
ਫਿਰੋਜ਼ਪੁਰ, 15 ਅਗਸਤ (ਯੰਗ ਪੀਡੀਆ ਸਰਵਿਸ )
80ਵੇਂ ਆਜ਼ਾਦੀ ਦਿਵਸ ਮੌਕੇ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਨੇ ਫ਼ਿਰੋਜ਼ਪੁਰ ਵਿਖੇ ਆਯੋਜਿਤ ਰਾਜ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।ਸਮਾਗਮ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਸ਼ਨੀਵਾਰ ਸਵੇਰੇ ਹੁਸੈਨੀਵਾਲਾ ਸਥਿਤ ਰਾਸ਼ਟਰੀ ਸ਼ਹੀਦ ਸਮਾਰਕ ਵਿਖੇ ਪਹੁੰਚੇ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਸ਼ਹੀਦਾਂ ਅਤੇ ਹੁਸੈਨੀਵਾਲਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੀਆਂ ਸਮਾਧੀਆਂ ’ਤੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਉਨ੍ਹਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਸ਼ਹੀਦਾਂ ਵੱਲੋਂ ਦਿੱਤੇ ਮਹਾਨ ਬਲੀਦਾਨ ਨੂੰ ਯਾਦ ਕੀਤਾ ਅਤੇ ਦੇਸ਼ ਦੀ ਆਜ਼ਾਦੀ ਲਈ ਉਨ੍ਹਾਂ ਦੇ ਯੋਗਦਾਨ ਨੂੰ ਸਲਾਮ ਕੀਤਾ।ਸਮਾਗਮ ਵਿੱਚ ਪਹੁੰਚ ਕੇ ਤਿਰੰਗਾ ਲਹਿਰਾਉਣ ਅਤੇ ਪਰੇਡ ਦਾ ਨਿਰੀਖਣ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਦਾ ਆਨੰਦ ਮਾਣਿਆ।ਸਮਾਗਮ ਦੌਰਾਨ ਆਪਣੇ ਭਾਸ਼ਣ ਦੀ ਸ਼ੁਰੂਆਤ ਵਿੱਚ ਉਹਨਾਂ ਫਿਰੋਜ਼ਪੁਰ ਦੀ ਧਰਤੀ ਦੀ ਇਤਿਹਾਸਕ ਮਹੱਤਤਾ ਦਸਦਿਆਂ ਸਾਰਾਗੜ੍ਹੀ ਦੇ 21 ਸ਼ਹੀਦਾਂ ਨੂੰ ਯਾਦ ਕੀਤਾ।ਉਹਨਾਂ ਕਰਤਾਰ ਸਿੰਘ ਸਰਾਭਾ ਦੀਆਂ ਸਤਰਾਂ ‘ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ….“ ਦਾ ਹਵਾਲਾ ਦਿੰਦੇ ਹੋਏ ਫਿਰੋਜ਼ਪੁਰ ਦੇ ਲੋਕਾਂ ਦੀ ਤਾਰੀਫ ਕੀਤੀ ਜੋ ਸਰਹੱਦੀ ਖੇਤਰ ਕਾਰਨ ਆਉਣ ਵਾਲ਼ੀ ਹਰ ਮੁਸ਼ਕਿਲ ਦਾ ਬੜੀ ਦਲੇਰੀ ਨਾਲ਼ ਸਾਹਮਣਾ ਕਰਦੇ ਹਨ।ਉਹਨਾਂ ਅੱਗੇ ਕਿਹਾ ਕਿ 1947 ਦਾ ਸਭ ਤੋਂ ਵੱਡਾ ਸੰਤਾਪ ਪੰਜਾਬ ਨੇ ਹੰਢਾਇਆ ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ 10 ਲੱਖ ਜਾਨਾ ਗਵਾਉਣੀਆਂ ਪਈਆਂ।ਉਹਨਾਂ ਪੰਜਾਬੀਆਂ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਪੰਜਾਬ ਦੀ ਦੇਸ਼ ਲਈ ਹਰ ਔਖੀ ਘੜੀ ਵਿੱਚ ਵਿਸ਼ੇਸ਼ ਭੂਮਿਕਾ ਰਹੀ ਹੈ।ਦੇਸ਼ ਦੀ ਆਜ਼ਾਦੀ ਲਈ ਪੰਜਾਬ ਦੀਆਂ ਲਹਿਰਾਂ ਜਿਵੇਂ ਕਿ ਕੂਕਾ ਲਹਿਰ,ਪਗੜੀ ਸੰਭਾਲ ਜੱਟਾ,ਗਦਰ ਲਹਿਰ ,ਬੱਬਰ ਅਕਾਲੀ ਲਹਿਰ ਆਦਿ ਦਾ ਖ਼ਾਸ ਯੋਗਦਾਨ ਰਿਹਾ ਹੈ।ਉਹਨਾਂ ਕੁਰਬਾਨੀਆਂ ਦੇਣ ਵਾਲ਼ੇ ਸਾਰੇ ਸ਼ਹੀਦਾਂ ਅਤੇ ਪਰਦੇ ਪਿੱਛੇ ਦੇਸ਼ ਭਗਤੀ ਲਈ ਆਪਣਾ ਹਿੱਸਾ ਪਾਉਣ ਵਾਲ਼ੇ ਦੇਸ਼ ਪ੍ਰੇਮੀਆਂ ਨੂੰ ਸਲਾਮ ਕੀਤਾ।ਆਪ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਸਰਕਾਰੀ ਦਫਤਰਾਂ ‘ਚੋਂ ਮੌਜੂਦਾ ਮੁੱਖ ਮੰਤਰੀ ਦੀ ਫੋਟੋ ਦੀ ਥਾਂ ਭਗਤ ਸਿੰਘ ਅਤੇ ਭੀਮ ਰਾਓ ਅੰਬੇਦਕਰ ਦੀਆਂ ਫੋਟੋਆਂ ਲਗਵਾਈਆਂ ਗਈਆਂ ਅਤੇ ਸ਼ਹੀਦਾਂ ਨੂੰ ਸਤਿਕਾਰ ਦੇਣ ਲਈ ਇੰਟਰਨੈਸ਼ਨਲ ਏਅਰਪੋਰਟ, ਮੁਹਾਲੀ ਦਾ ਨਾਮ ਬਦਲ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਮ ਤੇ ਰੱਖਿਆ ਗਿਆ ਅਤੇ ਉਹਨਾਂ ਦਾ ਇੱਕ ਬੁੱਤ ਵੀ ਬਣਵਾਇਆ ਗਿਆ।
ਸਰਕਾਰ ਵੱਲੋਂ ਦਿੱਤੀਆਂ ਗਰੰਟੀਆਂ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ 74,59000 ਔਰਤਾਂ ਨੂੰ ਰਜਿਸਟਰ ਕੀਤਾ ਗਿਆ ਹੈ ਜਿੰਨ੍ਹਾਂ ਵਿੱਚੋਂ ਹੁਣ ਤੱਕ 65,62000 ਔਰਤਾਂ ਨੂੰ 2274 ਕਰੋੜ ,42 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂ ਚੁਕੀ ਹੈ।ਉਹਨਾਂ ਕਿਹਾ ਕਿ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਰਾਹੀਂ 4 ਲੱਖ ਤੋਂ ਵੱਧ ਯਾਤਰੀ ਸ਼੍ਰੀ ਆਨੰਦਪੁਰ ਸਾਹਿਬ,ਸ਼੍ਰੀ ਅਮ੍ਰਿਤਸਰ ਸਾਹਿਬ ,ਨੈਣਾ ਦੇਵੀ ਦੀ ਯਾਤਰਾ ਕਰ ਚੁੱਕੇ ਹਨ ਅਤੇ ਰਿਸ਼ੀਕੇਸ਼,ਹਰਦੁਆਰ, ਸ਼੍ਰੀ ਖਾਟੂ ਸ਼ਾਮ ਸਾਲਾਸਰ ਅਤੇ ਮਥੁਰਾ ਵਰਿੰਦਾਵਨ ਦੀ ਯਾਤਰਾ ਕਰ ਰਹੇ ਹਨ।ਧਰਮ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਧੂਮਧਾਮ ਨਾਲ਼ ਮਨਾਇਆ ਗਿਆ ਅਤੇ ਪੂਰਾ ਸਾਲ ਚੱਲਣ ਵਾਲ਼ੇ ਸਮਾਗਮਾਂ ਲਈ 100 ਕਰੋੜ ਦਾ ਬਜਟ ਰੱਖਿਆ ਗਿਆ ਹੈ।ਇਸ ਦੇ ਨਾਲ਼ ਹੀ ਉਹਨਾਂ ਦੱਸਿਆ ਕਿ ਪਿਛਲੇ ਵਰ੍ਹੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮਨਾਏ ਗਏ 350ਵੇਂ ਪ੍ਰਕਾਸ਼ ਪੁਰਬ ਦੀ ਚਰਚਾ ਅੰਤਰਰਾਸ਼ਟਰੀ ਪੱਧਰ ‘ਤੇ ਹੋਈ ।
ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਦੀਆਂ ਮੌਜੂਦਾ ਸਿਹਤ ਸੇਵਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ 1100 ਨਵੇਂ ਆਮ ਆਦਮੀ ਕਲੀਨਿਕ ਚੱਲ ਰਹੇ ਹਨ ਅਤੇ 5 ਕਰੋੜ ਤੋਂ ਉੱਪਰ OPD ਹਨ।ਇਸ ਤਰ੍ਹਾਂ ਹੀ ਸਿੱਖਿਆ ਦੇ ਖੇਤਰ ਵਿੱਚ ਵੀ ਪੰਜਾਬ ਨੇ ਬਹੁਤ ਤਰੱਕੀ ਕੀਤੀ ਹੈ।ਉਹਨਾਂ ਦੱਸਿਆ ਕਿ 2021 ਵਿੱਚ ਪੰਜਾਬ ਪ੍ਰਾਇਮਰੀ ਸਿੱਖਿਆ ਵਿੱਚ ਜਿੱਥੇ 27ਵੇਂ ਨੰਬਰ ‘ਤੇ ਸੀ ਉਥੇ ਮੌਜੂਦਾ ਸਮੇਂ ਨੈਸ਼ਨਲ ਰੈਂਕਿੰਗ ਵਿੱਚ ਪੰਜਾਬ ਕੇਰਲਾ ਨੂੰ ਪਛਾੜ ਕੇ ਪਹਿਲੇ ਨੰਬਰ ’ਤੇ ਆ ਗਿਆ ਹੈ।ਇਸ ਤਰ੍ਹਾਂ ਹੀ ਨੀਟ ਬਾਰੇ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸਾਲ 2021 ਵਿੱਚ ਜਿੱਥੇ ਸਰਕਾਰੀ ਸਕੂਲਾਂ ਦੇ ਸਿਰਫ਼ 80 ਬੱਚੇ ਪਾਸ ਹੋਏ ਸਨ ਉਥੇ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਨੀਟ ਕਰਨ ਵਾਲ਼ੇ ਬੱਚਿਆਂ ਦੀ ਗਿਣਤੀ 882 ‘ਤੇ ਪੁੱਜ ਗਈ ਹੈ।ਇਸ ਦੇ ਨਾਲ਼ ਹੀ ਉਹਨਾਂ ਸਰਕਾਰੀ ਸਕੂਲਾਂ ਕੀਤੇ ਵੈਨ ਪ੍ਰਬੰਧ ਅਤੇ ਪ੍ਰਾਈਵੇਟ ਸਕੂਲਾਂ ’ਤੇ 5% ਤੋਂ ਵਧੇਰੇ ਫੀਸ ਵਾਧੇ ਦੀ ਰੋਕ ਨੂੰ ਵੀ ਇੱਕ ਵੱਡੀ ਪ੍ਰਾਪਤੀ ਕਿਹਾ।
ਉਹਨਾਂ ਕਿਹਾ ਕਿ ਖੇਡਾਂ ਵਿੱਚ ਵੀ ਪੰਜਾਬ ਆਪਣੀ ਪੁਰਾਣੀ ਸ਼ਾਨ ਬਹਾਲ ਕਰਦਾ ਜਾ ਰਿਹਾ ਹੈ ਅਤੇ ਵਿਸ਼ਵ ਦੀਆਂ ਵੱਡੀਆਂ ਮੰਨੀਆਂ ਜਾਂਦੀਆਂ ਖੇਡਾਂ ਜਿਵੇਂ ਕ੍ਰਿਕੇਟ,ਹਾਕੀ ਆਦਿ ਦੀਆਂ ਭਾਰਤੀ ਟੀਮਾਂ ਦੀ ਅਗਵਾਈ ਪੰਜਾਬੀ ਕਰ ਰਹੇ ਹਨ।ਉਹਨਾਂ ਇਹ ਵੀਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਹਾਕੀ ਚੈਂਪੀਅਨਸ਼ਿਪ ਟਰਾਫ਼ੀ ਹੋਵੇਗੀ ਅਤੇ ਖੇਡਾਂ ਵਤਨ ਪੰਜਾਬ ਦੀਆਂ ਦਾ ਚੌਥਾ ਸੀਜ਼ਨ 5 ਸਤੰਬਰ ਤੋਂ ਬਠਿੰਡਾ ਤੋਂ ਸ਼ੁਰੂ ਹੋਵੇਗਾ ਜਿਸ ਵਿੱਚ 38 ਖੇਡ ਮੁਕਾਬਲੇ ਕਰਵਾਏ ਜਾਣਗੇ।
ਉਹਨਾਂ ਪਿਛਲੇ ਸਾਲਾਂ ਦੇ ਮੁਕਾਬਲੇ 53% ਪਰਾਲੀ ਸਾੜਨ ਦੇ ਮਾਮਲੇ ਘਟਾਉਣ ਲਈ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਹੋਰ ਘੱਟ ਕਰਨ ਲਈ 25000 ਪਰਾਲੀ ਮਸ਼ੀਨਾਂ ਵੱਡੀ ਸਬਸਿਡੀ ਨਾਲ਼ ਦੇਣ ਦਾ ਐਲਾਨ ਕੀਤਾ।ਸਮਾਗਮ ਦੌਰਾਨ ਉਹਨਾਂ ਨਾਲ਼ ਉਹਨਾਂ ਦੇ ਪਤਨੀ,ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਮੌਜੂਦ ਸਨ।
ਫਿਰੋਜ਼ਪੁਰ ਵਿੱਚ ਪ੍ਰੈੱਸ ਵੱਲੋਂ ਸਮਾਗਮ ਵਿੱਚੋਂ ਵਾਕਆਊਟ

ਫਿਰੋਜ਼ਪੁਰ ਤੋਂ ਵੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਪੁਲੀਸ ਦੇ ਵਿਵਹਾਰ ਨੂੰ ਲੈ ਕੇ ਫਿਰੋਜ਼ਪੁਰ ਦੇ ਪੱਤਰਕਾਰ ਸਮਾਗਮ ਨੂੰ ਛੱਡ ਕੇ ਬਾਹਰ ਆ ਗਏ।ਉਹਨਾਂ ਰੋਸ ਜਤਾਇਆ ਕਿ ਸੱਦਾ ਦੇ ਕੇ ਜ਼ਲੀਲ ਕਰਨਾ ਬਹੁਤ ਬੁਰੀ ਗੱਲ ਹੈ।ਇਸ ਨਾਲ਼ ਲੋਕਤੰਤਰ ਦੇ ਚੌਥੇ ਸਤੰਬ ਦਾ ਨਿਰਾਦਰ ਹੁੰਦਾ ਹੈ ਜੋ ਕਿ ਬਹੁਤ ਨਿੰਦਣਯੋਗ ਹੈ।









