Home » ਇਤਿਹਾਸ » ਭਰਵੀਂ ਕਨਵੈਨਸ਼ਨ ਤੇ ਮਾਰਚ ਕਰਕੇ ਮਨਾਇਆ ਸ਼ਹੀਦ ਊਧਮ ਸਿੰਘ ਦਾ ਸ਼ਹਾਦਤ ਦਿਹਾੜਾ

ਭਰਵੀਂ ਕਨਵੈਨਸ਼ਨ ਤੇ ਮਾਰਚ ਕਰਕੇ ਮਨਾਇਆ ਸ਼ਹੀਦ ਊਧਮ ਸਿੰਘ ਦਾ ਸ਼ਹਾਦਤ ਦਿਹਾੜਾ

News Portal Development Companies In India

ਬਠਿੰਡਾ ; 31 ਜੁਲਾਈ (ਗੁਰਸੇਵਕ ਸਿੰਘ ਚੁੱਘੇ ਖੁਰਦ )ਸ਼ਹੀਦ ਭਗਤ ਸਿੰਘ ਨੌਜਵਿਨ ਸਭਾ (ਐਸਬੀਵਾਈਐਫ), ਇਨਕਲਾਬੀ ਨੌਜਵਾਨ ਸਭਾ (ਆਰਵਾਈਏ), ਪੰਜਾਬ ਸੂਡੈਂਟਸ ਫੈਡਰੇਸ਼ਨ (ਪੀਐੲਐਫ)ਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਈਸਾ) ਵਲੋਂ ਸੁਤੰਤਰਤਾ ਸੰਗਰਾਮ ਦੇ ਮਹਾਨ ਸ਼ਹੀਦ ਊਧਮ ਸਿੰਘ ਸੁਨਾਮ ਉਰਫ ਮੁਹੰਮਦ ਸਿੰਘ ‘ਆਜ਼ਾਦ’ ਦਾ ਸ਼ਹੀਦੀ ਦਿਹਾੜਾ ਇੱਥੋਂ ਦੇ ਟੀਚਰਜ ਹੋਮ ਵਿਖੇ ਪ੍ਰਭਾਵਸ਼ਾਲੀ ਕਨਵੈਨਸ਼ਨ ਕਰ ਕੇ ਮਨਾਇਆ ਗਿਆ। ਆਈਸਾ ਦੀ ਕੇਂਦਰੀ ਕਮੇਟੀ ਦੀ ਮੈਂਬਰ ਸਾਥੀ ਅੰਜਲੀ ‘ਨਸ਼ੇ ਨਹੀਂ ਰੁਜ਼ਗਾਰ ਦਿਉ’ ਦੇ ਨਾਅਰੇ ਤਹਿਤ ਸੱਦੀ ਗਈ ਇਸ ਕਨਵੈਨਸ਼ਨ ਦੇ ਮੁੱਖ ਬੁਲਾਰੇ ਸਨ। ਉਨ੍ਹਾਂ ਜੰਤਰ-ਮੰਤਰ ਵਿਖੇ ਲੜੇ ਗਏ ਸ਼ਾਨਾਮੱਤੇ ਘੋਲ, ਜੋ ਬਿਜਲੀ ਦੀ ਗਤੀ ਨਾਲ ਦੇਸ਼ ਦੇ ਵੱਖੋ-ਵੱਖ ਹਿੱਸਿਆਂ ‘ਚ ਫੈਲ ਗਿਆ ਸੀ, ‘ਤੇ ਢਾਹੇ ਗਏ ਹੁਕੂਮਤੀ ਜਬਰ ਤੇ ਸਾਜਿਸ਼ਾਂ, ਸੰਘੀ ਸੰਗਠਨਾਂ ਦੇ ਪਾਲੇ ਗੁੰਡਿਆਂ ਦੀ ਬੁਰਛਾਗਰਦੀ ਤੇ ਘੋਲ ਦੀਆਂ ਹਾਂ-ਪੱਖੀ ਪ੍ਰਾਪਤੀਆਂ ਬਾਰੇ ਵਿਸਤਾਰ ਨਾਲ ਚਾਣਨਾ ਪਾਇਆ। ਸਾਥੀ ਅੰਜਲੀ ਨੇ ਕਿਹਾ ਕਿ ਅੰਦੋਲਨ ਦਾ ਸਭ ਤੋਂ ਵੱਡਾ ਸਬਕ ਇਹ ਹੈ ਕਿ ਦੇਸ਼ ਦਾ ਭਵਿੱਖ ਸੰਵਾਰਨ ਲਈ ਸਾਂਝੇ ਮੋਰਚੇ ਬਣਾ ਕੇ ਕੈਂਪਸ ਚੋਂ ਏਬੀਵੀਪੀ, ਰਾਜਨੀਤੀ ਚੋਂ ਭਾਜਪਾ ਤੇ ਸਮਾਜ ਚੋਂ ਆਰ.ਐਸ.ਐਸ ਤੇ ਸੰਘ ਪ੍ਰੀਵਾਰ ਪੂਰੀ ਤਰ੍ਹਾਂ ਅਲੱਗ-ਥਲੱਗ ਕਰ ਦਿੱਤੇ ਜਾਣ। ਇਸ ਮੌਕੇ ਧਰਮਿੰਦਰ ਸਿੰਘ ਮੁਕੇਰੀਆਂ, ਹੈਪੀ ਮਾਨ, ਗਗਨਦੀਪ, ਸੁਖਜੀਤ ਰਾਮਾਨੰਦੀ ਤੇ ਅਰਮਾਨ ਸਿੰਘ ਨੇ ਵੀ ਵਿਚਾਰ ਰੱਖੇ। ਮੰਚ ਦੀ ਕਾਰਵਾਈ ਹਰਵਿੰਦਰ ਚੋਟੀਆਂ ਨੇ ਚਲਾਈ।
ਬੁਲਾਰਿਆਂ ਨੇ ਅਦੁੱਤੀ ਸ਼ਹੀਦ ਦੀ ਲੋਕ ਪੱਖੀ ਸੋਚ, ਆਪਣੇ ਅਕੀਦੇ ਪ੍ਰਤੀ ਉਨ੍ਹਾਂ ਦੇ ਅਟੁੱਟ ਸਮਰਪਣ ਤੇ ਘਾਲਣਾਵਾਂ ਭਰਪੂਰ ਜੀਵਨ ਬਾਰੇ ਗੱਲ ਕਰਦਿਆਂ ਦੇਸ਼ ਵਾਸੀਆਂ, ਖਾਸ ਕਰਕੇ ਨੌਜਵਾਨੀ ਨੂੰ ਉਨ੍ਹਾਂ ਦੀ ਸੋਚ ਦੇ ਹਾਣੀ ਬਣਨ ਤੇ ਉਨ੍ਹਾਂ ਦੇ ਪਦਚਿਨ੍ਹਾਂ ‘ਤੇ ਚੱਲਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਜਿੰਨੀ ਘ੍ਰਿਣਾ ਪੂਰੀ ਦੁਨੀਆ ਨੂੰ ਗੁਲਾਮ ਬਣਾਉਣ ਵਾਲੇ ਸਾਮਰਾਜੀ ਧਾੜਵੀਆਂ ਤੇ ਪੂੰਜੀਪਤੀ ਲੁਟੇਰਿਆਂ ਨੂੰ ਕਰਦੇ ਸਨ, ਉਸ ਤੋਂ ਕਿਤੇ ਵਧੇਰੇ ਨਫਰਤ ਉਹ ਹਰ ਧਰਮ ਵਿਚਲੇ ਕੱਟੜਪੰਥੀਆਂ ਨੂੰ ਕਰਦੇ ਸਨ। ਸਾਂਝੀਵਾਲਤਾ ਦੇ ਮੁਦੱਈ ਹੋਣ ਕਰਕੇ ਹੀ ਉਨ੍ਹਾਂ ਨੇ ਆਪਣਾ ਨਾਂ ਮੁਹੰਮਦ ਸਿੰਘ ‘ਆਜ਼ਾਦ’ ਰੱਖਿਆ ਸੀ। ਜੱਜ ਦੇ ਸਾਹਮਣੇ ਉਨ੍ਹਾਂ ਦਾ ਇਹ ਕਹਿਣਾ ਕਿ ਉਹ ਅੰਗ੍ਰੇਜ਼ ਕੌਮ ਨੂੰ ਨਹੀਂ, ਸਿਰਫ਼ ਤੇ ਸਿਰਫ ਸਾਮਰਾਜੀਆਂ ਤੇ ਪੂੰਜੀਵਾਦੀਆਂ ਨੂੰ ਨਫਰਤ ਕਰਦੇ ਹਨ, ਉਨ੍ਹਾਂ ਦੀ ਵਿਸ਼ਾਲ ਸੋਚਣੀ ਦਾ ਪ੍ਰਤੱਖ ਪ੍ਰਮਾਣ ਹੈ। ਬੁਲਾਰਿਆਂ ਨੇ ਕਿਹਾ ਕਿ ਜਿਸ ਸਾਮਰਾਜ ਤੋਂ ਮਾਨਵਤਾ ਦੀ ਮੁਕਤੀ ਲਈ ਸ਼ਹੀਦ ਨੇ ਆਪਣਾ ਜੀਵਨ ਦਾਅ ‘ਤੇ ਲਾਇਆ ਸੀ, ਉਹੀ ਸਾਮਰਾਜ, ਖਾਸ ਕਰਕੇ ਅਮਰੀਕਾ, ਅਜੋਕੇ ਸਮੇਂ ‘ਚ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਦੇ ਦੌਰ ਨਾਲੋਂ ਵੀ ਕਿਤੇ ਵੱਧ ਖੂੰਖਾਰ ਹੋ ਗਿਆ ਹੈ। ਗਲੋਬ ਦੇ ਕਿਸੇ ਵੀ ਹਿੱਸੇ ‘ਚ ਜਾਰੀ ਜੰਗਾਂ, ਤਖ਼ਤਾ ਪਲਟ ਦੀਆਂ ਸਾਜਿਸ਼ਾਂ, ਖੂਨ-ਖਰਾਬੇ, ਖਾਨਾਜੰਗੀ ਜਾਂ ਦਹਿਸ਼ਤਗਰਦੀ ਪਿੱਛੇ ਅਮਰੀਕੀ ਸਾਮਰਾਜ ਤੇ ਇਸ ਦੇ ਜੋਟੀਦਾਰਾਂ ਦਾ ਹੱਥ ਹੁੰਦਾ ਹੈ।ਪੂੰਜੀਵਾਦੀ ਦੇਸ਼ਾਂ ਦੇ ਹੁਕਮਰਾਨ ਆਪੋ-ਆਪਣੇ ਦੇਸ਼ ਜਾਂ ਲੋਕਾਂ ਦੇ ਹਿਤਾਂ ਦੀ ਰਾਖੀ ਤੋਂ ਮੂੰਹ ਮੋੜ ਕੇ ਸਾਮਰਾਜ ਨਿਰਦੇਸ਼ਤ ਨਵ ਉਦਾਰਵਾਦੀ ਨੀਤੀਆਂ ਲਾਗੂ ਕਰ ਰਹੇ ਹਨ, ਜਿਸ ਨਾਲ ਗਰੀਬੀ-ਅਮੀਰੀ ਦਾ ਪਾੜਾ, ਮਹਿੰਗਾਈ-ਬੇਕਾਰੀ ਤੇ ਅਪਰਾਧ ਛਾਲਾਂ ਮਾਰ ਕੇ ਵਧ ਰਹੇ ਹਨ ਅਤੇ ਸਿੱਖਿਆ, ਸਿਹਤ ਸਹੂਲਤਾਂ ਤੇ ਸਮਾਜਿਕ ਸੁਰੱਖਿਆ ਲੋਕਾਂ ਤੋਂ ਖੋਹੀ ਜਾ ਰਹੀ ਹੈ। ਸਾਮਰਾਜੀ ਜਰਵਾਣੇ, ਲੋਕ-ਰਾਜ, ਫੈਡਰਲਿਜ਼ਮ, ਭਾਈਚਾਰਕ ਸਾਂਝ ਤੇ ਜਮਾਤੀ ਚੇਤਨਾ ਨੂੰ ਆਪਣੇ ਰਾਹ ਦਾ ਸਭ ਤੋਂ ਵੱਡਾ ਰੋੜਾ ਸਮਝਦੇ ਹਨ। ਇਸੇ ਕਰਕੇ ਸਾਮਰਾਜ ਦੇ ਹੱਥਠੋਕੇ ਹਾਕਮ ਤਾਨਾਸ਼ਾਹੀ ਵੱਲ ਵਧ ਰਹੇ ਹਨ। ਭਾਰਤ ਦੀ ਮੋਦੀ ਹੁਕੂਮਤ ਇਸ ਵਰਤਾਰੇ ਦੀ ਸਭ ਤੋਂ ਭੱਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਵਿਉਪਾਰ ਸਮਝੌਤੇ (ਐਫਟੀਏ) ਦੁਨੀਆ ਦੇ ਸਮੁੱਚੇ ਦੇਸ਼ਾਂ ਦੇ ਕਾਰੋਬਾਰ ਤੇ ਨੀਤੀ-ਚੌਖਟੇ ਨੂੰ ਆਪਣੇ ਮੁਤਾਬਕ ਢਾਲਣ ਦਾ ਸਾਮਰਾਜੀਆਂ ਦਾ ਨਵਾਂ ਹਥਿਆਰ ਹੈ।
ਉਨ੍ਹਾਂ ਕਿਹਾ ਕਿ ਸਾਮਰਾਜੀਏ, ਮੌਜੂਦ ਵਿਸ਼ਵ ਨਿਜ਼ਾਮ (ਵਰਲਡ ਆਰਡਰ) ਨੂੰ ਜਿਉਂ ਦਾ ਤਿਉਂ ਕਾਇਮ ਰੱਖਣ ਤੇ ਕਿਰਤੀ ਲੋਕਾਈ ਨੂੰ ਸਮਾਜਿਕ ਤਬਦੀਲੀ ਦੇ ਲੋਕ ਯੁੱਧ ਦੇ ਰਾਹ ਪੈਣੋਂ ਰੋਕਣ ਲਈ ਸੰਸਾਰ ਦੇ ਹਰ ਖੂੰਜੇ ‘ਚ ਸੱਜ ਪਿਛਾਖੜੀਆਂ ਤੇ ਕਟੜਪ੍ਰਸਤਾਂ, ਜੋ ਲੋਕਾਂ ਨੂੰ ਨਸਲ-ਧਰਮ ਆਦਿ ਦੇ ਨਾਂ ‘ਤੇ ਇਕ-ਦੂਜੇ ਦੇ ਵੈਰੀ ਬਣਾਉਂਦੇ ਹਨ, ਦਾ ਬੋਲਬਾਲਾ ਕਾਇਮ ਕਰਨ ਲੱਗੇ ਹੋਏ ਹਨ। ਭਾਰਤ ਅੰਦਰ ਭਾਜਪਾ, ਜੋ ਫਿਰਕੂ-ਫਾਸ਼ੀ, ਤਾਨਾਸ਼ਾਹ ਸੰਗਠਨ ਆਰ.ਐਸ.ਐਸ. ਦਾ ਸਿਆਸੀ ਵਿੰਗ ਹੈ, ਦੀ ਅਗਵਾਈ ਵਾਲੀ ਮੋਦੀ ਸਰਕਾਰ, ਸਾਮਰਾਜੀ ਚਾਕਰੀ ਦੀ ਸੱਭ ਤੋਂ ਭੱਦੀ ਵੰਨਗੀ ਹੈ। ਇਹ ਸਰਕਾਰ, ਆਪਣੇ ਨਾਗਪੁਰੀ ਆਕਾਵਾਂ ਦੇ ਹੁਕਮਾਂ ਤਹਿਤ ਨਾ ਕੇਵਲ ਦੇਸ਼ ਤੇ ਦੇਸ਼ ਵਾਸੀਆਂ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ਲਾਗੂ ਕਰ ਰਹੀ ਹੈ, ਬਲਕਿ ਦੇਸ਼ ਦੇ ਗਰੀਬਾਂ ਦਰਮਿਆਨ ਧਰਮ ਦੇ ਆਧਾਰ ‘ਤੇ ਖਾਨਾਜੰਗੀ ਭੜਕਾਉਣ ਦੇ ਆਹਰ ਵੀ ਲੱਗੀ ਹੋਈ ਹੈ। ਆਗੂਆਂ ਨੇ ਕਿਹਾ ਕਿ ਸਾਮਰਾਜ ਤੇ ਫਿਰਕੂ-ਫਾਸ਼ੀਵਾਦ ਤੋਂ ਮੁਕਤੀ ਹਾਸਲ ਕੀਤੇ ਬਗੈਰ ਭਾਰਤੀ ਆਵਾਮ ਦੀ ਬਿਹਤਰੀ ਬਾਰੇ ਸੋਚਿਆ ਤੱਕ ਵੀ ਨਹੀਂ ਜਾ ਸਕਦਾ। ਨਵ-ਬਸਤੀਵਾਦੀ ਗੁਲਾਮੀ ਦੇ ਜੂਲੇ ਤੋਂ ਮੁਕਤੀ ਪਾਉਣ ਲਈ ਦੇਸ਼ ਵਾਸੀਆਂ ਨੂੰ ਸਾਮਰਾਜ ਤੇ ਫਿਰਕੂ-ਫਾਸ਼ੀਵਾਦ ਖਿਲਾਫ ਆਜ਼ਾਦੀ ਦਾ ਇਕ ਹੋਰ ਯੁੱਧ ਲੜਨਾ ਹੋਵੇਗਾ।
ਕਨਵੈਨਸ਼ਨ ਵਲੋਂ ਸਰਵ ਸੰਮਤੀ ਨਾਲ ਪਾਸ ਕੀਤੇ ਇਕ ਮਤੇ ਰਾਹੀਂ ਨਿਤ ਵਧ ਰਹੀ ਬੇਰੁਜ਼ਗਾਰੀ ਤੇ ਮਹਿੰਗਾਈ, ਸਿੱਖਿਆ ਤੰਤਰ ਦੀ ਤਬਾਹੀ, ਜਮਹੂਰੀਅਤ ਦੇ ਖਾਤਮੇ ਦੇ ਕੋਝੇ ਯਤਨ ਆਦਿ ਖਿਲਾਫ 28 ਸਤੰਬਰ ਤੱਕ ਯੁਵਕ ਚੇਤਨਾ ਮੁਹਿੰਮ ਚਲਾਉਣ ਦਾ ਨਿਰਣਾ ਲਿਆ ਗਿਆ ਹੈ।
ਇਕ ਵੱਖਰੇ ਮਤੇ ਰਾਹੀਂ ਪੰਜਾਬ ‘ਚ ਸੰਘਰਸ਼ੀ ਧਿਰਾਂ ‘ਤੇ ਢਾਹੇ ਜਾ ਰਹੇ ਰਾਜਕੀ ਦਮਨ ਖਿਲਾਫ ਜਨਤਕ ਲਹਿਰ ਉਸਾਰਨ ਦਾ ਫੈਸਲਾ ਲਿਆ ਗਿਆ ਹੈ।

Leave a Comment

Will the middle class get relief from the first general budget of Modi 3.0?