ਸਵਰਗੀ ਮੁੱਖ ਮੰਤਰੀ ਸ. ਬਾਦਲ ਦਾ ਮੁਕਾਬਲਾ ਭਗਵੰਤ ਮਾਨ ਕਦੇ ਵੀ ਨਹੀਂ ਕਰ ਸਕਦਾ
-ਬੀਬੀ ਬਾਦਲ ਦੀ ਨਕਲ ਉਤਾਰਕੇ ਅਪਮਾਨ ਕਰਨਾ ਲੋਕਾਂ ਨੇ ਪਸੰਦ ਨਹੀਂ ਕੀਤਾ-

ਸੰਗਤ ਮੰਡੀ, 7 ਸਤੰਬਰ (ਚਰਨਜੀਤ ਮਛਾਣਾ)ਪਿੰਡ ਘੁੱਦਾ ਵਿਖੇ ਬੀਤੇ ਦਿਨ ਮੁੱਖ ਮੰਤਰੀ ਦਾ ਲੋਕ ਮਿਲਣੀ ਪ੍ਰੋਗਰਾਮ ਨਿਰਾ ਡਰਾਮਾ ਸਾਬਤ ਹੋਇਆ ਹੈ। ਇਹ ਗੱਲ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਵੱਲੋਂ ਆਖੀ ਗਈ। ਉਨ੍ਹਾਂ ਕਿਹਾ ਕਿ ਲੋਕ ਮਿਲਣੀ ਉਹ ਹੰਦੀ ਹੈ ਜਿਥੇ ਲੋਕਾਂ ਦੀ ਗੱਲ ਸੁਣੀ ਜਾਵੇ ਅਤੇ ਉਨ੍ਹਾਂ ਦੀਆਂ ਸਮੱਸਿਆਵਾ ਦਾ ਤੁਰੰਤ ਹੱਲ ਕੀਤਾ ਜਾਵੇ, ਜਿਵੇਂ ਪੰਜਾਬ ਦੇ ਸਵਰਗੀ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਆਪਣੇ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਕਰਦੇ ਹੁੰਦੇ ਸਨ, ਜੋ ਅੱਜ ਵੀ ਪੰਜਾਬ ਦੇ ਲੋਕ ਭੁਲਾ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਸਟੇਜ਼ ’ਤੋਂ ਲੜਖੜਾਉਂਦੀ ਅਵਾਜ਼ ’ਚ ਬੋਲਣ ਤੇ ਸਪਸ਼ਟ ਜ਼ਾਹਿਰ ਸੀ ਕਿ ਮੁੱਖ ਮੰਤਰੀ ਨਸ਼ੇ ਦੀ ਹਾਲਤ ’ਚ ਹਨ, ਜਿਸਨੂੰ ਇਲਾਕੇ ਦੇ ਲੋਕਾਂ ਨੇ ਜ਼ਰਾ ਵੀ ਪਸੰਦ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਪਿੰਡ ਦੀਆਂ ਭੀੜੀਆਂ ਅਤੇ ਤੰਗ ਗਲੀਆਂ ਦੀ ਜਾਣਬੁੱਝ ਕੇ ਚੋਣ ਕੀਤੀ ਗਈ ਤਾਂ ਜੋ ਘੱਟ ਗਿਣਤੀ ’ਚ ਪੁੱਜੇ ਲੋਕਾਂ ਨੂੰ ਕੋਠਿਆਂ ’ਤੇ ਚੜ੍ਹਾ ਕੇ ਵੱਧ ਇਕੱਠ ਦਿਖਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਵਰਗੀ ਮੁੱਖ ਮੰਤਰੀ ਸ. ਬਾਦਲ ਦਾ ਕਦੇ ਵੀ ਮੁਕਾਬਲਾ ਨਹੀਂ ਕਰ ਸਕਦਾ, ਜੋ ਲੋਕਾਂ ਦੀ ਕਚਹਿਰੀ ’ਚ ਬਿਨ੍ਹਾਂ ਕਿਸੇ ਭੇਦਭਾਵ ਦੇ ਜਾ ਬੈਠਦੇ ਸਨ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਕੋਲ ਬਿਠਾ ਕੇ ਉਨ੍ਹਾਂ ਦੇ ਮਸਲੇ ਤੁਰੰਤ ਹੱਲ ਕਰਦੇ ਸਨ ਪ੍ਰੰਤੂ ਭਗਵੰਤ ਮਾਨ ਨੇ ਸਟੇਜ਼ ਤੋਂ ਬਾਦਲ ਪਰਿਵਾਰ ਨੂੰ ਭੰਡਣ ਤੋਂ ਸਿਵਾਏ ਕਿਸੇ ਦੀ ਵੀ ਗੱਲ ਨਹੀਂ ਸੁਣੀ ਅਤੇ ਪੁਰਾਣੇ ਚੁਟਕਲੇ ਸੁਣਾ ਕੇ ਚੱਲਦੇ ਬਣੇ ਜਿਸ ‘ਤੇ ਲੋਕ ਹੁਣ ਹੱਸਣਾ ਵੀ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਬਠਿੰਡਾ ਜ਼ਿਲ੍ਹੇ ਦੇ ਲੋਕਾਂ ਦੀ ਚੁਣੀ ਪਾਰਲੀਮੈਂਟ ਮੈਂਬਰ ਬੀਬੀ ਬਾਦਲ ਦੀ ਨਕਲ ਉਤਾਰਕੇ ਅਪਮਾਨ ਕਰਨਾ ਵੀ ਲੋਕਾਂ ਨੇ ਪਸੰਦ ਨਹੀਂ ਕੀਤਾ, ਜਿੰਨ੍ਹਾਂ ਪਿੰਡ ਘੁੱਦਾ ਵਿਖੇ ਕੇਂਦਰੀ ਯੂਨੀਵਰਸਿਟੀ, ਸਪੋਰਟਸ ਸਕੂਲ, ਯੂਨੀਵਰਸਿਟੀ ਕਾਲਜ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਗਰਲਜ਼ ਹੋਸਟਲ, ਫੋਕਲ ਪੁਆਇੰਟ, ਦੋ ਜਲਘਰ, ਸਰਕਾਰੀ ਹਸਪਤਾਲ ਅਤੇ ਸੀਵਰੇਜ਼ ਸਿਸਟਮ ਵਰਗੇ ਅਨੇਕਾਂ ਕੰਮ ਕਰਕੇ ਪਿੰਡ ਘੁੱਦਾ ਨੂੰ ਸ਼ਹਿਰ ਦੀ ਦਿੱਖ ਪ੍ਰਦਾਨ ਕੀਤੀ ਅਤੇ ਦੇਸ਼ ਦੇ ਨਕਸ਼ੇ ’ਤੇ ਉਭਾਰਿਆ ਹੈ ਜਿਸ ਦਾ ਮੁਕਾਬਲਾ ‘ਆਪ’ ਸਰਕਾਰ ਕਦੇ ਸੁਪਨੇ ’ਚ ਵੀ ਨਹੀਂ ਕਰ ਸਕਦੀ। ਇਸ ਤੋਂ ਇਲਾਵਾ ਬੀਬਾ ਬਾਦਲ ਵੱਲੋਂ ਬਠਿੰਡਾ ਵਾਸੀਆਂ ਲਈ ਏਮਜ਼ ਹਸਪਤਾਲ ਲਿਆਉਣਾ ਵੀ ਲੋਕਾਂ ਲਈ ਕਦੇ ਨਾ ਭੁੱਲਣਯੋਗ ਉਪਰਾਲਾ ਹੈ ਪ੍ਰੰਤੂ ‘ਆਪ’ ਸਰਕਾਰ ਤਾਂ ਦੇਸ਼ ਲਈ ਖਿਡਾਰੀ ਪੈਦਾ ਕਰਨ ਵਾਲੇ ਘੁੱਦਾ ਦੇ ਸਪੋਰਟਸ ਸਕੂਲ ਵਾਲੇ ਹੋਸਟਲ ਦਾ ਬਿੱਲ ਅਤੇ ਅਮਲੇ ਦੀਆਂ ਤਨਖ਼ਾਹਾਂ ਦੇਣ ਤੋਂ ਵੀ ਚਾਰ ਸਾਲ ਕੰਨੀ ਕਤਰਾਉਂਦੀ ਰਹੀ ਹੈ। ਉਨ੍ਹਾਂ ਬੀਤੇ ਦਿਨ ਮੁੱਖ ਮੰਤਰੀ ਵੱਲੋਂ ਪਿੰਡ ਘੁੱਦਾ ਵਿਖੇ ‘ਰੈਲੀ’ ਨੂੰ ਲੋਕ ਮਿਲਣੀ ਦਾ ਨਾਮ ਦੇਣਾ ਨਿਰਾ ਡਰਾਮਾ ਕਰਾਰ ਦਿੰਦੇ ਕਿਹਾ ਕਿ ਪੰਜਾਬ ਦੇ ਲੋਕ ਅਗਾਮੀ ਵਿਧਾਨ ਸਭਾ ਚੋਣਾਂ ’ਚ ਇਸ ਦਾ ਮੋੜਵਾਂ ਜਵਾਬ ਦੇਣਗੇ।









