
ਸੰਗਤ ਮੰਡੀ,23 ਜੁਲਾਈ (ਯ ਪ )ਬੀਤੀ 10 ਜੁਲਾਈ ਨੂੰ ਪੇਂਡੂ ਵਿਕਾਸ ਨੂੰ ਨਵੀਂ ਦਿਸ਼ਾ ਦੇਣ ਲਈ ਪ੍ਰਦੇਸ਼ਕ ਦਿਹਾਤੀ ਵਿਕਾਸ ਸੰਸਥਾ ਅਤੇ ਪੰਚਾਇਤੀ ਰਾਜ, ਸੰਗਤ ਵੱਲੋਂ ‘ਗੁਣਵਤਾ ਵਾਲ਼ੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ’ ਸੰਬੰਧੀ ਸੰਗਤ ਬਲਾਕ ਵਿਖੇ ਇੱਕ ਰੋਜ਼ਾ ਕੈੰਪ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਆਸ-ਪਾਸ ਦੇ ਪਿੰਡਾਂ ਦੇ ਸਰਪੰਚਾਂ-ਪੰਚਾਂ, ਆਂਗਣਵਾੜੀ ਵਰਕਰਾਂ ਅਤੇ ਪੰਚਾਇਤੀ ਵਿਭਾਗ ਦੇ ਕਰਮਚਾਰੀਆਂ ਨੇ ਭਾਗ ਲਿਆ।ਕੈੰਪ ਦੌਰਾਨ ਰਜਿੰਦਰ ਸਿੰਘ ਅਤੇ ਨਿਸ਼ਾ ਰਾਣੀ ਨੇ ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਤਿਆਰ ਕਰਨ ਦੇ ਨਵੇਂ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਉਹਨਾਂ ਦੱਸਿਆ ਕਿ ਹੁਣ ਹਰ ਪਿੰਡ ਡੀ ਵਿਕਾਸ ਯੋਜਨਾ ਸਥਾਨਕ ਸਵੈ ਸਰਕਾਰ ਵੱਲੋਂ ਤਿਆਰ ਕੀਤੇ 9 ਥੀਮਾਂ ਜਿੰਨ੍ਹਾਂ ਵਿੱਚ ਗ਼ਰੀਬੀ ਮੁਕਤ ਅਤੇ ਰੋਜ਼ਗਾਰ ਵਾਲਾ ਪਿੰਡ, ਸਿਹਤਮੰਦ ਪਿੰਡ,ਬੱਚਿਆਂ ਲਈ ਅਨੁਕੂਲ ਪਿੰਡ ,ਵਰਤੋਯੋਗ ਪਾਣੀ ਲਈ ਸਵੈ ਨਿਰਭਰ ਪਿੰਡ ,ਸਾਫ਼ ਤੇ ਹਰਾ ਭਰਾ ਪਿੰਡ, ਬੁਨਿਆਦੀ ਢਾਂਚੇ ਵਿੱਚ ਸਵੈ ਨਿਰਭਰ ਪਿੰਡ, ਸਮਾਜਿਕ ਤੌਰ ‘ਤੇ ਸੁਰੱਖਿਅਤ ਪਿੰਡ ,ਚੰਗੇ ਪ੍ਰਸ਼ਾਸਨ ਵਾਲਾ ਪਿੰਡ,ਅਤੇ ਔਰਤਾਂ ਲਈ ਅਨੁਕੂਲ ਪਿੰਡ ਆਦਿ ਸ਼ਾਮਿਲ ਹਨ ,ਦੇ ਅਧਾਰ ’ਤੇ ਬਣੇਗੀ ।ਅਧਿਕਾਰੀਆਂ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਦਾ ਉਦੇਸ਼ ਹਰ ਪਿੰਡ ਨੂੰ ਸਥਾਨਕ ਲੋੜਾਂ ਮੁਤਾਬਿਕ ਵਿਕਸਿਤ ਕਰਨਾ ਹੈ ਤਾਂ ਜੋ ਪਿੰਡਾਂ ਵਿੱਚ ਸਿਹਤ, ਸਿੱਖਿਆ ,ਸਫ਼ਾਈ,ਸੁਰੱਖਿਆ ਆਦਿ ਬੁਨਿਆਦੀ ਸਹੂਲਤਾਂ ਦਾ ਪੱਧਰ ਉੱਚਾ ਚੁਕਿਆ ਜਾ ਸਕੇ ।ਉਹਨਾਂ ਸਰਪੰਚਾਂ ਅਤੇ ਪੰਚਾਂ ਨੂੰ ਇਹਨਾਂ 9 ਥੀਮਾਂ ਦੇ ਅਧਾਰ ‘ਤੇ ਪਿੰਡ ਵਾਸੀਆਂ ਨਾਲ਼ ਮੀਟਿੰਗ ਕਰਕੇ ਪ੍ਰਸਤਾਵ ਤਿਆਰ ਕਰਕੇ ਪੋਰਟਲ ’ਤੇ ਅੱਪਲੋਡ ਕਰਨ ਦੀ ਅਪੀਲ ਕੀਤੀ ।







