
ਨਾਭਾ, 31 ਅਗਸਤ (ਯ ਪ ) ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਪ੍ਰਿੰਸੀਪਲ ਸ੍ਰੀ ਸ਼ਾਮ ਸੁੰਦਰ ਦੀ ਯੋਗ ਅਗਵਾਈ ਹੇਠ ‘ਸੋਮਨਾਥ ਸਵਾਭਿਮਾਨ ਪਰਵ’ ਤਹਿਤ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਹ ਲੈਕਚਰ ਸਾਲ 1026 ਈ. ਵਿੱਚ ਸੋਮਨਾਥ ਮੰਦਰ ’ਤੇ ਹੋਏ ਪਹਿਲੇ ਹਮਲੇ ਦੇ 1000 ਸਾਲ ਅਤੇ ਆਜ਼ਾਦ ਭਾਰਤ ਵਿੱਚ ਮਈ 1951 ਦੌਰਾਨ ਸੋਮਨਾਥ ਮੰਦਰ ਦੇ ਪੁਨਰਨਿਰਮਾਣ ਅਤੇ ਉਦਘਾਟਨ ਦੇ 75 ਸਾਲ ਪੂਰੇ ਹੋਣ ਸਬੰਧੀ ਭਾਰਤ ਸਰਕਾਰ ਵੱਲੋਂ ਮਨਾਏ ਜਾ ਰਹੇ ‘ਸੋਮਨਾਥ ਸਵਾਭਿਮਾਨ ਪਰਵ’ ਦੇ ਸੰਦਰਭ ਵਿੱਚ ਕਰਵਾਇਆ ਗਿਆ।
ਸਮਾਗਮ ਦੌਰਾਨ ਹਿਸਟਰੀ ਵਿਭਾਗ ਦੇ ਪ੍ਰੋਫੈਸਰ ਡਾ. ਅਮਰਿੰਦਰ ਸਿੰਘ ਨੇ ਮੁੱਖ ਬੁਲਾਰੇ ਵਜੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੋਮਨਾਥ ਮੰਦਰ ਦੇ ਇਤਿਹਾਸ, ਇਸ ਨਾਲ ਜੁੜੀਆਂ ਇਤਿਹਾਸਕ ਘਟਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੋਮਨਾਥ ਮੰਦਰ ਭਾਰਤ ਦੀ ਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤ ਦਾ ਇੱਕ ਮਹੱਤਵਪੂਰਨ ਪ੍ਰਤੀਕ ਹੈ। ਇਸ ਦੇ ਇਤਿਹਾਸ ਨੂੰ ਸਮਝਣ ਨਾਲ ਵਿਦਿਆਰਥੀਆਂ ਨੂੰ ਦੇਸ਼ ਦੀਆਂ ਇਤਿਹਾਸਕ ਪ੍ਰੰਪਰਾਵਾਂ, ਸੱਭਿਆਚਾਰਕ ਵਿਰਾਸਤ ਅਤੇ ਵੱਖ-ਵੱਖ ਇਤਿਹਾਸਕ ਦੌਰਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ।
ਡਾ. ਅਮਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਇਤਿਹਾਸ ਸਿਰਫ਼ ਬੀਤੀਆਂ ਘਟਨਾਵਾਂ ਨੂੰ ਯਾਦ ਕਰਨ ਦਾ ਵਿਸ਼ਾ ਨਹੀਂ, ਸਗੋਂ ਇਸ ਰਾਹੀਂ ਅਸੀਂ ਆਪਣੇ ਵਿਰਸੇ, ਸਮਾਜ ਅਤੇ ਦੇਸ਼ ਦੇ ਵਿਕਾਸ ਨੂੰ ਸਮਝ ਸਕਦੇ ਹਾਂ। ਉਨ੍ਹਾਂ ਵਿਦਿਆਰਥੀਆਂ ਨੂੰ ਇਤਿਹਾਸਕ ਘਟਨਾਵਾਂ ਦਾ ਅਧਿਐਨ ਤੱਥਾਂ ਅਤੇ ਤਰਕ ਦੇ ਆਧਾਰ ’ਤੇ ਕਰਨ ਅਤੇ ਆਪਣੇ ਗੌਰਵਮਈ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਸੱਭਿਆਚਾਰ ਨਾਲ ਜਾਣੂ ਕਰਵਾਉਣਾ ਸਮੇਂ ਦੀ ਲੋੜ ਹੈ, ਕਿਉਂਕਿ ਆਪਣੇ ਅਤੀਤ ਦੀ ਸਮਝ ਹੀ ਭਵਿੱਖ ਨੂੰ ਬਿਹਤਰ ਢੰਗ ਨਾਲ ਸਿਰਜਣ ਵਿੱਚ ਸਹਾਈ ਹੁੰਦੀ ਹੈ।
ਕਾਲਜ ਪ੍ਰਿੰਸੀਪਲ ਸ੍ਰੀ ਸ਼ਾਮ ਸੁੰਦਰ ਨੇ ਕਿਹਾ ਕਿ ਸਾਨੂੰ ਆਪਣੀ ਸੰਸਕ੍ਰਿਤੀ, ਅਧਿਆਤਮਿਕ ਵਿਰਸੇ ਅਤੇ ਇਤਿਹਾਸ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੀਦਾ ਹੈ ਅਤੇ ਇਸ ਤੋਂ ਪ੍ਰੇਰਨਾ ਲੈ ਕੇ ਜੀਵਨ ਵਿੱਚ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਸ਼ੇਸ਼ ਲੈਕਚਰ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਆਪਣੇ ਇਤਿਹਾਸਕ ਅਤੇ ਸੱਭਿਆਚਾਰਕ ਵਿਰਸੇ ਨੂੰ ਸਮਝਣ ਦਾ ਮੌਕਾ ਪ੍ਰਦਾਨ ਕਰਦੇ ਹਨ। ਪ੍ਰੋ. ਕਿਰਨ ਵੱਲੋਂ ਵੀ ਵਿਦਿਆਰਥੀਆਂ ਨੂੰ ਲਗਨ ਅਤੇ ਮਿਹਨਤ ਨਾਲ ਸਿੱਖਿਆ ਪ੍ਰਾਪਤ ਕਰਨ ਅਤੇ ਜੀਵਨ ਵਿੱਚ ਕਾਮਯਾਬ ਹੋ ਕੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਉਤਸ਼ਾਹਿਤ ਕੀਤਾ ਗਿਆ।
ਇਸ ਮੌਕੇ ਡਾ. ਕਿਰਨ, ਡਾ. ਤਲਵਿੰਦਰ ਸਿੰਘ, ਪ੍ਰੋ. ਹਰਮਿੰਦਰ ਸਿੰਘ, ਪ੍ਰੋ. ਲਖਵਿੰਦਰ ਸਿੰਘ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਤਰਨਦੀਪ ਕੌਰ ਸਮੇਤ ਕਾਲਜ ਦੇ ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਰਹੇ।









