ਪੰਜਾਬੀ ਸਮਾਜ ਵਿੱਚ ਰਿਸ਼ਤਿਆਂ ਦੀ ਬਹੁਤ ਮਹੱਤਤਾ ਹੈ । ਹਰ ਰਿਸ਼ਤੇ ਦੀ ਆਪਣੀ ਮਹੱਤਤਾ ਕਾਰਨ ਹਰ ਰਿਸ਼ਤੇ ਨੂੰ ਖਾਸ ਨਾਮ ਦਿੱਤਾ ਗਿਆ ਹੈ । ਇਸੇ ਰਿਸ਼ਤੇਦਾਰ ਨੂੰ ਅਸੀਂ ਕਿਸ ਰਿਸ਼ਤੇ ਨਾਲ ਸੰਬੋਧਿਤ ਕਰਕੇ ਬੁਲਾਉਂਦੇ ਹਾਂ ਤਾਂ ਸਾਡੇ ਬੁਲਾਉਣ ਦੇ ਤਰੀਕੇ ਤੋਂ ਹੀ ਸੁਣਨ ਵਾਲਾ ਸਾਡੀ ਉਸ ਨਾਲ ਰਿਸ਼ਤੇਦਾਰੀ ਦਾ ਅੰਦਾਜਾ ਲਾ ਲੈਦਾ ਹੈ ਤੇ ਉਸ ਦੀਆਂ ਸਾਰੀਆਂ ਰਿਸ਼ਤੇਦਾਰੀਆਂ ਸਾਡੇ ਦਿਮਾਗ ਵਿੱਚ ਘੁੰਮ ਜਾਂਦੀਆਂ ਹਨ । ਇਸ ਕਰਕੇ ਪੰਜਾਬੀ ਦੇ ਰਿਸ਼ਤੇ ਬਹੁਤ ਵਿਸ਼ਾਲ ਪੱਧਰ ਦੇ ਹਨ ਜਿਨ੍ਹਾਂ ਨੂੰ ਕਿਸੇ ਇੱਕ ਦਾਇਰੇ ਵਿੱਚ ਬੰਨ੍ਹਿਆ ਨਹੀਂ ਜਾ ਸਕਦਾ ।
ਖੁਸ਼ੀ ਅਤੇ ਗ਼ਮੀ ਦੇ ਮੌਕਿਆਂ ਤੇ ਰਿਸ਼ਤਿਆਂ ਦੀ ਮਹੱਤਤਾ
ਪੰਜਾਬੀ ਸੱਭਿਆਚਾਰ ਦੇ ਵਿਸ਼ਾਲ ਰਿਸ਼ਤਿਆਂ ਕਾਰਨ ਹੀ ਸਾਡੇ ਘਰ ਵਿੱਚ ਹਰ ਖੁਸ਼ੀ ਅਤੇ ਗ਼ਮੀ ਵਿੱਚ ਵੱਖ ਵੱਖ ਰਿਸ਼ਤੇਦਾਰਾਂ ਦੀ ਮਹੱਤਤਾ ਵੱਖ ਵੱਖ ਤਰੀਕਿਆਂ ਨਾਲ ਹੁੰਦੀ ਹੈ ਜੇ ਗੱਲ ਖੁਸ਼ੀ ਦੀ ਕਰੀਏ ਤਾਂ ਵਿਆਹ ਸਮੇਂ ਨਾਨਕਾ ਮੇਲ ਦਾ ਆਪਣਾ ਹੀ ਇੱਕ ਵਿਸ਼ੇਸ਼ ਸਥਾਨ ਹੁੰਦਾ ਹੈ । ਵਿਆਹ ਵਿੱਚ ਨਾਨਕਾ ਮੇਲ ਹੱਸ ਖੇਡ ਕੇ ਚਾਅ ਪੂਰੇ ਹੀ ਨਹੀਂ ਕਰਦਾ ਬਲਕਿ ਬਹੁਤ ਸਾਰੀਆਂ ਫਰਜ਼ ਵੀ ਨਾਨਕੇ ਪਰਿਵਾਰ ਨੂੰ ਨਿਭਾਉਣੇ ਪੈਂਦੇ ਹਨ। ਇਸੇ ਤਰ੍ਹਾਂ ਦੁਖਦਾਈ ਸਮੇਂ ਵਿੱਚ ਜਦ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਦੋਂ ਉਸ ਦੇ ਸਹੁਰੇ, ਦਾਦੇ, ਨਾਨੇ ਮਾਮੇ ਆਦਿ ਆਪੋ ਆਪਣਾ ਫਰਜ ਨਿਭਾਉਂਦੇ ਹਨ ।
ਸਾਡੇ ਪੰਜਾਬੀ ਸਭਿਆਚਾਰ ਵਿੱਚ ਖ਼ੁਸ਼ੀ ਗਮੀ ਵਿੱਚ ਸਾਡੇ ਪੰਜਾਬੀ ਰਿਸ਼ਤਿਆਂ ਦੀ ਵਿਸ਼ੇਸ਼ ਮਹੱਤਵ ਹੈ ।
ਰਿਸ਼ਤੇ ਖੋਲ੍ਹਦੇ ਨੇ ਘਰ ਦੇ ਦਰਵਾਜ਼ੇ
ਪੰਜਾਬੀ ਸੱਭਿਆਚਾਰ ਦੇ ਰਿਸ਼ਤੇ ਹੀ ਕਿਸੇ ਲਈ ਘਰ ਦੇ ਦਰਵਾਜ਼ੇ ਖੋਲ੍ਹਦੇ ਤੇ ਬੰਦ ਕਰਦੇ ਹਨ ਕਿਸੇ ਘਰ ਵਿੱਚ ਕਿਸੇ ਬੱਚੇ ਦੇ ਮਾਮੇ ਦਾ ਬੇ ਰੋਕ ਟੋਕ ਤੋਂ ਆ ਕੇ ਬੱਚੇ ਦੀ ਮਾਂ ਨਾਲ ਰਸੋਈ ਵਿੱਚ ਰੋਟੀ ਖਾ ਲੈਣਾ ਮਾਮਾ ਦੇ ਪਰਿਵਾਰ ਦਾ ਵੱਡਾ ਹੱਕ ਹੈ ਉੱਥੇ ਹੀ ਕਿਸੇ ਘਰ ਵਿੱਚ ਬੱਚੇ ਦੇ ਤਾਏ ਦੁਆਰਾ ਸਿੱਧਾ ਬੱਚੇ ਦੀ ਮਾਂ ਨਾਲ ਰੋਟੀ ਖਾਣਾ ਵਰਜਤ ਸਮਝਿਆ ਜ਼ਾਂਦਾ ਹੈ । ਕੋਈ ਸੱਤ ਬਿਗਾਨਾ ਸਾਡੇ ਘਰ ਦੀ ਦਹਿਲੀਜ਼ ਨਹੀਂ ਟੱਪ ਸਕਦਾ। ਇਸ ਲਈ ਹਰ ਰਿਸ਼ਤੇ ਨਾਲ ਘਰ ਦੇ ਦਰਵਾਜੇ ਦਾ ਖੁੱਲ੍ਹਣਾ ਰਿਸ਼ਤੇ ਦੀ ਮਹੱਤਤਾ ਤੇ ਨਿਰਭਰ ਕਰਦਾ ਹੈ ।
ਰਿਸ਼ਤੇ ਦੱਸਦੇ ਨੇ ਰਿਸ਼ਤੇਦਾਰਾਂ ਦੇ ਸਿਰਨਾਵਾਂ
ਆਮ ਤੌਰ ਤੇ ਜਦੋਂ ਵੀ ਕਿਸੇ ਘਰ ਵਿਚ ਕੋਈ ਮਹਿਮਾਨ ਪ੍ਰਾਹੁਣਾ ਆਉਂਦਾ ਹੈ ਤਾਂ ਘਰ ਦੇ ਬੱਚੇ ਉਸਨੂੰ ਕਿਸ ਰਿਸਤੇ ਨਾਲ ਬੁਲਾਉਂਦੇ ਹਨ ਉਸੇ ਰਿਸਤੇ ਤੋਂ ਸਮਝ ਲਿਆ ਜਾਂਦਾ ਹੈ ਕਿ ਇਨ੍ਹਾਂ ਦੀ ਫ਼ਲਾਨੇ ਪਿੰਡ ਇਹ ਰਿਸ਼ਤੇਦਾਰੀ ਹੈ । ਗਲੀ ਗੁਆਂਢ ਜਾਂ ਸੱਥ ਵਿੱਚ ਬੈਠੇ ਬੰਦੇ ਵੀ ਕਿਸੇ ਬੱਚੇ ਨੂੰ ਜਦੋਂ ਉਨ੍ਹਾਂ ਦੇ ਘਰ ਆਏ ਮਹਿਮਾਨ ਬਾਰੇ ਪੁੱਛਦੇ ਹਨ ਤਾਂ ਜਿਸ ਰਿਸ਼ਤੇ ਨਾਲ ਉਹ ਸੰਬੋਧਿਤ ਹੋ ਕੇ ਦਸਦਾ ਹੈ ਉਸੇ ਤੋਂ ਹਿਸਾਬ ਲਿਆ ਲਿਆ ਜਾਂਦਾ ਹੈ ਕਿ ਇਨ੍ਹਾਂ ਦੀ ਉਸ ਪਿੰਡ ਰਿਸ਼ਤੇਦਾਰੀ ਹੈ ।
ਰਿਸ਼ਤਿਅਾ ਮੁਤਾਬਿਕ ਮਿਲਦਾ ਮਾਣ-ਸਨਮਾਨ
ਪੰਜਾਬੀਆਂ ਲਈ ਇੱਕ ਘਰ ਦਾ ਪ੍ਰਹੁਣਾ ਸਭ ਦਾ ਸਤਿਕਾਰਤ ਹੁੰਦਾ ਹੈ। ਪੰਜਾਬੀ ਦੇ ਹਰ ਰਿਸ਼ਤੇ ਦੀ ਆਪਣੀ ਇੱਕ ਮਹੱਤਾ ਦੇ ਨਾਲ ਨਾਲ਼ ਉਸ ਦਾ ਰਿਸ਼ਤੇਦਾਰੀਆਂ ਵਿੱਚ ਮਾਣ ਸਨਮਾਨ ਵੀ ਆਪਣਾ ਹੀ ਹੁੰਦਾ ਹੈ । ਕਿਸੇ ਘਰ ਜਾਂ ਵਿਆਹ ਵਾਲੇ ਘਰ ਜੀਜੇ ਜਾਂ ਫੁੱਫੜ ਦਾ ਆਪਣਾ ਇੱਕ ਵਿਸ਼ੇਸ਼ ਰੁਤਬਾ ਹੁੰਦਾ ਹੈ ਜਿਸ ਨੂੰ ਆਂਢ ਗੁਆਂਢ ਵੀ ਇੱਕ ਵਿਸ਼ੇਸ਼ ਦਰਜਾ ਦਿੰਦੇ ਹਨ । ਇਸੇ ਤਰ੍ਹਾਂ ਮਾਮੇ ,ਮਾਸੜ, ਚਾਚੇ, ਤਾਇਆਂ ਨਾਨੇ ਜਾਂ ਹੋਰ ਰਿਸ਼ਤੇਦਾਰੀਆਂ ਦੀ ਆਪਣੀ ਆਪਣੀ ਵਿਸ਼ੇਸ਼ ਮਹੱਤਤਾ ਹੁੰਦੀ ਹੈ । ਪੰਜਾਬੀ ਸੱਭਿਆਚਾਰ ਦੇ ਰਿਸ਼ਤਾ ਨੂੰ ਇੱਕੋ ਲੜੀ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ । ਪੰਜਾਬੀਆਂ ਦੇ ਵਿਆਹ ਵਿੱਚ ਜੀਜੇ ਅਤੇ ਫੁੱਫੜ ਦੀ ਵਿਸ਼ੇਸ਼ ਮਹਿਮਾਨ ਨਿਵਾਜ਼ੀ ਕੀਤੀ ਜਾਂਦੀ ਹੈ ।
ਰਿਸ਼ਤੇ ਦਿੰਦੇ ਨੇ ਵਿਸ਼ੇਸ਼ ਪਹਿਚਾਣ
ਪੰਜਾਬੀਆਂ ਦੀ ਇਹ ਖੁੱਲ੍ਹ ਦਿੱਲੀ ਏ ਕਿ ਹਰ ਜਗ੍ਹਾ ਆਪਣੀ ਜਾਣ ਪਛਾਣ ਬਣਾ ਲੈਂਦੇ ਨੇ । ਇਸੇ ਤਹਿਤ ਅਸੀਂ ਜਦੋਂ ਕਿਸੇ ਅਣਜਾਣ ਨੂੰ ਉਸ ਦੇ ਪਿੰਡ ਗ੍ਰਾਮ ਬਾਰੇ ਪੁੱਛਦੇ ਹਾਂ ਤਾਂ ਆਪਣੀ ਵੀ ਉਸ ਪਿੰਡ ਰਿਸ਼ਤੇਦਾਰੀ ਬਾਰੇ ਝੱਟ ਦੱਸ ਦਿੰਦੇ ਹਾਂ ਸਾਡੀ ਉਸ ਪਿੰਡ ਕੀ ਰਿਸ਼ਤੇਦਾਰੀ ਹੈ । ਅਗਰ ਕੋਈ ਉਸ ਪਿੰਡ ਵਿਆਹਿਆ ਹੈ ਤਾਂ ਉਹ ਉਸ ਪਿੰਡ ਦਾ ਪ੍ਰਾਹੁਣਾ ਹੈ ਤੇ ਉਸ ਲਈ ਇੱਕ ਵਿਸ਼ੇਸ਼ ਪਹਿਚਾਣ ਹੋਵੇਗੀ । ਜੇ ਕਿਸੇ ਦੇ ਨਾਨਕੇ ਹੋਣਗੇ ਤਾਂ ਉਸ ਦੀ ਉਸ ਪਿੰਡ ਨਾਲ ਇੱਕ ਵਿਸ਼ੇਸ਼ ਸਾਂਝ ਹੋਵੇਗੀ ਜਿੱਥੇ ਉਹ ਖੇਡਿਆ ਪਲਿਆ ਹੋਵੇਗਾ । ਇਸ ਲਈ ਹਰ ਰਿਸ਼ਤਾ ਦੱਸਣ ਮੁਤਾਬਕ ਸਾਡੀ ਉਸ ਪਿੰਡ ਨਾਲ ਇੱਕ ਵਿਸ਼ੇਸ਼ ਸਾਂਝ ਪੈਦਾ ਹੋ ਜਾਂਦੀ ਹੈ, ।
ਚੰਗੀ ਜਾਣ ਪਛਾਣ ਬਣਾਉਣ ਦਾ ਜਰੀਆਂ
ਪੰਜਾਬੀ ਜਾਂ ਕਹਿ ਲਓ ਪੰਜਾਬੀ ਦੇ ਰਿਸ਼ਤਿਆਂ ਦੀ ਇਹ ਇਕ ਖਾਸ ਖੂਬੀ ਏ ਕਿ ਅਸੀਂ ਕਿਸੇ ਅਜਨਬੀ ਨਾਲ ਕਿਸੇ ਵੀ ਸਥਾਨ ਤੇ ਕੋਈ ਗੱਲਬਾਤ ਕਰਦੇ ਹਾਂ ਤਾਂ ਝੱਟ ਉਸ ਨੂੰ ਉਸ ਦੇ ਪਿੰਡ /ਸ਼ਹਿਰ ਬਾਰੇ ਪੁੱਛ ਕੇ ਉਸ ਨਾਲ ਉਸ ਪਿੰਡ /ਸ਼ਹਿਰ ਆਪਣੀਆਂ ਰਿਸ਼ਤੇਦਾਰੀਆਂ ਦੱਸਣ ਪੁੱਛਣ ਲੱਗਦੇ ਹਾਂ ਜਿਸ ਤੋਂ ਸਾਡੀ ਉਸ ਨਾਲ ਚੰਗੀ ਜਾਣ ਪਛਾਣ ਹੋ ਜਾਂਦੀ ਹੈ ਤੇ ਉਸ ਨਾਲ਼ ਰਿਸ਼ਤੇਦਾਰੀਆਂ ਕੱਢਕੇ ਅਸੀਂ ਉਸ ਨਾਲ ਗੂੜ੍ਹੀ ਜਾਣ ਪਛਾਣ ਬਣਾ ਲੈਂਦੇ ਹਾਂ । ਤੇ ਇਹ ਜਾਣ ਪਛਾਣ ਹੀ ਸਾਡੀ ਚਿਰ ਸਦੀਵੀ ਬਣ ਜਾਂਦੀ ਹੈ ।
ਅੰਕਲ /ਆਂਟੀ ਨਹੀਂ ਪੰਜਾਬੀਆਂ ਦੇ ਮੇਚ
ਅੰਗਰੇਜ਼ੀ ਵਿੱਚ ਸਿਰਫ਼ ਅੰਕਲ ਅਤੇ ਅੰਟੀ ਹੀ ਸਾਰੇ ਰਿਸ਼ਤਿਆਂ ਲਈ ਵਰਤੇ ਜਾਂਦੇ ਹਨ । ਜੋ ਅੱਜ ਅਸੀਂ ਦੇਖਾ ਦੇਖੀ ਬੋਲਣ ਲੱਗੇ ਹਾਂ ਇਨ੍ਹਾਂ ਤੋਂ ਸਾਡੇ ਰਿਸ਼ਤਿਆਂ ਦੀ ਪਹਿਚਾਣ ਨਹੀਂ ਹੁੰਦੀ ਤੇ ਨਾ ਹੀ ਇਹ ਸਾਡੇ ਰਿਸ਼ਤਿਆਂ ਦੇ ਮੇਚ ਬੈਠੇਦੇ ਹਨ ਕਿਉਂਕਿ ਅੰਗਰੇਜ਼ੀ ਵਿੱਚ ਸੱਤ ਬਗਾਨੇ ਲਈ ਵੀ ਅੰਕਲ/ ਆਂਟੀ ਹੈ ਤੇ ਸਕੇ ਮਾਮੇ ਚਾਚੇ ਤਾਏ ਲਈ ਵੀ , ਜੋ ਪੰਜਾਬੀ ਦੇ ਰਿਸ਼ਤਿਆਂ ਦੇ ਕਦੇ ਵੀ ਪੂਰੇ ਨਹੀਂ ਉੱਤਰ ਸਕਦੇ । ਪਰ ਅਜੋਕੇ ਦੌਰ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਇਹ ਸ਼ਬਦ ਬੁਲਾ ਕੇ ਆਪਣੇ ਸੱਭਿਆਚਾਰ ਦੇ ਰਿਸ਼ਤਿਆਂ ਨੂੰ ਗਵਾ ਰਹੇ ਹਾਂ । ਅਾਉਣ ਵਾਲੀਆਂ ਪੀਡ਼ੀਆਂ ਲਈ ਅਸੀਂ ਅਾਪਣੇ ਸਭਿਆਚਾਰ ਦੇ ਰਿਸ਼ਤਿਆਂ ਦੀ ਪਰਿਭਾਸ਼ਾ ਨੂੰ ਭੁਲਾ ਕੇ ਸਿਰਫ਼ ਅੰਕਲ/ ਕਾਂਟੀ ਤੱਕ ਹੀ ਸੀਮਤ ਨਾ ਹੋ ਜਾਈਏ ਇਸ ਲਈ ਸਾਨੂੰ ਸਾਡੇ ਰਿਸ਼ਤਿਆਂ ਮੁਤਾਬਕ ਬੁਲਾਉਣ ਤੇ ਮਾਣ ਕਰਨਾ ਚਾਹੀਦਾ ਹੈ । ਜਿੱਥੇ ਕਿਸੇ ਹੋਰ ਭਾਸ਼ਾ ਨੂੰ ਸਿੱਖਣਾ ਚੰਗੀ ਗੱਲ ਹੈ ਉੱਥੇ ਆਪਣੀ ਭਾਸ਼ਾ ਤੋਂ ਮੁਨਕਰ ਹੋ ਕੇ ਆਪਣੇ ਸੱਭਿਆਚਾਰ ਆਪਣੇ ਰਿਸ਼ਤਿਆਂ ਨੂੰ ਭੁੱਲ ਜਾਣਾ ਉਸ ਤੋਂ ਵੀ ਬੁਰੀ ਗੱਲ ਹੈ ।ਇਸ ਲਈ ਸਾਨੂੰ ਆਪਣੇ ਰਿਸ਼ਤਿਆਂ ਦੇ ਵਿਸ਼ਾਲ ਖ਼ਜ਼ਾਨਿਆਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ ।
ਖੁਰਦ’

. ਗੁਰਸੇਵਕ ਸਿੰਘ ‘ ਚੁੱਘੇ
9463259716
ਪਿੰਡ – ਚੁੱਘੇ ਖੁਰਦ ( ਬਠਿੰਡਾ )

ਮਹੀਨੇਵਾਰ ਪੰਜਾਬੀ ਅਖ਼ਬਾਰ ‘ਯੰਗ ਪੀਡੀਆ’ ਦੀ ਅਧਿਕਾਰਿਤ ਵੈੱਬਸਾਈਟ ‘ਤੇ ਤੁਹਾਡਾ ਸਵਾਗਤ ਹੈ।ਸਾਡਾ ਮਕਸਦ ਸਕਾਰਾਤਮਕ ਪੱਤਰਕਾਰੀ,ਸਾਹਿਤ,ਸਿੱਖਿਆ ,ਇਤਿਹਾਸ,ਆਦਿ ਨੂੰ ਉਤਸਾਹਿਤ ਕਰਨਾ ਅਤੇ ਤੱਥਾਂ ਅਧਾਰਿਤ ਸਹੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ ।ਤੁਸੀਂ ਆਪਣੀਆਂ ਰਚਨਾਵਾਂ (ਖੋਜ ਭਰਪੂਰ ਲੇਖ, ਕਵਿਤਾ ,ਕਹਾਣੀ ,ਮੁਲਾਕਾਤ,ਆਮ ਜਾਣਕਾਰੀ,ਪੁਸਤਕ ਸਮੀਖਿਆ ਆਦਿ ), ਖ਼ਬਰਾਂ ਸਾਡੀ ਈ-ਮੇਲ youngpedia6@gmail.com ‘ਤੇ ਭੇਜ ਸਕਦੇ ਹੋ।ਇਸ ਦੇ ਨਾਲ਼ ਹੀ ਬਤੌਰ ਪੱਤਰਕਾਰ /ਲੇਖਕ ਸਾਡੇ ਨਾਲ਼ ਜੁੜਨ ਲਈ ਉੱਪਰ ਦਿੱਤੀ ਮੇਲ ਉੱਪਰ ਆਪਣਾ ਡਾਟਾ ਭੇਜ ਸਕਦੇ ਹੋ ਜਾਂ ਵੈੱਬਸਾਈਟ ਉੱਪਰ ਦਿੱਤੇ ਲਿੰਕ ‘ਤੇ ਜਾ ਕੇ ਸਿੱਧਾ ਵੀ ਅਪਲਾਈ ਕਰ ਸਕਦੇ ਹੋ।ਪ੍ਰਾਪਤ ਰਚਨਾਵਾਂ ਵਿੱਚੋਂ ਚੋਣਵੀਆਂ ਰਚਨਾਵਾਂ ਮਹੀਨੇਵਾਰ ਛਪਣ ਵਾਲ਼ੇ ਅੰਕ ਵਿੱਚ ਵੀ ਸ਼ਾਮਿਲ ਕੀਤੀਆਂ ਜਾਣਗੀਆਂ।ਰੋਜ਼ਾਨਾ ਅਪਡੇਟ ਲਈ ਸਾਡੇ ਵਟਸਐਪ ਚੈੱਨਲ https://whatsapp.com/channel/0029Vamm3eC0gcfEVIzBrq1J ਨਾਲ਼ ਇਸ ਲਿੰਕ ਦੇ ਜ਼ਰੀਏ ਜੁੜ ਸਕਦੇ ਹੋ ।
-ਧੰਨਵਾਦ ਸਹਿਤ-
ਸੰਪਾਦਕ
-ਧੰਨਵਾਦ ਸਹਿਤ-
ਸੰਪਾਦਕ







