Home » Today In Focus » ਬਠਿੰਡਾ ਦੀ ਕੈਟਲ ਕਾਰਗਿਲ ਫੀਡ ਫੈਕਟਰੀ ਅੱਗੇ ਕਿਸਾਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

ਬਠਿੰਡਾ ਦੀ ਕੈਟਲ ਕਾਰਗਿਲ ਫੀਡ ਫੈਕਟਰੀ ਅੱਗੇ ਕਿਸਾਨਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ

News Portal Development Companies In India

ਬਠਿੰਡਾ, 20 ਅਗਸਤ (ਗੁਰਸੇਵਕ ਸਿੰਘ ਚੁੱਘੇ ਖੁਰਦ ) ਭਾਰਤ-ਅਮਰੀਕਾ ਵਪਾਰ ਸਮਝੌਤਾ, ਲੈਂਡ ਪੂਲਿੰਗ ਨੀਤੀ, ਕਰਜ਼ਾ ਮੁਕਤੀ, ਜਮੀਨਾਂ ਦੇ ਮਾਲਕੀ ਹੱਕ, ਹੜ੍ਹ ਪੀੜਤਾਂ ਲਈ ਮੁਆਵਜ਼ਾ ਅਤੇ ਪੁਲਿਸ ਜਬਰ ਵਰਗੇ ਮੁੱਦਿਆਂ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਚੱਲ ਰਹੇ ਸੰਘਰਸ਼ਾਂ ਨੂੰ ਕਾਰਪੋਰੇਟਾਂ ਵਿਰੁੱਧ ਸੇਧਤ ਕਰਦਿਆਂ ਸਾਮਰਾਜੀ ਲੁੱਟ ਦੇ ਕਾਰੋਬਾਰਾਂ ਖਿਲਾਫ ਧਰਨੇ ਦੇਣ ਦੇ ਫੈਸਲੇ ਤਹਿਤ ਅੱਜ ਜ਼ਿਲ੍ਹਾ ਬਠਿੰਡਾ ਵਿਖੇ ਖੁਸ਼ਕ ਬੰਦਰਗਾਹ ਵਿੱਚ ਸਥਿੱਤ ਕੈਟਲ ਕਾਰਗਿਲ ਕੰਪਨੀ ਦੀ ਕੈਟਲ ਫੀਡ ਫੈਕਟਰੀ ਅੱਗੇ ਇੱਕ ਰੋਜ਼ਾ ਧਰਨਾ ਦਿੱਤਾ ਜਿਸ ਵਿੱਚ ਬਠਿੰਡਾ, ਮਾਨਸਾ, ਬਰਨਾਲਾ, ਮੋਗਾ, ਲੁਧਿਆਣਾ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨ, ਮਜ਼ਦੂਰ ਅਤੇ ਔਰਤਾਂ ਸ਼ਾਮਿਲ ਹੋਏ। ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ, ਮੀਤ ਪ੍ਰਧਾਨ ਰੂਪ ਸਿੰਘ ਛੰਨਾ, ਔਰਤ ਜਥੇਬੰਦੀ ਦੀ ਸੂਬਾ ਆਗੂ ਹਰਿੰਦਰ ਬਿੰਦੂ, ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ, ਬਰਨਾਲਾ ਤੋਂ ਚਮਕੌਰ ਸਿੰਘ ਨੈਣੇਵਾਲ, ਮੋਗਾ ਤੋਂ ਅਮਰਜੀਤ ਸਿੰਘ ਸੈਦੋਕੇ, ਫਾਜ਼ਿਲਕਾ ਤੋਂ ਜਗਸੀਰ ਸਿੰਘ ਘੋਲਾ ਅਤੇ ਫਰੀਦਕੋਟ ਤੋਂ ਨੱਥਾ ਸਿੰਘ ਰੋੜੀ ਕਪੂਰਾ ਨੇ ਕਿਹਾ ਕਿ ਦੁਨੀਆਂ ਦੀਆਂ ਸਾਮਰਾਜੀ ਰਾਸ਼ਟਰੀ ਬਹੁਰਾਸ਼ਟਰੀ ਕੰਪਨੀਆਂ ਵੱਲੋਂ ਭਾਰਤ ਵਿੱਚ ਵੱਡੇ ਕਾਰੋਬਾਰਾਂ ਰਾਹੀਂ ਦੇਸ਼ ਦੇ ਕਿਰਤੀ ਲੋਕਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ ਅਤੇ ਇਸ ਲੁੱਟ ਨੂੰ ਜਾਰੀ ਰੱਖਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਖੁੱਲ੍ਹੀਆਂ ਛੋਟਾਂ ਦਿੱਤੀਆਂ ਹੋਈਆਂ ਹਨ। ਇਹਨਾਂ ਕੰਪਨੀਆਂ ਨੂੰ ਵੱਡੀਆਂ ਟੈਕਸ ਛੋਟਾਂ ਦੇ ਕੇ ਅਤੇ ਇਹਨਾਂ ਦੇ ਲੱਖਾਂ ਕਰੋੜਾਂ ਦੇ ਕਰਜ਼ੇ ਅਤੇ ਟੈਕਸ ਮੁਆਫ਼ ਕੀਤੇ ਜਾਂਦੇ ਹਨ ਜਦੋਂ ਕਿ ਲੁੱਟ ਦਾ ਸ਼ਿਕਾਰ ਹੋ ਰਹੇ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀ ਲੋਕਾਂ ਸਿਰ ਕਰਜ਼ੇ ਦੀਆਂ ਪੰਡਾਂ ਚੜ੍ਹੀਆਂ ਹੋਈਆਂ ਹਨ ਅਤੇ ਨਿੱਤ ਦਿਨ ਬੇਰੋਕ ਵਧ ਰਹੀ ਮਹਿੰਗਾਈ ਕਰਕੇ ਇਹ ਕਰਜ਼ਾ ਲਗਾਤਾਰ ਵਧ ਰਿਹਾ ਹੈ ਜਿਸ ਕਾਰਨ ਗਰੀਬ ਲੋਕਾਂ ਨੂੰ ਰੋਜ਼ਾਨਾ ਪੂਰੇ ਡੰਗ ਦੀ ਰੋਟੀ ਵੀ ਨਹੀਂ ਮਿਲ ਰਹੀ ਅਤੇ ਖੁਦਕੁਸ਼ੀਆਂ ਅਤੇ ਨਸਿਆਂ ਦੇ ਵਰਤਾਰੇ ਵਿੱਚ ਵਾਧਾ ਹੋ ਰਿਹਾ ਹੈ। ਆਗੂਆਂ ਨੇ ਐਲਾਨ ਕੀਤਾ ਕਿ 30 ਅਗਸਤ ਤੋਂ ਇਹਨਾਂ ਮੰਗਾਂ ਤੇ ਪੂਰਤੀ ਲਈ ਜ਼ਿਲ੍ਹਾ ਦਫਤਰਾਂ ਅੱਗੇ ਪੱਕੇ ਮੋਰਚੇ ਲਾਏ ਜਾਣਗੇ। ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਵਾਰਤਾ, ਸਭਨਾਂ ਸਾਮਰਾਜੀ ਮੁਲਕਾਂ ਨਾਲ ਕੀਤੇ ਹੋਏ ਮੁਕਤ ਵਪਾਰ ਸਮਝੌਤੇ,ਮੁੜ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਨੀਤੀ ਦੀ ਵਿਉਂਤ ਰੱਦ ਕਰਨ ਅਤੇ ਆਬਾਦਕਾਰਾਂ, ਸਾਬਕਾ ਮੁਜਾਰੇ ਕਿਸਾਨਾਂ ਸਮੇਤ ਦਹਾਕਿਆਂ ਤੋਂ ਕਾਸ਼ਤਕਾਰ ਤੁਰੇ ਆ ਰਹੇ ਕਿਸਾਨਾਂ ਖੇਤ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣ, ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੋਰਨਾਂ ਦਿਹਾੜੀਦਾਰ ਕਿਰਤੀਆਂ ਦੇ ਸਾਰੇ ਕਰਜ਼ੇ ਖਤਮ ਕਰਨ,ਖੁਦਕੁਸ਼ੀ ਪੀੜਿਤ ਪਰਿਵਾਰਾਂ ਨੂੰ ਨੌਕਰੀ ਤੇ ਮੁਆਵਜ਼ਾ ਦੇਣ,ਕਿਸਾਨਾਂ, ਖੇਤ ਮਜ਼ਦੂਰ, ਵਾਤਾਵਰਨ ਪੱਖੀ ਅਤੇ ਕਾਰਪੋਰੇਟਾਂ ਤੇ ਜਗੀਰਦਾਰਾਂ ਵਿਰੋਧੀ ਪੰਜਾਬ ਦੀ ਖੇਤੀ ਨੀਤੀ ਬਣਾਉਣ ਤੇ ਲਾਗੂ ਕਰਨ ,ਸੰਘਰਸ਼ਾਂ ਦੌਰਾਨ ਕਿਸਾਨ ਆਗੂਆਂ/ਵਰਕਰਾਂ ‘ਤੇ ਪਾਏ ਸਾਰੇ ਝੂਠੇ ਕੇਸ ਅਤੇ ਪਰਾਲੀ ਸਾੜਨ ਦੇ ਦਰਜ ਕੀਤੇ ਕੇਸ ਰੱਦ ਕਰਨ, ਸੂਬੇ ਅੰਦਰ ਸੰਘਰਸ਼ ਕਰਦੇ ਲੋਕਾਂ ‘ਤੇ ਜਬਰ ਢਾਉਣਾ ਬੰਦ ਕਰਨ ਆਦਿ ਅਨੇਕਾਂ ਲੋਕ ਪੱਖੀ ਮੰਗਾਂ ਰੱਖੀਆਂ । ਅੱਜ ਦੇ ਇਕੱਠ ਵਲੋਂ ਲੋਕ ਅਵਾਜ਼ ਟੀ ਵੀ ਦੇ ਪੱਤਰਕਾਰ ਮਨਿੰਦਰਜੀਤ ਸਿੱਧੂ ਤੇ ਕਤਲ ਵਰਗੀਆਂ ਸਖ਼ਤ ਧਰਾਵਾਂ ਤਹਿਤ ਪਰਚਾ ਦਰਜ ਕਰਨ ਦੀ ਨਿਖੇਧੀ ਕੀਤੀ ਅਤੇ ਇਹ ਝੂੱਠਾ ਪਰਚਾ ਤਰੰਤ ਰੱਦ ਕਰਨ ਦੀ ਮੰਗ ਕੀਤੀ। ਅੱਜ ਇਸ ਤੋਂ ਪਹਿਲਾਂ ਮੌੜ ਜੋਨ ਏਰੀਏ ਵਿੱਚ ਡਰੋਨ ਨਾਲ ਨਿਰੀਖਣ ਕਰਨ ਸਬੰਧੀ ਐਸਡੀਐਮ ਮੌੜ ਨੂੰ ਆਪਣੀ ਟੀਮ ਨਾਲ ਮਿਲ ਕੇ ਆਏ ਪ੍ਰਧਾਨ ਝੰਡਾ ਸਿੰਘ ਸਿੰਘ ਜੇਠੂਕੇ ਨੇ ਕਿਹਾ ਪਿੰਡ ਦੇ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਪਿੰਡਾਂ ਜਾਂ ਖੇਤਾਂ ਵਿੱਚ ਨਿਰੀਖਣ ਕਰਨ ਆਏ ਅਧਿਕਾਰੀਆਂ ਦਾ ਵਿਰੋਧ ਕੀਤਾ ਜਾਵੇਗਾ।

Leave a Comment

Will the middle class get relief from the first general budget of Modi 3.0?