“ਡੀ.ਟੀ.ਐਫ਼ ਕਾਰਕੁਨ ਹਜ਼ਾਰਾਂ ਦੀ ਗਿਣਤੀ ਵਿੱਚ ਸਤੌਜ ਪਹੁੰਚਣਗੇ“ :-ਡੀ. ਟੀ. ਐਫ਼. ਪੰਜਾਬ



ਫੋਟੋ ਕੈਪਸ਼ਨ : ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਜਥੇਬੰਦੀ ਦੇ ਆਗੂ ਸਤੌਜ ਰੈਲੀ ਦੀ ਕੰਪੇਨ ਕਰਦੇ ਹੋਏ
ਸੰਗਤ ਮੰਡੀ 21 ਅਗਸਤ ਚਰਨਜੀਤ ਮਛਾਣਾ
ਪੁਰਾਣੀ ਪੈਨਸ਼ਨ ਬਾਹਲੀ ਦੀ ਮੁੱਖ ਮੰਗ ਨੂੰ ਲੈ ਕੇ ਪੁਰਾਣੀ ਪੈਨਸ਼ਨ ਬਹਾਲੀ ਮੰਚ ਵੱਲੋਂ 23 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਵਿੱਚ ਕੀਤੀ ਜਾ ਰਹੀ ਰੈਲੀ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਹਜ਼ਾਰਾਂ ਕਾਰਕੁਨ ਪਹੁੰਚਣਗੇ।ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਬਲਜਿੰਦਰ ਸਿੰਘ ਸਕੱਤਰ ਜਸਵਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲ਼ਾ ,ਫਤਹਿਗੜ੍ਹ ਸਾਹਿਬ, ਲੁਧਿਆਣਾ, ਮਲੇਰਕੋਟਲਾ, ਮੋਗਾ, ਫਿਰੋਜ਼ਪੁਰ, ਜਲੰਧਰ, ਕਪੂਰਥਲਾ, ਗੁਰਦਾਸਪੁਰ, ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਇਸ ਰੈਲੀ ਦੀਆਂ ਤਿਆਰੀਆਂ ਵੱਡੇ ਪੱਧਰ ‘ਤੇ ਚੱਲ ਰਹੀਆਂ ਹਨ ਅਤੇ ਸਤੌਜ ਵਿੱਚ ਵੱਡੇ ਕਾਫ਼ਲੇ ਪਹੁੰਚਣ ਲਈ ਪੂਰੀ ਵਿਉਂਤਬੰਦੀ ਹੋ ਚੁਕੀ ਹੈ ।ਇਹਨਾਂ ਜ਼ਿਲ੍ਹਿਆਂ ਵਿੱਚ ਆਗੂਆਂ ਦੀਆਂ ਟੀਮਾਂ ਜ਼ਿਲ੍ਹੇ ਦੇ ਹਰ ਸਕੂਲ ਵਿੱਚ ਜਾ ਕੇ ਅਧਿਆਪਕਾਂ ਨੂੰ ਇਸ ਰੈਲੀ ‘ਤੇ ਜਾਣ ਲਈ ਤਿਆਰ ਕਰ ਰਹੀਆਂ ਹਨ।
ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਕਾਸ ਗਰਗ ,ਸਹਾਇਕ ਸਕੱਤਰ ਕੁਲਵਿੰਦਰ ਵਿਰਕ ਅਤੇ ਵਿੱਤ ਸਕੱਤਰ ਅਨਿਲ ਭੱਟ ਸਕੱਤਰ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੁਮਾਇੰਦੇ ਵੋਟਾਂ ਤੋਂ ਪਹਿਲਾਂ ਮੁਲਾਜ਼ਮਾਂ ਦੇ ਧਰਨਿਆਂ ਵਿੱਚ ਆ ਕੇ ਮੁਲਾਜ਼ਮਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਪੂਰੀਆਂ ਕਰਨ ਦੇ ਵਾਅਦੇ ਕਰਦੇ ਸਨ ਪਰ ਹੁਣ ਸਾਢੇ ਚਾਰ ਬੀਤ ਜਾਣ ‘ਤੇ ਵੀ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਜਿੰਨ੍ਹਾਂ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨੀ, 18% ਪੈਂਡਿੰਗ ਡੀ.ਏ. ਜਾਰੀ ਕਰਨਾ, 17-07-2020 ਅਤੇ 15-01-2015 ਦੇ ਮੁਲਾਜ਼ਮ ਮਾਰੂ ਪਾਤਰਾਂ ਨੂੰ ਰੱਦ ਕਰਨੇ, ਮੁਲਜ਼ਮਾਂ ਦਾ ਪੇਂਡੂ ਭੱਤੇ ਸਮੇਤ 37 ਤਰਾਂ ਦੇ ਭੱਤੇ ਬਹਾਲ ਕਰਨੇ, ਕੱਚੇ ਮੁਲਾਜ਼ਮ ਅਤੇ ਅਧਿਆਪਕਾਂ ਜਿੰਨ੍ਹਾਂ ਵਿੱਚ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ , ਕੰਪਿਊਟਰ ਅਧਿਆਪਕ, ਐੱਨ.ਐੱਸ.ਕਿਊ.ਐੱਫ਼ . ਅਧੀਨ ਕੰਮ ਕਰਦੇ ਅਧਿਆਪਕ ਪੱਕੇ ਕਰਨੇ ਅਤੇ ਪੇ ਕਮਿਸ਼ਨ ਦੇ ਬਕਾਏ ਜਾਰੀ ਕਰਨ ਵਰਗੀਆਂ ਮੰਗਾਂ ਜਿਉਂ ਦੀਆਂ ਤਿਉਂ ਪੈਂਡਿੰਗ ਪਈਆਂ ਹਨ।
ਬਲਾਕ ਪ੍ਰਧਾਨ ਭੁਪਿੰਦਰ ਮਾਈਸਰਖਾਨਾ, ਭੋਲਾ ਰਾਮ, ਰਾਜਵਿੰਦਰ ਜਲਾਲ ,ਬਲਕਰਨ ਕੋਟਸ਼ਮੀਰ,ਅਤੇ ਜ਼ਿਲ੍ਹਾ ਕਮੇਟੀ ਮੈਂਬਰ ਰਾਮ ਸਿੰਘ ਬਰਾੜ,ਦਰਸ਼ਨ ਸਿੰਘ ਭਗਤਾ, ਜਗਦੀਪ ਸਿੰਘ ਮਾਨ,ਰਣਦੀਪ ਕੌਰ ਖ਼ਾਲਸਾ ਅਤੇ ਬਲਜਿੰਦਰ ਕੌਰ ਨੇ ਕਿਹਾ ਕਿ 23 ਅਗਸਤ ਨੂੰ ਉਹ ਸਤੌਜ ਵਿਖੇ ਮੁੱਖ ਮੰਤਰੀ ਦੇ ਪਿੰਡ ਵਿੱਚ ਆਪਣੀਆਂ ਮੰਗਾਂ ਸਤੌਜ ਦੇ ਲੋਕਾਂ ਨੂੰ ਸਤੌਜ ਦੀ ਸੱਥ ਵਿੱਚ ਸੁਣਾਉਂਣਗੇ ਕਿਉਂਕਿ ਚੰਡੀਗੜ੍ਹ ਅਤੇ ਸੰਗਰੂਰ ਵਿਚਲੀ ਰਿਹਾਇਸ਼ ‘ਤੇ ਪੁਲਿਸ ਲਾ ਕੇ ਆਮ ਆਦਮੀ ਪਾਰਟੀ ਦੇ ਇਹ ਮੁੱਖ ਮੰਤਰੀ ਖ਼ਾਸ ਬਣ ਗਏ ਹਨ।ਆਗੂਆਂ ਨੇ ਕਿਹਾ ਕਿ ਸਤੌਜ ਦੀ ਇਹ ਰੈਲੀ ਲਾ-ਮਿਸਾਲ ਹੋਵੇਗੀ ਅਤੇ ਮੁਲਾਜ਼ਮਾਂ ਦੇ ਸੰਘਰਸ਼ ਦਾ ਇੱਕ ਇਤਿਹਾਸਿਕ ਮੀਲ ਪੱਥਰ ਬਣੇਗੀ।









