Home » ਤਾਜ਼ਾ ਖ਼ਬਰਾਂ » ਸਮਾਜ ਸੇਵੀ ਬਲਬੀਰ ਬੀਰਾ ਨੇ ਪੌਦੇ ਲਗਾ ਕੇ ਮਨਾਇਆ ਜਨਮ ਦਿਨ

ਸਮਾਜ ਸੇਵੀ ਬਲਬੀਰ ਬੀਰਾ ਨੇ ਪੌਦੇ ਲਗਾ ਕੇ ਮਨਾਇਆ ਜਨਮ ਦਿਨ

News Portal Development Companies In India

-ਵਾਤਾਵਰਨ ਪ੍ਰੇਮੀ ਨੌਜਵਾਨਾਂ ਨੂੰ ਦਿੱਤੀ ਵਾਤਾਵਰਨ ਸੰਭਾਲ ਦੀ ਸੇਧ-

ਸੰਗਤ ਮੰਡੀ 16 ਜੁਲਾਈ: (ਯ ਪ )
ਪਿੰਡ ਸੰਗਤ ਕਲਾਂ ਦੇ ਨੌਜਵਾਨ ਅਤੇ ਉੱਘੇ ਸਮਾਜ ਸੇਵੀ ਬਲਬੀਰ ਬੀਰਾ (ਵੀਰਾ) ਵੱਲੋਂ ਅੱਜ ਆਪਣਾ ਜਨਮ ਦਿਨ ਇੱਕ ਨਿਵੇਕਲੇ ਅਤੇ ਸ਼ਲਾਘਾਯੋਗ ਤਰੀਕੇ ਨਾਲ ਮਨਾਇਆ ਗਿਆ। ਇਸ ਖਾਸ ਮੌਕੇ ‘ਤੇ ਉਨ੍ਹਾਂ ਨੇ ਫਾਲਤੂ ਦੇ ਖਰਚਿਆਂ ਤੋਂ ਗੁਰੇਜ਼ ਕਰਦੇ ਹੋਏ ਆਪਣੇ ਯਾਰਾਂ-ਦੋਸਤਾਂ ਦੇ ਨਾਲ ਮਿਲ ਕੇ ਪੌਦੇ ਲਗਾਏ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਇੱਕ ਜਾਗਰੂਕਤਾ ਟੂਰ ਵੀ ਲਗਾਇਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਬਲਬੀਰ ਬੀਰਾ ਨੇ ਕਿਹਾ ਕਿ ਉਹ ਹਰ ਸਾਲ ਆਪਣੇ ਜਨਮ ਦਿਨ ‘ਤੇ ਫਾਲਤੂ ਅਤੇ ਫ਼ਜ਼ੂਲ ਖ਼ਰਚਾ ਕਰਨ ਦੀ ਬਜਾਏ ਪੌਦੇ ਲਗਾ ਕੇ ਵਾਤਾਵਰਨ ਦੀ ਸੇਵਾ ਕਰਦੇ ਹਨ ਅਤੇ ਗਰੀਬ ਲੋਕਾਂ ਦੀ ਲੋੜ ਅਨੁਸਾਰ ਮਦਦ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਾਤਾਵਰਨ ਨੂੰ ਸੇਧ ਦੇਣੀ ਅਤੇ ਇਸ ਦੀ ਸੰਭਾਲ ਕਰਨਾ ਬਹੁਤ ਹੀ ਨੇਕ ਕੰਮ ਹੈ। ਕਰੋਨਾ ਮਹਾਂਮਾਰੀ ਦੇ ਭਿਆਨਕ ਦੌਰ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਸਮੇਂ ਦੇਸ਼ ਅੰਦਰ ਆਕਸੀਜਨ ਦੀ ਭਾਰੀ ਘਾਟ ਪੈਦਾ ਹੋ ਗਈ ਸੀ, ਜਿਸ ਕਾਰਨ ਕਈ ਹੱਸਦੇ-ਖੇਡਦੇ ਪਰਿਵਾਰਾਂ ਦੇ ਚਿਰਾਗ ਬੁੱਝ ਗਏ ਅਤੇ ਕਈ ਕੀਮਤੀ ਜਾਨਾਂ ਚਲੀਆਂ ਗਈਆਂ। ਇਸ ਦੁਖਾਂਤ ਤੋਂ ਸਬਕ ਲੈਂਦਿਆਂ ਹੁਣ ਪੌਦੇ ਲਗਾਉਣੇ ਬਹੁਤ ਜ਼ਰੂਰੀ ਹੋ ਗਏ ਹਨ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਅਸੀਂ ਆਪਣੇ ਰੰਗਲੇ ਪੰਜਾਬ ਨੂੰ ਹਰਿਆ-ਭਰਿਆ ਰੱਖਣਾ ਚਾਹੁੰਦੇ ਹਾਂ, ਤਾਂ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਪੈਣਗੇ।
ਇਸ ਮੌਕੇ ਹਾਜ਼ਰ ਮਾਸਟਰ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਬੀਰ ਬੀਰਾ ਇੱਕ ਸੱਚੇ ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀ ਹਨ। ਜੇਕਰ ਅੱਜ ਦਾ ਹਰ ਇਨਸਾਨ ਉਨ੍ਹਾਂ ਦੀ ਇਸ ਪਵਿੱਤਰ ਸੋਚ ‘ਤੇ ਚੱਲਣਾ ਸ਼ੁਰੂ ਕਰ ਦੇਵੇ ਅਤੇ ਆਪਣੇ ਜਨਮ ਦਿਨ ‘ਤੇ ਘੱਟੋ-ਘੱਟ ਇੱਕ ਪੌਦਾ ਜ਼ਰੂਰ ਲਗਾਵੇ, ਤਾਂ ਅਸੀਂ ਪੂਰੇ ਪੰਜਾਬ ਨੂੰ ਪ੍ਰਦੂਸ਼ਣ ਦੇ ਕਹਿਰ ਤੋਂ ਮੁਕਤ ਕਰ ਸਕਦੇ ਹਾਂ। ਮਾਸਟਰ ਗੁਰਪ੍ਰੀਤ ਨੇ ਇਸ ਨੇਕ ਉਪਰਾਲੇ ਲਈ ਬਲਬੀਰ ਬੀਰਾ ਦਾ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਬਲਬੀਰ ਬੀਰਾ ਦਾ ਹੌਸਲਾ ਵਧਾਉਣ ਅਤੇ ਇਸ ਮੁਹਿੰਮ ਵਿੱਚ ਸਾਥ ਦੇਣ ਲਈ ਉਨ੍ਹਾਂ ਦੇ ਕਰੀਬੀ ਦੋਸਤ ਡਾਕਟਰ ਕੁਲਵੀਰ ਸਿੰਘ, ਮਾਸਟਰ ਗੁਰਪ੍ਰੀਤ ਸਿੰਘ, ਮਿਸਤਰੀ ਜਗਦੀਪ ਸਿੰਘ ਕੋਕਾ, ਮਿਸਤਰੀ ਕਰਮਜੀਤ ਸਿੰਘ, ਲਖਵਿੰਦਰ ਸਿੰਘ ਲੱਖਾ, ਬਲਜੀਤ ਸਿੱਧੂ ਅਤੇ ਸਾਜਨ ਖੁਰਾਣਾ ਸ਼ੇਰਗੜ੍ਹ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਨ੍ਹਾਂ ਸਾਰੇ ਸਾਥੀਆਂ ਨੇ ਬਲਬੀਰ ਬੀਰਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਿਆਂ ਉਨ੍ਹਾਂ ਨੂੰ ਇੱਕ ਸੱਚਾ ਵਾਤਾਵਰਨ ਪ੍ਰੇਮੀ ਦੱਸਿਆ ਅਤੇ ਉਨ੍ਹਾਂ ਦੇ ਇਸ ਸਮਾਜ ਭਲਾਈ ਦੇ ਕਾਰਜ ਦੀ ਜ਼ੋਰਦਾਰ ਸ਼ਲਾਘਾ ਕੀਤੀ।

Leave a Comment

Will the middle class get relief from the first general budget of Modi 3.0?