ਕੈਂਪ ਦੌਰਾਨ 60 ਲੋਕਾਂ ਦੀਆਂ ਅੱਖਾਂ ਦੀ ਕੀਤੀ ਗਈ ਜਾਂਚ
42 ਲੋੜਵੰਦ ਲੋਕਾਂ ਨੂੰ ਦਿੱਤੀਆਂ ਗਈਆਂ ਐਨਕਾਂ

ਸੰਗਤ ਮੰਡੀ 20 ਅਗਸਤ ,ਚਰਨਜੀਤ ਮਛਾਣਾ
ਸਿਵਲ ਸਰਜਨ ਬਠਿੰਡਾ ਡਾ.ਤਪਿੰਦਰਜੋਤ ਕੌਸ਼ਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਪਮਿਲ ਬਾਂਸਲ ਦੀ ਪ੍ਰਧਾਨਗੀ ਹੇਠ ਅੱਜ ਸਮੂਦਾਇਕ ਸਿਹਤ ਕੇਂਦਰ ਸੰਗਤ ਵਿਖੇ ਅੱਖਾਂ ਦੀ ਜਾਂਚ ਲਈ ਕੈਂਪ ਲਗਾਇਆ ਗਿਆ। ਜਿਸ ਵਿਚ ਸਰਕਾਰੀ ਹਸਪਤਾਲ ਬਠਿੰਡਾ ਤੋਂ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਪੱਲਵੀ ਕੱਕੜ ਵੱਲੋਂ 60 ਲੋਕਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਅਤੇ 42 ਲੋੜਵੰਦ ਲੋਕਾਂ ਨੂੰ ਐਨਕਾਂ ਵੰਡੀਆਂ ਗਈਆਂ । ਇਸ ਮੌਕੇ ਅਪਥਾਲਮਿਕ ਅਫ਼ਸਰ ਕ੍ਰਿਸ਼ਨਾ ਦੇਵੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਡਾ.ਪੱਲਵੀ ਕੱਕੜ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਖਾਂ ਸਾਡੇ ਸਰੀਰ ਦਾ ਬਹੁਤ ਹੀ ਕੀਮਤੀ ਅਤੇ ਮਹੱਤਵਪੂਰਨ ਅੰਗ ਹਨ, ਇਸ ਲਈ ਇਨ੍ਹਾਂ ਦੀ ਸੰਭਾਲ ਕਰਨਾ ਬਹੁਤ ਜ਼ਰੂਰੀ ਹੈ। ਅੱਖਾਂ ਨੂੰ ਸਿਹਤਮੰਦ ਰੱਖਣ ਲਈ ਸਾਨੂੰ ਸੰਤੁਲਿਤ ਅਤੇ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ ਖ਼ਾਸ ਕਰਕੇ ਵਿਟਾਮਿਨ ਏ ਵਾਲੀਆਂ ਚੀਜ਼ਾਂ ਜਿਵੇਂ ਗਾਜਰ, ਹਰੀਆਂ ਸਬਜ਼ੀਆਂ, ਦੁੱਧ ਅਤੇ ਫ਼ਲ ਆਦਿ। ਮੋਬਾਈਲ, ਟੀਵੀ ਅਤੇ ਕੰਪਿਊਟਰ ਦੀ ਸਕ੍ਰੀਨ ਲੰਬੇ ਸਮੇਂ ਤੱਕ ਲਗਾਤਾਰ ਨਹੀਂ ਦੇਖਣੀ ਚਾਹੀਦੀ ਅਤੇ ਵਿਚਕਾਰ ਅੱਖਾਂ ਨੂੰ ਆਰਾਮ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਗੰਦੇ ਹੱਥਾਂ ਨਾਲ ਅੱਖਾਂ ਨੂੰ ਨਾ ਛੂਹੋ ਅਤੇ ਧੂੜ, ਧੂੰਏਂ ਤੇ ਤੇਜ਼ ਧੁੱਪ ਤੋਂ ਬਚਾਅ ਕਰੋ। ਜੇ ਅੱਖਾਂ ਵਿੱਚ ਦਰਦ, ਲਾਲੀ, ਪਾਣੀ ਆਉਣਾ ਜਾਂ ਧੁੰਦਲਾ ਦਿਖਾਈ ਦੇਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ। ਸਿਹਤਮੰਦ ਅੱਖਾਂ ਸਾਨੂੰ ਸੁੰਦਰ ਦੁਨੀਆ ਨੂੰ ਸਾਫ਼ ਤਰੀਕੇ ਨਾਲ ਦੇਖਣ ਵਿੱਚ ਮਦਦ ਕਰਦੀਆਂ ਹਨ।
ਇਸ ਮੌਕੇ ਸਾਹਿਲ ਪੁਰੀ ਬਲਾਕ ਹੈਲਥ ਐਜੂਕੇਟਰ, ਸੁਪਰਵਾਈਜ਼ਰ ਪਰਮਿੰਦਰ ਕੌਰ, ਜਸਪਾਲ ਕੌਰ, ਸਿਹਤ ਵਰਕਰ ਪਰਮਿੰਦਰ ਸਿੰਘ, ਵੀਰਪਾਲ ਕੌਰ ਸਟਾਫ ਹਾਜ਼ਰ ਸਨ।
ਫੋਟੋ ਕੈਪਸ਼ਨ – ਕੈਂਪ ਦੌਰਾਨ ਅੱਖਾਂ ਦੀ ਜਾਂਚ ਕਰਦੇ ਕਰਮਚਾਰੀ ।









