਤ ਮਲਕਾਣਾ ) ਪੰਜਾਬ ਅੰਦਰ ਘਰਾਂ ਅਤੇ ਖੇਤੀ ਮੋਟਰਾਂ ਦੀ ਬਿਜਲੀ ਸਪਲਾਈ ‘ਚ ਅਣਐਲਾਨੇ ਕੱਟ ਲਗਾ ਕੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਉੱਪਰ ਲੋਕਾਂ ’ਤੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਸੂਬੇ ਭਰ ‘ਚ ਉੇਲੀਕੇ ਰੋਸ ਪ੍ਰਦਰਸ਼ਨਾਂ ਦੀ ਲੜੀ ’ਚ ਅੱਜ ਹਲਕਾ ਤਲਵੰਡੀ ਸਾਬੋ ਦੇ ਅਕਾਲੀਆਂ ਨੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਦੇ ਨਿਰਦੇਸ਼ਾਂ ਮੁਤਾਬਿਕ ਸਥਾਨਕ ਕਚਿਹਰੀ ਕੰਪਲੈਕਸ ਵਿਖੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ।

ਉਕਤ ਪ੍ਰਦਰਸ਼ਨ ‘ਚ ਬਾਹਰ ਗਏ ਹੋਣ ਕਾਰਣ ਭਾਂਵੇ ਅਕਾਲੀ ਦਲ (ਬ) ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਸ਼ਾਮਿਲ ਨਹੀ ਹੋ ਸਕੇ ਪ੍ਰੰਤੂ ਉਨਾਂ ਦੇ ਸੱਦੇ ਤੇ ਵੱਡੀ ਗਿਣਤੀ ਅਕਾਲੀ ਆਗੂਆਂ ਨੇ ਸ਼ਮੂਲੀਅਤ ਕਰਦਿਆਂ ਸਰਕਾਰ ਖ਼ਿਲਾਫ਼ ਜ਼ੋਰਦਾਰ ਮੁਜ਼ਾਹਰਾ ਕੀਤਾ।ਆਪਣੇ ਸੰਬੋਧਨ ਦੌਰਾਨ ਅਕਾਲੀ ਦਲ ਦੇ ਟਕਸਾਲੀ ਆਗੂ ਗੁਰਜੀਤ ਸਿੰਘ ਕੋਟਬਖਤੂ ਨੇ ਬਿਜਲੀ ਦੇ ਨਾਕਸ ਪ੍ਰਬੰਧਾਂ ਕਰਕੇ ਸੂਬਾ ਸਰਕਾਰ ਤੇ ਰੱਜ ਕੇ ਨਿਸ਼ਾਨੇ ਸਾਧੇ।ਸਰਕਲ ਪ੍ਰਧਾਨ ਜਸਵਿੰਦਰ ਸਿੰਘ ਜ਼ੈਲਦਾਰ ਨੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਸੂਬੇ ‘ਚ ਬਿਜਲੀ ਸਰਪਲੱਸ ਸੀ ਪ੍ਰੰਤੂ ਪਿਛਲੀ ਕਾਂਗਰਸ ਸਰਕਾਰ ਅਤੇ ਮੌਜੂਦਾ ‘ਆਪ’ ਸਰਕਾਰ ਦੀਆਂ ਗਲਤ ਨੀਤੀਆਂ ਦੇ ਚਲਦਿਆਂ ਹੁਣ ਸੂਬੇ ਨੂੰ ਬਿਜਲੀ ਕਟੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲਾ ਖਾਣ ਖਰੀਦਣ ਦਾ ਦਾਅਵਾ ਕਰਦਿਆਂ ਅਗਲੇ ਤੀਹ ਸਾਲ ਤੱਕ ਥਰਮਲਾਂ ਲਈ ਵਾਧੂ ਕੋਲਾ ਹੋਣ ਦੀਆਂ ਗੱਲਾਂ ਕਰਦੇ ਰਹੇ ਜਦੋਂਕਿ ਹੁਣ ਉਨਾਂ ਦੇ ਹੀ ਮੰਤਰੀ ਬਿਜਲੀ ਕਟੌਤੀ ਲਈ ਕੋਲੇ ਦੀ ਘਾਟ ਨੂੰ ਮੁੱਖ ਦੱਸ ਰਹੇ ਹਨ।ਉਨਾਂ ਕਿਹਾ ਕਿ ਭਾਂਵੇ ਸਰਕਾਰ ਹੁਣ ਬਿਜਲੀ ਸਪਲਾਈ ‘ਚ ਸੁਧਾਰ ਦੇ ਦਾਅਵੇ ਕਰ ਰਹੀ ਹੈ ਪਰ ਕੱਟਾਂ ਕਾਰਨ ਸਿੰਚਾਈ ਲਈ ਨਿਰੰਤਰ ਬਿਜਲੀ ਸਪਲਾਈ ਨਾ ਮਿਲਣ ਕਰਕੇ ਫ਼ਸਲਾਂ ਦੇ ਹੋਏ ਨੁਕਸਾਨ ਲਈ ਕੌਣ ਜ਼ਿੰਮੇਵਾਰ ਹੈ?
ਪ੍ਰਦਰਸ਼ਨ ਦੌਰਾਨ ਹਲਕਾ ਆਬਜ਼ਰਵਰ ਦਵਿੰਦਰ ਸਿੰਘ ਕੋਟਬਖਤੂ,ਗੁਰਤੇਜ ਸਿੰਘ ਨਸੀਬਪੁਰਾ,ਹਲਕਾ ਯੂਥ ਪ੍ਰਧਾਨ ਚਰਨਾ ਭਾਗੀਵਾਂਦਰ,ਹਰਤਾਬਲ ਸਿੰਘ ਸੁੱਖੀ,ਬਲਕਰਨ ਸਿੰਘ ਸਰਪੰਚ ਪੱਕਾ,ਬੂਟਾ ਸਿੰਘ ਸਰਪੰਚ ਲਾਲੇਆਣਾ,ਹਰਮੋਹਿੰਦਰ ਸਿੰਘ,ਸੁਖਮੰਦਰ ਸਿੰਘ ਜਗਾ ਰਾਮ ਤੀਰਥ,ਗੁਰਪ੍ਰੀਤ ਸਿੰਘ ਆਧੀ,ਸੁਰਜੀਤ ਭੱਮ,ਤੇਜਾ ਮਲਕਾਣਾ,ਪਾਲੀ ਗਿੱਲ,ਅਵਤਾਰ ਸਿੰਘ ਨਵਾਂ ਪਿੰਡ,ਲੀਲਾ ਸਿੰਘ ਧਾਲੀਵਾਲ ਸਮੇਤ ਵੱਡੀ ਗਿਣਤੀ ਆਗੂ ਮੌਜੂਦ ਸਨ।ਸਟੇਜ ਦੀ ਕਾਰਵਾਈ ਸੀਨੀਅਰ ਆਗੂ ਭੋਲਾ ਸਿੰਘ ਸੇਖੂ ਨੇ ਨਿਭਾਈ।









