
ਮਾਨਸਾ,4 ਸਤੰਬਰ (ਯੰਗ ਪੀਡੀਆ)ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਅਹਿਮਦਪੁਰ(ਮਾਨਸਾ) ਸਿਰਫ ਮਾਨਸਾ ਜ਼ਿਲ੍ਹੇ ਦੀ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਉੱਤਮ ਸਿੱਖਿਆ ਸੰਸਥਾਨ ਹੈ । ਸਮੇਂ-ਸਮੇਂ ‘ਤੇ ਸਿੱਖਿਆ,ਸਾਹਿਤ, ਸਮਾਜ ਸੇਵਾ, ਰਾਜਨੀਤੀ ਅਤੇ ਪ੍ਰਸ਼ਾਸਨਿਕ ਖੇਤਰ ਦੀਆਂ ਉੱਘੀਆਂ ਸ਼ਖਸੀਅਤਾਂ ਇਸ ਸੰਸਥਾ ਦਾ ਦੌਰਾ ਕਰਦੀਆਂ ਰਹਿੰਦੀਆਂ ਨੇ । ਇਸੇ ਤਹਿਤ ਪਿਛਲੇ ਦਿਨੀਂ ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ,ਦਿਉਣ (ਬਠਿੰਡਾ) ਦੇ ਪ੍ਰਿੰਸੀਪਲ ਵਰਿੰਦਰਪਾਲ ਸਿੰਘ ਸਿੱਧੂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਮੰਡੀ ਕਲਾਂ (ਬਠਿੰਡਾ) ਦੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਡਾਇਟ ਅਹਿਮਦਪੁਰ ਦੀ ਵਿਜਿਟ ਕੀਤੀ । ਸੰਸਥਾ ਮੁੱਖੀ ਡਾ. ਬੂਟਾ ਸਿੰਘ ਸੇਖੋਂ ਅਤੇ ਸਟਾਫ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ । ਇਸ ਮੌਕੇ ਆਏ ਹੋਏ ਮਹਿਮਾਨਾਂ ਨੇ ਡਾਇਟ ਦੇ ਵੱਖ-ਵੱਖ ਕੰਪੋਨੈਂਟਸ ਦਾ ਦੌਰਾ ਕੀਤਾ ਜਿਹਨਾਂ ਵਿੱਚ ਈ-ਕੰਟੈਂਟ ਸਟੂਡੀਓ, ਸਟੈਮ ਲੈਬ, ਬੁੱਕ ਕੈਫੇ, ਲੈਂਗੁਏਜ ਲੈਬ, ਸਮਾਰਟ ਰੂਮ, ਆਰਟ ਰੂਮ, ਕੰਪਿਊਟਰ ਲੈਬ ਆਦਿ ਅਧੀਨ ਹੋ ਬੜੀ ਰੌਚਕਤਾ ਅਤੇ ਨੀਝ ਨਾਲ ਦੇਖਿਆ। ਉਹਨਾਂ ਵੱਖ-ਵੱਖ ਕੰਪੋਨੈਂਟਸ ਅਤੇ ਉਹਨਾਂ ਅਧੀਨ ਕੀਤੇ ਜਾ ਰਹੇ ਕਾਰਜਾਂ ਦੀ ਦੀ ਭਰਪੂਰ ਸ਼ਲਾਘਾ ਕੀਤੀ । ਉਹਨਾਂ ਸੰਸਥਾ ਦੀ ਕਾਰਜ-ਸ਼ੈਲੀ ਨੂੰ ਨੇੜੇ ਹੋ ਕੇ ਵਾਚਿਆ ਅਤੇ ਸਮੁੱਚੀ ਕਾਰਜ ਪ੍ਰਣਾਲੀ ਦੀ ਪ੍ਰਸ਼ੰਸਾ ਕੀਤੀ । ਇਸ ਮੌਕੇ ਸਿਖਿਆਰਥੀਆਂ ਨਾਲ ਰੂਬਰੂ ਦਾ ਇੱਕ ਸੰਖੇਪ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ। ਸਭ ਤੋਂ ਪਹਿਲਾਂ ਸੰਸਥਾ ਮੁਖੀ ਡਾ. ਬੂਟਾ ਸਿੰਘ ਸੇਖੋੰ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਉਹਨਾਂ ਲਈ ਬੜੇ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਸਿੱਖਿਆ ਵਿਭਾਗ ਦੇ ਮਿਹਨਤੀ ਅਤੇ ਸਮਰਪਿਤ ਅਧਿਕਾਰੀ ਸਹਿਬਾਨ ਇਸ ਸੰਸਥਾ ਵਿੱਚ ਤਸ਼ਰੀਫ ਲੈ ਕੇ ਆਏ ਨੇ। ਉਹਨਾਂ ਸੰਸਥਾ ਦੀ ਤਰੱਕੀ ਲਈ ਆਪਣੀ ਵਚਨਵੱਧਤਾ ਦੁਹਰਾਈ । ਇਸ ਮੌਕੇ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਕਿਹਾ ਕਿ ਅਜਿਹੀ ਸੰਸਥਾ ਸਿੱਖਿਆ ਵਿਭਾਗ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਮਾਣ ਹੈ । ਉਹਨਾਂ ਸੰਸਥਾ ਦੇ ਵੱਖ-ਵੱਖ ਕਾਰਜਾਂ ਤੋਂ ਪ੍ਰੇਰਨਾ ਲੈਣ ਦੀ ਗੱਲ ਵੀ ਕਹੀ । ਇਸ ਮੌਕੇ ਬੋਲਦਿਆਂ ਡਾਇਟ ਦਿਉਣ (ਬਠਿੰਡਾ) ਦੇ ਪ੍ਰਿੰਸੀਪਲ ਸ੍ਰੀ ਵਰਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਵੀ ਇਸ ਸੰਸਥਾ ਵਿੱਚ ਆ ਕੇ ਉਤਸ਼ਾਹ ਅਤੇ ਪ੍ਰੇਰਨਾ ਮਿਲੀ ਹੈ। ਉਹਨਾਂ ਪ੍ਰੇਰਿਤ ਹੁੰਦਿਆਂ ਕਿਹਾ ਕਿ ਉਹ ਆਪਣੀ ਸੰਸਥਾ ਵਿੱਚ ਵੀ ਆਪਣੇ ਨਿੱਗਰ ਯਤਨਾਂ ਨਾਲ ਆਪਣੇ ਕਾਰਜਾਂ ਅਤੇ ਪ੍ਰਾਪਤੀਆਂ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਜਾਣਗੇ। ਉਹਨਾਂ ਨਿੱਘੇ ਸਵਾਗਤ ਅਤੇ ਅਗਵਾਈ ਲਈ ਸੰਸਥਾ ਮੁਖੀ ਡਾ. ਬੂਟਾ ਸਿੰਘ ਸੇਖੋਂ ਅਤੇ ਤਮਾਮ ਸਟਾਫ ਦਾ ਸ਼ੁਕਰੀਆ ਵੀ ਕੀਤਾ । ਉਹਨਾਂ ਸਿਖਿਆਰਥੀਆਂ ਨੂੰ ਕਿਹਾ ਕਿ ਉਹਨਾਂ ਲਈ ਮਾਣ ਵਾਲੀ ਗੱਲ ਹੈ ਕਿ ਉਹ ਇਸ ਤਰ੍ਹਾਂ ਦੀ ਮਾਣਮੱਤੀ ਅਤੇ ਵੱਕਾਰੀ ਸੰਸਥਾ ਵਿੱਚ ਸਿੱਖਿਆ ਹਾਸਲ ਕਰ ਰਹੇ ਹਨ । ਸੰਸਥਾ ਮੁਖੀ ਡਾ. ਬੂਟਾ ਸਿੰਘ ਸੇਖੋਂ ਅਤੇ ਸਟਾਫ ਦੁਆਰਾ ਆਏ ਹੋਏ ਮਹਿਮਾਨਾਂ ਨੂੰ ਸਨਮਾਨ- ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਡਾ. ਅੰਗਰੇਜ਼ ਸਿੰਘ ਵਿਰਕ ਨੇ ਕੀਤਾ । ਅੰਤ ਤੇ ਲੈਕਚਰਾਰ ਸਰੋਜ ਸਿੰਗਲਾ ਨੇ ਸਭ ਦਾ ਧੰਨਵਾਦ ਕੀਤਾ । ਇਸ ਮੌਕੇ ਬਲਾਕ ਰਿਸੋਰਸ ਕੋਆਰਡੀਨੇਟਰਸ ਤੋਂ ਇਲਾਵਾ ਸਟਾਫ ਵਿੱਚੋਂ ਲੈਕਚਰਾਰ ਪਰਸ਼ੋਤਮ ਸਿੰਘ, ਬਲਦੇਵ ਸਿੰਗਲਾ, ਸਤਨਾਮ ਸਿੰਘ, ਡਾ. ਗੁਰਪ੍ਰੀਤ ਕੌਰ, ਹਰਵਿੰਦਰ ਕੌਰ, ਜਸਪਾਲ ਕੌਰ, ਮਗਿੰਦਰਜੀਤ ਅਤੇ ਕੇਤਨ ਕੁਮਾਰ ਹਾਜ਼ਰ ਸਨ।









