Home » ਤਾਜ਼ਾ ਖ਼ਬਰਾਂ » ਸੁਖਬੀਰ ਬਾਦਲ ਨਾਲ ਸੁਸ਼ੀਲ ਕੁਮਾਰ ਗੋਲਡੀ ਨੇ ਕੀਤੀ ਮੁਲਾਕਾਤ;ਮੌਜੂਦਾ ਹਾਲਾਤਾਂ ’ਤੇ ਹੋਈ ਚਰਚਾ

ਸੁਖਬੀਰ ਬਾਦਲ ਨਾਲ ਸੁਸ਼ੀਲ ਕੁਮਾਰ ਗੋਲਡੀ ਨੇ ਕੀਤੀ ਮੁਲਾਕਾਤ;ਮੌਜੂਦਾ ਹਾਲਾਤਾਂ ’ਤੇ ਹੋਈ ਚਰਚਾ

News Portal Development Companies In India

ਸੰਗਤ ਮੰਡੀ, 28 ਅਗਸਤ (ਚਰਨਜੀਤ ਮਛਾਣਾ)-ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਅੱਜ ਪਿੰਡ ਬਾਦਲ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਨਾਲ ਵਾਪਰੀ ਘਟਨਾ ਬਾਰੇ ਜਾਣਕਾਰੀ ਲੈਂਦਿਆਂ ਉਨ੍ਹਾਂ ਦੀ ਤੰਦਰੁਸਤੀ ਅਤੇ ਹਾਲ-ਚਾਲ ਪੁੱਛਿਆ। ਮੁਲਾਕਾਤ ਦੌਰਾਨ ਬਠਿੰਡਾ ਜ਼ਿਲ੍ਹੇ ਸਮੇਤ ਪੰਜਾਬ ਦੇ ਮੌਜੂਦਾ ਸਿਆਸੀ ਅਤੇ ਸਮਾਜਿਕ ਹਾਲਾਤਾਂ ਸਬੰਧੀ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।ਮੁਲਾਕਾਤ ਉਪਰੰਤ ਸੁਸ਼ੀਲ ਕੁਮਾਰ ਗੋਲਡੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੂਰੀ ਤਰ੍ਹਾਂ ਚੜ੍ਹਦੀ ਕਲਾਂ ਵਿੱਚ ਹਨ ਅਤੇ ਤੰਦਰੁਸਤ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਨਾਲ ਮੁਲਾਕਾਤ ਕਰਕੇ ਵਰਕਰਾਂ ਅਤੇ ਸਮਰਥਕਾਂ ਵਿੱਚ ਵੀ ਉਤਸ਼ਾਹ ਹੈ। ਗੋਲਡੀ ਨੇ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਵਰਕਰ ਪੰਜਾਬ ਦੇ ਹਿੱਤਾਂ ਅਤੇ ਪੰਥਕ ਮੁੱਦਿਆਂ ਲਈ ਹਮੇਸ਼ਾ ਡਟ ਕੇ ਆਵਾਜ਼ ਬੁਲੰਦ ਕਰਦੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਆਪਣੀ ਇਹ ਜ਼ਿੰਮੇਵਾਰੀ ਨਿਭਾਉਂਦੇ ਰਹਿਣਗੇ।ਉਨ੍ਹਾਂ ਦੋਸ਼ ਲਗਾਇਆ ਕਿ ਪੰਥ ਅਤੇ ਪੰਜਾਬ ਵਿਰੋਧੀ ਤਾਕਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਗੋਲਡੀ ਨੇ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਦੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਉਹ ਕਿਸੇ ਵੀ ਤਰ੍ਹਾਂ ਦੇ ਦਬਾਅ ਅੱਗੇ ਝੁਕਣ ਵਾਲੇ ਨਹੀਂ ਹਨ।ਸੁਸ਼ੀਲ ਕੁਮਾਰ ਗੋਲਡੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨਾਲ ਗੁਰੂ ਘਰਾਂ ਵਿੱਚ ਵਾਪਰੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਪਿੱਛੇ ਜੇਕਰ ਕੋਈ ਸਾਜ਼ਿਸ਼ ਹੈ ਤਾਂ ਉਸ ਨੂੰ ਸਾਹਮਣੇ ਲਿਆਉਣ ਲਈ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਜਾਂਚ ਏਜੰਸੀਆਂ ਹਰ ਪਹਿਲੂ ਦੀ ਡੂੰਘਾਈ ਨਾਲ ਜਾਂਚ ਕਰਕੇ ਅਸਲ ਤੱਥ ਲੋਕਾਂ ਸਾਹਮਣੇ ਲਿਆਉਣਗੀਆਂ।ਉਨ੍ਹਾਂ ਦੱਸਿਆ ਕਿ ਮੁਲਾਕਾਤ ਦੌਰਾਨ ਬਠਿੰਡਾ ਜ਼ਿਲ੍ਹੇ ਵਿੱਚ ਪਾਰਟੀ ਦੀਆਂ ਗਤੀਵਿਧੀਆਂ, ਜਥੇਬੰਦਕ ਮਾਮਲਿਆਂ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਵੀ ਚਰਚਾ ਹੋਈ। ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀਆਂ ਜਾਣ ਵਾਲੀਆਂ ‘ਪੰਜਾਬ ਬਚਾਓ’ ਰੈਲੀਆਂ ਦੀ ਤਿਆਰੀ ਅਤੇ ਪਾਰਟੀ ਵਰਕਰਾਂ ਦੀ ਸ਼ਮੂਲੀਅਤ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।ਗੋਲਡੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਕਾਲੀ ਦਲ ਦੇ ਜੁਝਾਰੂ ਆਗੂ ਅਤੇ ਵਰਕਰ ਪੂਰੀ ਤਰ੍ਹਾਂ ਇੱਕਜੁੱਟ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ’ਤੇ ਗਤੀਵਿਧੀਆਂ ਤੇਜ਼ ਕੀਤੀਆਂ ਜਾਣਗੀਆਂ ਅਤੇ ਲੋਕਾਂ ਨਾਲ ਸੰਪਰਕ ਵਧਾਇਆ ਜਾਵੇਗਾ।ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਫਤਵਾ ਦੇਣਗੇ। ਗੋਲਡੀ ਨੇ ਕਿਹਾ ਕਿ ਪਾਰਟੀ ਵਰਕਰਾਂ ਦੀ ਮਿਹਨਤ ਅਤੇ ਲੋਕਾਂ ਦੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਮੁੜ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਮਜ਼ਬੂਤੀ ਨਾਲ ਅੱਗੇ ਵਧੇਗਾ।

 

 

ਪੁਲਸ ਦੀ ਸ਼ਹਿ ’ਤੇ ਪਿੰਡ ’ਚ ਚਿੱਟਾ ਵਿਕਣ ਦੇ ਦੋਸ਼

.   ਪੰਚਾਇਤ ਨੇ ਮੁੱਖ ਮੰਤਰੀ ਤੇ ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ

ਪਿੰਡ ਵਿੱਚ ਕਥਿਤ ਤੌਰ ’ਤੇ ਵਿਕਦੇ ਚਿੱਟੇ ਨੂੰ ਲੈ ਕੇ ਇਕੱਠੇ ਹੋਏ ਪਿੰਡ ਵਾਸੀ ਜਾਣਕਾਰੀ ਦਿੰਦੇ ਹੋਏ

ਸੰਗਤ ਮੰਡੀ, 27 ਅਗਸਤ (ਚਰਨਜੀਤ ਮਛਾਣਾ)
ਪਿੰਡ ਬਹਾਦਰਗੜ੍ਹ ਜੰਡੀਆਂ ਵਿੱਚ ਕਥਿਤ ਤੌਰ ’ਤੇ ਸ਼ਰੇਆਮ ਚਿੱਟਾ ਵਿਕਣ ਦੇ ਦੋਸ਼ ਲਗਾਉਂਦਿਆਂ ਪਿੰਡ ਵਾਸੀਆਂ ਅਤੇ ਗ੍ਰਾਮ ਪੰਚਾਇਤ ਵੱਲੋਂ ਮੁੱਖ ਮੰਤਰੀ ਅਤੇ ਜ਼ਿਲ੍ਹਾ ਪੁਲਿਸ ਕਪਤਾਨ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸ਼ਿਕਾਇਤਕਰਤਾਵਾਂ ਨੇ ਦੋਸ਼ ਲਗਾਇਆ ਕਿ ਪਿੰਡ ਵਿੱਚ ਨਸ਼ਾ ਆਸਾਨੀ ਨਾਲ ਮਿਲ ਰਿਹਾ ਹੈ ਅਤੇ ਇਸ ਦਾ ਮਾੜਾ ਪ੍ਰਭਾਵ ਨੌਜਵਾਨਾਂ ’ਤੇ ਪੈ ਰਿਹਾ ਹੈ। ਉਨ੍ਹਾਂ ਥਾਣਾ ਨੰਦਗੜ੍ਹ ਪੁਲਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕਦਿਆਂ ਮਾਮਲੇ ਦੀ ਜਾਂਚ ਕਿਸੇ ਉੱਚ ਪੁਲਸ ਅਧਿਕਾਰੀ ਜਾਂ ਸੁਤੰਤਰ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਹੈ।ਪਿੰਡ ਵਾਸੀਆਂ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਜ਼ਾਹਰ ਕਰਦਿਆਂ ਕਥਿਤ ਧਮਕੀਆਂ ਦੀ ਨਿਰਪੱਖ ਜਾਂਚ ਅਤੇ ਸੁਰੱਖਿਆ ਦੀ ਮੰਗ ਕੀਤੀ ਹੈ।

ਥਾਣਾ ਮੁਖੀ ਦਾ ਪੱਖ: ਇਸ ਸਬੰਧੀ ਥਾਣਾ ਨੰਦਗੜ੍ਹ ਦੇ ਮੁਖੀ ਇੰਸਪੈਕਟਰ ਬੇਅੰਤ ਸਿੰਘ ਨੇ ਕਿਹਾ ਕਿ ਜੇਕਰ ਪੁਲਸ ਦੀ ਚਿੱਟਾ ਵੇਚਣ ਵਾਲਿਆਂ ਨਾਲ ਮਿਲੀਭੁਗਤ ਹੈ ਤਾਂ ਇਸ ਦਾ ਸਬੂਤ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਲਗਾਤਾਰ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ਾ ਬਰਾਮਦ ਹੋਣ ’ਤੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਂਦਾ।

 

ਨਮਸਤੇ ਨਾ ਬੁਲਾਉਣ ਤੋਂ ਖਫ਼ਾ ਕੌਂਸਲਰ ਨੇ ਵਿਦਿਆਰਥਣ ਦਾ ਨਿਵਾਸ ਪ੍ਰਮਾਣ ਪੱਤਰ ਕਰਵਾਇਆ ਖਾਰਿਜ-ਵੀਡੀਓ ਵਾਇਰਲ

ਫੋਟੋ ਕੈਪਸ਼ਨ:ਮਾਮਲੇ ਸਬੰਧੀ ਜਾਣਕਾਰੀ ਦਿੰਦੀ ਪੀੜਿਤ ਵਿਦਿਆਰਥਣ ਉਰਵਸ਼ੀ

ਤਲਵੰਡੀ ਸਾਬੋ 28 ਅਗਸਤ (ਅੰਮ੍ਰਿਤ ਮਾਲਕਾਣਾ) ਉੱਪ-ਮੰਡਲ ਤਲਵੰਡੀ ਸਾਬੋ ਦੀ ਵਪਾਰਕ ਨਗਰੀ ਰਾਮਾਂ ਮੰਡੀ ਦੀ ਸ਼ੋਸਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਉਦੋਂ ਚਰਚਾ ਦਾ ਵਿਸ਼ਾ ਬਣ ਗਈ ਜਦੋਂ ਸਾਹਮਣੇ ਆਇਆ ਕਿ ਸਾਸਰੀਕਾਲ (ਨਮਸਤੇ) ਨਾ ਬੁਲਾਉਣ,ਸਤਿਕਾਰ ਨਾ ਦੇਣ ਤੋਂ ਖਫ਼ਾ ਨਗਰ ਦੇ ਇੱਕ ਵਾਰਡ ਦੇ ਕੌਂਸਲਰ ਨੇ ਇੱਕ ਵਿਦਿਆਰਥਣ ਦਾ ਨਿਵਾਸ ਪ੍ਰਮਾਣ ਪੱਤਰ (ਰੈਜੀਡੈਂਸ ਸਰਟੀਫਿਕੇਟ) ਹੀ ਖਾਰਿਜ ਕਰਵਾ ਦਿੱਤਾ ਜਿਸ ਕਾਰਣ ਵਿਦਿਆਰਥਣ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਦੱਸਣਯੋਗ ਹੈਕਿ ਅੱਜ ਸ਼ੋਸਲ ਮੀਡੀਆ ਪਲੇਟਫਾਰਮਾਂ ’ਤੇ ਇੱਕ ਵਾਇਰਲ ਵੀਡੀਓ ‘ਚ ਇੱਕ ਲੜਕੀ ਰਾਮਾਂ ਮੰਡੀ ਦੇ ਇੱਕ ਕੌਂਸਲਰ ਨਾਲ ਬਹਿਸ ਕਰਦੀ ਦਿਖਾਈ ਦਿੱਤੀ ਕਿ ਉਸਦਾ ਰੈਜੀਡੈਂਸ ਸਰਟੀਫਿਕੇਟ ਕਿਉਂ ਖਾਰਿਜ ਕਰਵਾਇਆ ਗਿਆ ਤਾਂ ਅੱਗੋਂ ਕੌਂਸਲਰ ਸਾਹਿਬ ਕਹਿੰਦੇ ਨੇ ਕਿ ਤੂੰ ਮੈਨੂੰ ਕਦੇ ਨਮਸਤੇ ਨਹੀ ਬੁਲਾਈ।ਵੀਡੀਓ ਵਾਇਰਲ ਤੋਂ ਬਾਅਦ ਜਦੋਂ ਪੱਤਰਕਾਰਾਂ ਦੀ ਟੀਮ ਪੀੜਿਤ ਲੜਕੀ ਦੇ ਰਾਮਾਂ ਮੰਡੀ ਦੇ ਵਾਰਡ ਨੰ:8 ਵਿਚਲੇ ਘਰ ‘ਚ ਪੁੱਜੀ ਤਾਂ ਲੜਕੀ ਜਿਸਨੇ ਆਪਣਾ ਨਾਂ ਉਰਵਸ਼ੀ ਦੱਸਿਆ ਨੇ ਗੱਲਬਾਤ ਦੌਰਾਨ ਕਿਹਾ ਕਿ 11 ਜੁਲਾਈ 2026 ਨੂੰ ਉਸਨੇ ਆਪਣਾ ਰੈਜੀਡੈਂਸ ਸਰਟੀਫਿਕੇਟ ਸੇਵਾ ਕੇਂਦਰ ਚ ਬਿਨੈ ਕੀਤਾ ਸੀ ਕਿਉਂਕਿ ਡਾਕਖ਼ਾਨੇ ’ਚ ਖ਼ਾਤਾ ਖੁੱਲ੍ਹਵਾਉਣਾ ਸੀ ਜਿਸ ਵਿੱਚ ਉਸਦੇ ਵਜ਼ੀਫੇ ਦੀ ਰਾਸ਼ੀ ਆਉਣੀ ਸੀ।ਕਈ ਦਿਨ ਸੇਵਾ ਕੇਂਦਰ ਦੇ ਚੱਕਰ ਲਗਾਉਣ ਤੋਂ ਬਾਅਦ ਹੁਣ ਉਸਨੂੰ ਪਤਾ ਲੱਗਾ ਕਿ ਉਸਦਾ ਉਕਤ ਸਰਟੀਫਿਕੇਟ ਵਾਰਡ ਦੇ ਕੌਂਸਲਰ ਵੱਲੋਂ ਇਤਰਾਜ਼ ਲਾਉਣ ਉਪਰੰਤ ਖਾਰਿਜ ਕਰ ਦਿੱਤਾ ਗਿਐ।ਉਕਤ ਵਿਦਿਆਰਥਣ ਮੁਤਾਬਿਕ ਜਦੋਂ ਉਸਨੇ ਸਬੰਧਿਤ ਕੌਂਸਲਰ ਰਮੇਸ਼ ਕੁਮਾਰ ਨੂੰ ਪੁੱਛਿਆ ਕਿ ਉਹ ਉਨਾਂ ਦੇ ਗੁਆਂਢ ‘ਚ ਰਹਿੰਦੇ ਹਨ ਤਾਂ ਉਨਾਂ ਦਾ ਸਰਟੀਫਿਕੇਟ ਖਾਰਿਜ ਕਿਉਂ ਕਰ ਦਿੱਤਾ ਤਾਂ ਕੌਂਸਲਰ ਨੇ ਕਿਹਾ ਕਿ ਤੁਹਾਨੂੰ ਬੋਲਣ ਦੀ ਅਕਲ ਨਹੀ,ਤੂੰ ਮੈਨੂੰ ਕਦੇ ਨਮਸਤੇ ਨਹੀ ਬੁਲਾਈ ਇਸ ਕਰਕੇ ਤੁਹਾਡੇ ਨਾਲ ਇਸ ਤਰ੍ਹਾਂ ਹੋਇਐ।ਲੜਕੀ ਨੇ ਦਾਅਵਾ ਕੀਤਾ ਕਿ ਕੌਂਸਲਰ ਨੇ ਉਸਨੂੰ ਇਹ ਵੀ ਕਿਹਾ ਕਿ ਤੁਸੀਂ ਮੈਨੂੰ ਵੋਟਾਂ ਵੀ ਨਹੀ ਪਾਈਆਂ ਜਦੋਂਕਿ ਮੇਰੀ ਅਜੇ ਤੱਕ ਵੋਟ ਹੀ ਨਹੀ ਬਣੀ।ਪੀੜਿਤ ਲੜਕੀ ਅਨੁਸਾਰ ਹੁਣ ਉਸਨੇ ਕਿਸੇ ਹੋਰ ਵਾਰਡ ਦੇ ਕੌਂਸਲਰ ਤੋਂ ਪ੍ਰਮਾਣਿਤ ਕਰਵਾ ਕੇ ਸਰਟੀਫਿਕੇਟ ਦੁਬਾਰਾ ਬਿਨੈ ਕੀਤਾ ਹੈ ਜਦੋਂਕਿ ਉਸਦੀ 28 ਹਜ਼ਾਰ ਰੁਪਏ ਦੇ ਵਜ਼ੀਫੇ ਤੇ ਸੰਕਟ ਮੰਡਰਾ ਰਿਹੈ।
ਉੱਧਰ ਉਕਤ ਵਿਦਿਆਰਥਣ ਦੀ ਮਾਤਾ ਲਕਸ਼ਮੀ ਦੇਵੀ ਨੇ ਕਿਹਾ ਕਿ ਇੱਕ ਪਾਸੇ ਸਰਕਾਰ ‘ਬੇਟੀ ਬਚਾਉ,ਬੇਟੀ ਪੜਾਉ’ ਦੇ ਨਾਅਰੇ ਦਿੰਦੀ ਹੈ ਦੁੂਜੇ ਪਾਸੇ ਪੜਨ ਵਾਲੀਆਂ ਗ਼ਰੀਬ ਲੜਕੀਆਂ ਨੂੰ ਇਸ ਤਰ੍ਹਾਂ ਖੱਜਲ ਕੀਤਾ ਜਾ ਰਿਹੈ।ਪਰਿਵਾਰ ਨੇ ਹਲਕਾ ਵਿਧਾਇਕਾ ਅਤੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਅਜਿਹੇ ਆਗੂਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਜੋ ਅਹੁਦੇ ਦਾ ਦੁਰਉਪਯੋਗ ਕਰਦੇ ਹਨ।
ਉੱਧਰ ਸੰਪਰਕ ਕਰਨ ਤੇ ‘ਆਪ’ ਕੌਂਸਲਰ ਰਮੇਸ਼ ਕੁਮਾਰ ਨੇ ਕਿਹਾ ਕਿ ਨਿਯਮਾਂ ਮੁਤਾਬਿਕ ਉਸਨੇ ਸਰਟੀਫਿਕੇਟ ਦੀ ਜਾਂਚ-ਪੜਤਾਲ ਲਈ ਸਬੰਧਿਤ ਧਿਰ ਨੂੰ ਫੋਨ ਕੀਤਾ ਪਰ ਉਨਾਂ ਦਾ ਜਵਾਬ ਨਾ ਮਿਲਣ ‘ਤੇ ਉਸਨੂੰ ਖਾਰਿਜ ਕਰਵਾਇਆ ਗਿਆ ਬਾਕੀ ਸਭ ਦੋਸ਼ ਝੂਠੇ ਹਨ,ਨਾਲ ਹੀ ਕੌਂਸਲਰ ਨੇ ਇਹ ਜ਼ਰੂਰ ਮੰਨਿਆ ਕਿ ਉਕਤ ਪਰਿਵਾਰ ਉਸਨੂੰ ਬਣਦਾ ਸਤਿਕਾਰ ਨਹੀ ਦਿੰਦਾ।

Leave a Comment

Will the middle class get relief from the first general budget of Modi 3.0?