
ਤਲਵੰਡੀ ਸਾਬੋ, 8 ਸਤੰਬਰ (ਅੰਮ੍ਰਿਤ ਮਲਕਾਣਾ ) ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਇੱਕ ਨਿੱਜੀ ਬੋਰਡਿੰਗ ਸਕੂਲ ਵਿੱਚ ਸਿੱਖ ਬੱਚੇ ਨਾਲ ਵਾਪਰੀ ਰੈਗਿੰਗ ਦੀ ਘਟਨਾ ਦੀ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਦੋਸ਼ੀਆਂ ਦੇ ਨਾਲ ਸਕੂਲ ਪ੍ਰਿੰਸੀਪਲ ਖਿਲਾਫ਼ ਕਾਰਵਾਈ ਮੰਗੀ ਹੈ।ਪ੍ਰੈੱਸ ਬਿਆਨ ਰਾਹੀਂ ਜਥੇਦਾਰ ਬਾਬਾ ਟੇਕ ਸਿੰਘ ਨੇ ਉਨ੍ਹਾਂ ਕਿਹਾ ਕਿ ਵਿੱਦਿਆ ਦੇ ਮੰਦਰ ਕਹੇ ਜਾਂਦੇ ਸਕੂਲ ਵਿੱਚ ਕਿਸੇ ਵੀ ਬੱਚੇ ਨਾਲ ਅਜਿਹਾ ਅਣਮਨੁੱਖੀ ਵਰਤਾਰਾ ਅਤਿ-ਮੰਦਭਾਗਾ ਹੈ, ਜੋ ਮਾਸੂਮ ਬੱਚਿਆਂ ਦੇ ਮਨਾਂ ‘ਤੇ ਗਹਿਰਾ ਮਾਨਸਿਕ ਅਸਰ ਪਾਉਂਦਾ ਹੈ।ਉਨਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਲਈ ਸੁਖਾਵਾਂ ਤੇ ਸਨਮਾਨਜਨਕ ਵਾਤਾਵਰਨ ਕਾਇਮ ਕਰਨਾ ਸਕੂਲ ਪ੍ਰਬੰਧਕਾਂ ਦੀ ਮੁਢਲੀ ਜ਼ਿੰਮੇਵਾਰੀ ਹੈ।ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਬੱਚੇ ਨਾਲ ਰੈਗਿੰਗ ਸਬੰਧੀ ਵਾਇਰਲ ਵੀਡੀਓ ਨੇ ਹਰ ਸੰਵੇਦਨਸ਼ੀਲ ਮਨ ਨੂੰ ਝੰਜੋੜਿਆ ਹੈ ਇਸ ਸਬੰਧੀ ਹਿਮਾਚਲ ਪੁਲਿਸ ਵੱਲੋਂ ਜਾਂਚ ਸ਼ੁਰੂ ਕਰਨਾ ਸਵਾਗਤਯੋਗ ਹੈ, ਪਰ ਸਿਰਫ਼ ਰੈਗਿੰਗ ਕਰਨ ਵਾਲੇ ਵਿਿਦਆਰਥੀਆਂ ‘ਤੇ ਹੀ ਨਹੀਂ, ਸਗੋਂ ਸਮੇਂ ਸਿਰ ਕਦਮ ਨਾ ਚੁੱਕਣ ਵਾਲੇ ਸਕੂਲ ਪ੍ਰਿੰਸੀਪਲ ਅਤੇ ਸਬੰਧਿਤ ਅਧਿਕਾਰੀਆਂ ਵਿਰੁੱਧ ਵੀ ਬਣਦੀ ਕਾਰਵਾਈ ਹੋਣੀ ਚਾਹਿਦੀ ਹੈ ਤੇ ਪ੍ਰਸ਼ਾਸਨ ਮਾਮਲੇ ਦੀ ਨਿਰਪੱਖ ਜਾਂਚ ਯਕੀਨੀ ਬਣਾਵੇ।ਸਿੰਘ ਸਾਹਿਬ ਨੇ ਸਿੱਖ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਅਜਿਹੀਆਂ ਹਰਕਤਾਂ ਨੂੰ ਕਿਸੇ ਵੀ ਕੀਮਤ ‘ਤੇ ਪ੍ਰਵਾਨ ਨਾ ਕੀਤੇ ਜਾਣ ਦੀ ਗੱਲ ਕੀਤੀ ਉੱਥੇ ਸਮੂਹ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਕੂਲਾਂ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਮੇਂ ਸਮੇਂ ਤੇ ਸਕੂਲ ਪ੍ਰਬੰਧਕਾਂ ਤੇ ਸਬੰਧਿਤ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਿਆ ਕਰਨ।









