
ਬਠਿੰਡਾ,22 ਅਗਸਤ (ਗੁਰਸੇਵਕ ਚੁੱਘੇ ਖੁਰਦ )ਥਾਣਾ ਕੋਤਵਾਲੀ ਬਠਿੰਡਾ ਦੀ ਪੁਲਿਸ ਪਾਰਟੀ ਵੱਲੋਂ ਕਾਰ ਖੋਹਣ ਦੇ ਮਾਮਲੇ ਨੂੰ ਟਰੇਸ ਕਰਦਿਆਂ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਰੋਜ਼ ਥਾਣਾ ਕੋਤਵਾਲੀ ਬਠਿੰਡਾ ਦੀ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਇਲਾਕੇ ਵਿੱਚ ਮੌਜੂਦ ਸੀ। ਇਸ ਦੌਰਾਨ ਕੰਟਰੋਲ ਰੂਮ ਬਠਿੰਡਾ ਤੋਂ ਇਤਲਾਹ ਮਿਲੀ ਕਿ ਸੁਮਿਤ ਕੁਮਾਰ ਪੁੱਤਰ ਮਹਿੰਦਰ ਸਿੰਘ, ਵਾਸੀ ਸੰਧੀਰ, ਜ਼ਿਲ੍ਹਾ ਕਰਨਾਲ, ਉਮਰ ਕਰੀਬ 22 ਸਾਲ ਸੱਟਾਂ ਲੱਗਣ ਕਾਰਨ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਹੈ।ਇਸ ਸਬੰਧੀ ਸ:ਥ: ਬਲਜੀਤ ਸਿੰਘ-02 ਸਮੇਤ ਪੁਲਿਸ ਪਾਰਟੀ ਸਿਵਲ ਹਸਪਤਾਲ ਬਠਿੰਡਾ ਪੁੱਜੀ, ਜਿੱਥੇ ਸੁਮਿਤ ਕੁਮਾਰ ਦੀ ਐੱਮ.ਐੱਲ.ਆਰ. ਹਾਸਲ ਕੀਤੀ ਗਈ। ਡਾਕਟਰ ਵੱਲੋਂ ਉਸ ਦੇ ਇੱਕ ਸੱਟ ਸਰਜ ਅਤੇ ਇੱਕ ਬਲੰਟ ਸੱਟ ਲੱਗਣੀ ਦਰਜ ਕੀਤੀ ਗਈ।ਆਪਣੇ ਬਿਆਨ ਵਿੱਚ ਪੁਲੀਸ ਨੂੰ ਉਸ ਨੇ ਦੱਸਿਆ ਕਿ ਉਹ ਦੋ ਦਿਨ ਪਹਿਲਾਂ ਵਿਕਰਮ ਸੈਣੀ ਨਾਲ ਉਸ ਦੀ ਕਾਰ ਨੰਬਰ HR05BS 8506, ਰੰਗ ਕਾਲਾ, ਮਾਰਕਾ TATA NEXON ’ਤੇ ਬਤੌਰ ਡਰਾਈਵਰ ਟੂਰ ’ਤੇ ਆਇਆ ਸੀ। ਰਾਤ ਕਰੀਬ 11:35 ਵਜੇ ਜਦ ਉਹ ਮੇਨ ਜੀ.ਟੀ. ਰੋਡ ਬਠਿੰਡਾ-ਗੋਨਿਆਣਾ ਨੇੜੇ ਸ਼ਰਾਬ ਦੇ ਠੇਕੇ ਸਾਹਮਣੇ ਬਣੇ ਖੋਖੇ ’ਤੇ ਚਾਹ ਪੀ ਰਿਹਾ ਸੀ ਤਾਂ ਇਸ ਦੌਰਾਨ ਇੱਕ ਮੂੰਹ ਬੰਨ੍ਹੇ ਨੌਜਵਾਨ ਨੇ ਅਚਾਨਕ ਕਾਰ ਦਾ ਸ਼ੀਸ਼ਾ ਖੋਲ੍ਹ ਕੇ ਉਸ ਦੇ ਮੂੰਹ ’ਤੇ ਚਿੱਟੇ ਰੰਗ ਦਾ ਪਰਨਾ ਪਾ ਦਿੱਤਾ। ਉਸ ਨੇ ਆਪਣੇ 4 ਹੋਰ ਸਾਥੀਆਂ ਦੀ ਮਦਦ ਨਾਲ ਸੁਮਿਤ ਕੁਮਾਰ ਨੂੰ ਕਾਰ ਦੀ ਕੰਡਕਟਰ ਸੀਟ ’ਤੇ ਧੱਕ ਦਿੱਤਾ ਅਤੇ ਪਰਨੇ ਨਾਲ ਉਸ ਦਾ ਮੂੰਹ ਬੰਨ੍ਹ ਦਿੱਤਾ। ਇਸ ਤੋਂ ਬਾਅਦ ਉਹ ਉਸ ਨੂੰ ਕਾਰ ਵਿੱਚ ਬਿਠਾ ਕੇ ਮਲੋਟ ਰੋਡ ’ਤੇ ਇੱਕ ਸੁੰਨਸਾਨ ਜਗ੍ਹਾ ’ਤੇ ਲੈ ਗਏ, ਜਿੱਥੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਕੋਲੋਂ 1500 ਰੁਪਏ ਖੋਹ ਲਏ।ਦੋਸ਼ੀ ਕਾਰ ਨੰਬਰ HR05BS 8506 ਖੋਹ ਕੇ ਮੌਕੇ ਤੋਂ ਫਰਾਰ ਹੋ ਗਏ ਅਤੇ ਬਾਅਦ ਵਿੱਚ ਵਿਕਰਮ ਸੈਣੀ ਕੋਲ਼ ਪਹੁੰਚਣ ‘ਤੇ ਉਸ ਨੇ ਉਸ ਨੂੰ ਇਲਾਜ਼ ਲਈ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ।
ਇਸ ਸਬੰਧੀ ਥਾਣਾ ਕੋਤਵਾਲੀ ਬਠਿੰਡਾ ’ਚ ਦਰਜ ਮੁਕੱਦਮਾ ਨੰਬਰ 173 ਅ/ਧ 312 BNS ਦੀ ਤਫਤੀਸ਼ ਦੌਰਾਨ ਵਿਸ਼ਾਲ ਕੁਮਾਰ ਅਤੇ ਮਨਜੋਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਬਾਕੀ 3 ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ।ਪੁਲੀਸ ਵੱਲੋਂ ਦੋਸ਼ੀਆਂ ਪਾਸੋਂ ਖੋਹੀ ਗਈ ਕਾਰ ਅਤੇ 1500 ਰੁਪਏ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀਆਂ ਗਈ ਹੈ।









