
ਤਲਵੰਡੀ ਸਾਬੋ 05 ਅਗਸਤ (ਅੰਮ੍ਰਿਤ ਮਲਕਾਣਾ ) ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਤੋਂ ਜੱਜਲ ਨੂੰ ਜਾਂਦੀ ਸੜ੍ਹਕ ਉੱਪਰ ਬੀਤੀ ਦੇਰ ਸ਼ਾਮ ਇੱਕ ਮੋਟਰਸਾਈਕਲ ਅਤੇ ਕਾਰ ਦੀ ਆਹਮੋ-ਸਾਹਮਣੀ ਟੱਕਰ ਹੋਣ ਕਾਰਨ ਇੱਕ ਨੌਜਵਾਨ ਦੀ ਮੌਤ ਹੋਣ ਅਤੇ ਇੱਕ ਦੇ ਗੰਭੀਰ ਜ਼ਖਮੀ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ।
ਚਸ਼ਮਦੀਦਾਂ ‘ਚੋਂ ਜੀਵਨ ਸਿੰਘ ਵਾਸੀ ਪਿੰਡ ਮਲਕਾਣਾ ਦੇ ਦੱਸਣ ਅਨੁਸਾਰ ਜਗਦੀਪ ਸਿੰਘ ਵਾਸੀ ਮਲਕਾਣਾ ਜੋ ਕਿ ਮਿਸਤਰੀ ਦਾ ਕੰਮ ਕਰਦਾ ਸੀ ਆਪਣੇ ਕੰਮ ਨੂੰ ਮੁਕਾ ਕੇ ਆਪਣੇ ਮੋਟਰਸਾਈਕਲ ਤੇ ਪਿੰਡ ਮਲਕਾਣਾ ਦੇ ਹੀ ਇੱਕ ਹੋਰ ਨੌਜਵਾਨ ਨੂੰ ਨਾਲ ਲੈ ਕੇ ਵਾਪਸ ਆਪਣੇ ਘਰ ਵੱਲ ਆ ਰਿਹਾ ਸੀ ਕਿ ਜੱਜਲ ਮਲਕਾਣਾ ਲਿੰਕ ਸੜ੍ਹਕ ‘ਤੇ ਉਨ੍ਹਾਂ ਦੀ ਇੱਕ ਕਾਰ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ।ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿੰਨ੍ਹਾਂ ਨੂੰ ਇਲਾਜ਼ ਲਈ ਪਹਿਲਾਂ ਸ਼ਹੀਦ ਬਾਬਾ ਦੀਪ ਸਿੰਘ ਸਬ-ਡਵੀਜ਼ਨਲ ਸਿਵਲ ਹਸਪਤਾਲ ਤਲਵੰਡੀ ਸਾਬੋ ਲਿਆਂਦਾ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਦੋਵਾਂ ਨੂੰ ਮੁੱਢਲੇ ਇਲਾਜ਼ ਉਪਰੰਤ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਜਿੱਥੇ ਜਗਦੀਪ ਸਿੰਘ (29) ਜਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ ਜਦੋਂ ਕਿ ਦੂਜਾ ਨੌਜਵਾਨ ਮਨਪ੍ਰੀਤ ਸਿੰਘ ਵਾਸੀ ਮਲਕਾਣਾ ਬਠਿੰਡਾ ਦੇ ਹਸਪਤਾਲ ‘ਚ ਜ਼ੇਰੇ ਇਲਾਜ਼ ਹੈ।ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਘਰ ਦਾ ਕਮਾਊ ਜੀਅ ਸੀ ਤੇ ਉਸਦੀ ਘਰ ਵਾਲੀ ਗਰਭਵਤੀ ਹੈ ਜਿਸ ਵਾਸਤੇ ਇਹ ਹਾਦਸਾ ਉਮਰ ਭਰ ਦਾ ਨਾਸੂਰ ਦੇ ਗਿਆ ਹੈ।ਉੱਧਰ ਘਟਨਾ ਦੀ ਜਾਣਕਾਰੀ ਮਿਲਦਿਆਂ ਥਾਣਾ ਰਾਮਾਂ ਮੰਡੀ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲ਼ਿਆ ਤੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ‘ਚ ਰਖਵਾ ਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ।







