Home » Today In Focus » ਤਨਖ਼ਾਹ ਲਈ ਸੰਘਰਸ਼ ਕਰ ਰਹੇ ਸਟਾਫ਼ ਅਤੇ ਡਾਕਟਰਾਂ ਨਾਲ ਧੱਕੇਸ਼ਾਹੀ ਬੰਦ ਕਰੇ ਮੀਰੀ-ਪੀਰੀ ਪ੍ਰਬੰਧਨ, ਨਹੀਂ ਤਾਂ ਹੋਵੇਗਾ ਰੋਸ ਪ੍ਰਦਰਸ਼ਨ : ਜਥੇਦਾਰ ਦਾਦੂਵਾਲ

ਤਨਖ਼ਾਹ ਲਈ ਸੰਘਰਸ਼ ਕਰ ਰਹੇ ਸਟਾਫ਼ ਅਤੇ ਡਾਕਟਰਾਂ ਨਾਲ ਧੱਕੇਸ਼ਾਹੀ ਬੰਦ ਕਰੇ ਮੀਰੀ-ਪੀਰੀ ਪ੍ਰਬੰਧਨ, ਨਹੀਂ ਤਾਂ ਹੋਵੇਗਾ ਰੋਸ ਪ੍ਰਦਰਸ਼ਨ : ਜਥੇਦਾਰ ਦਾਦੂਵਾਲ

News Portal Development Companies In India

ਬੋਲੇ:-“ਤਨਖਾਹ ਮੰਗਣਾ ਕੋਈ ਅਪਰਾਧ ਨਹੀਂ, ਮੁਅੱਤਲੀ ਅਤੇ ਕਾਰਨ ਦੱਸੋ ਨੋਟਿਸ ਤੁਰੰਤ ਵਾਪਸ ਲਏ ਜਾਣ”

 

ਤਲਵੰਡੀ ਸਾਬੋ,30 ਅਗਸਤ (ਅੰਮ੍ਰਿਤ ਮਲਕਾਣਾ )
ਮੀਰੀ-ਪੀਰੀ ਸੰਸਥਾ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਲੰਬਿਤ ਤਨਖ਼ਾਹਾਂ ਨੂੰ ਲੈ ਕੇ ਕਰਮਚਾਰੀਆਂ ਅਤੇ ਡਾਕਟਰਾਂ ਵੱਲੋਂ ਉਠਾਈ ਗਈ ਆਵਾਜ਼ ਤੋਂ ਬਾਅਦ ਕਥਿਤ ਕਾਰਵਾਈ ਦਾ ਮਾਮਲਾ ਲਗਾਤਾਰ ਤੂਲ ਫੜ੍ਹਦਾ ਜਾ ਰਿਹਾ ਹੈ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪੀੜਤ ਕਰਮਚਾਰੀਆਂ ਅਤੇ ਡਾਕਟਰਾਂ ਦੇ ਹੱਕ ਵਿੱਚ ਸਖ਼ਤ ਰੁਖ਼ ਅਪਣਾਉਂਦਿਆਂ ਸੰਸਥਾ ਪ੍ਰਬੰਧਨ ਨੂੰ ਕਾਰਵਾਈ ਵਾਪਸ ਲੈਣ ਅਤੇ ਲੰਬਿਤ ਤਨਖ਼ਾਹਾਂ ਜਾਰੀ ਕਰਨ ਲਈ ਕਿਹਾ ਹੈ।
ਜਥੇਦਾਰ ਦਾਦੂਵਾਲ ਨੇ ਸੰਸਥਾ ਦੇ ਸੀਈਓ ਡਾ. ਸੰਦੀਪ ਇੰਦਰ ਸਿੰਘ ਚੀਮਾ ਅਤੇ ਟਰੱਸਟ ਪ੍ਰਬੰਧਨ ਨੂੰ ਕਿਹਾ ਕਿ ਕਰਮਚਾਰੀਆਂ ਅਤੇ ਡਾਕਟਰਾਂ ਨਾਲ ਕੀਤੀ ਜਾ ਰਹੀ ਕਥਿਤ ਧੱਕੇਸ਼ਾਹੀ ਤੁਰੰਤ ਬੰਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਰਮਚਾਰੀ ਤਿੰਨ ਮਹੀਨੇ ਤੱਕ ਆਪਣੀਆਂ ਸੇਵਾਵਾਂ ਦੇਣ ਤੋਂ ਬਾਅਦ ਆਪਣੇ ਮਿਹਨਤਾਨੇ ਦੀ ਮੰਗ ਕਰ ਰਹੇ ਹਨ। ਤਨਖ਼ਾਹ ਮੰਗਣਾ ਕਿਸੇ ਵੀ ਕਰਮਚਾਰੀ ਦਾ ਅਪਰਾਧ ਨਹੀਂ, ਸਗੋਂ ਉਸ ਦਾ ਜਾਇਜ਼ ਹੱਕ ਹੈ।

ਜਥੇਦਾਰ ਦਾਦੂਵਾਲ ਅਨੁਸਾਰ, ਬੀਤੀ 3 ਜੁਲਾਈ ਨੂੰ ਮੀਰੀ-ਪੀਰੀ ਕਰਮਚਾਰੀ ਸੰਘਰਸ਼ ਕਮੇਟੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ, ਖ਼ਜ਼ਾਨਚੀ ਤਰਸੇਮ ਸਿੰਘ ਸਮੇਤ 11 ਮੈਂਬਰੀ ਕਮੇਟੀ ਅਤੇ ਤਿੰਨ ਸੀਨੀਅਰ ਡਾਕਟਰਾਂ ਨੇ ਕਰਮਚਾਰੀਆਂ ਦੀ ਅਗਵਾਈ ਕਰਦਿਆਂ ਤਿੰਨ ਮਹੀਨਿਆਂ ਤੋਂ ਲੰਬਿਤ ਤਨਖ਼ਾਹ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਕਰਮਚਾਰੀਆਂ ਵੱਲੋਂ ਆਪਣੀ ਆਵਾਜ਼ ਉਠਾਏ ਜਾਣ ਤੋਂ ਬਾਅਦ ਕੁਝ ਸਟਾਫ਼ ਮੈਂਬਰਾਂ ਅਤੇ ਡਾਕਟਰਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਇੱਕ ਸੀਨੀਅਰ ਡਾਕਟਰ ਡਾ. ਅਰਵਿੰਦ ਟਿੱਕੋਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ, ਜਦਕਿ ਦੋ ਡਾਕਟਰਾਂ ਸਮੇਤ ਹੋਰ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਜਥੇਦਾਰ ਦਾਦੂਵਾਲ ਨੇ ਦੋਸ਼ ਲਗਾਇਆ ਕਿ ਸਬੰਧਤ ਕਰਮਚਾਰੀਆਂ ਦਾ ਪੱਖ ਸੁਣੇ ਬਿਨਾਂ ਕਾਰਵਾਈ ਕਰਨਾ ਨਿਰਪੱਖ ਪ੍ਰਕਿਰਿਆ ਦੇ ਉਲਟ ਹੈ।

ਮੋਟਰਸਾਈਕਲ ਮਾਮਲੇ ਵਿੱਚ ਵੀ ਚੁੱਕੇ ਸਵਾਲ

ਜਥੇਦਾਰ ਦਾਦੂਵਾਲ ਨੇ ਕਰਮਚਾਰੀ ਸੰਘਰਸ਼ ਕਮੇਟੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਅਤੇ ਖਜ਼ਾਨਚੀ ਤਰਸੇਮ ਸਿੰਘ ਦੀ ਮੁਅੱਤਲੀ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਦੋਵਾਂ ’ਤੇ ਕਰਮਚਾਰੀ ਵਿਕਾਸ ਕੁਮਾਰ ਦੀ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਸੁਰੱਖਿਆ ਡਿਊਟੀ ਵਿੱਚ ਲਾਪਰਵਾਹੀ ਦਾ ਦੋਸ਼ ਲਗਾਇਆ ਗਿਆ ਹੈ।

ਜਥੇਦਾਰ ਦਾਦੂਵਾਲ ਨੇ ਕਿਹਾ ਕਿ ਸਟਾਫ਼ ਮੈਂਬਰ ਵਿਕਾਸ ਕੁਮਾਰ ਨੇ ਹਲਫ਼ਨਾਮਾ ਦੇ ਕੇ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਤੋਂ ਕੋਈ ਕਲੇਮ ਨਹੀਂ ਕਰਨਾ ਚਾਹੁੰਦੇ ਅਤੇ ਇਸ ਨੂੰ ਆਪਣੀ ਨਿੱਜੀ ਗਲਤੀ ਮੰਨਦੇ ਹਨ। ਅਜਿਹੇ ਵਿੱਚ ਇਸ ਮਾਮਲੇ ਨੂੰ ਆਧਾਰ ਬਣਾ ਕੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਕੀ ਵਜ੍ਹਾ ਕੀ ਹੈ, ਇਹ ਪ੍ਰਬੰਧਨ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ।

ਦਾਦੂਵਾਲ ਨੇ ਪੰਜ ਕਰਮਚਾਰੀਆਂ ਅਤੇ ਦੋ ਡਾਕਟਰਾਂ ਨੂੰ ਜਾਰੀ ਕੀਤੇ ਕਾਰਨ ਦੱਸੋ ਨੋਟਿਸਾਂ ਨੂੰ ਵੀ ਕਥਿਤ ਤੌਰ ’ਤੇ ਅਸਪੱਸ਼ਟ ਦੱਸਦਿਆਂ ਕਿਹਾ ਕਿ ਦੋਸ਼ ਸਪੱਸ਼ਟ ਕੀਤੇ ਬਿਨਾਂ ਕਰਮਚਾਰੀਆਂ ਤੋਂ ਜਵਾਬ ਮੰਗਣਾ ਉਚਿਤ ਨਹੀਂ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਕਾਰਵਾਈ ਬਦਲੇ ਦੀ ਭਾਵਨਾ ਤੋਂ ਪ੍ਰੇਰਿਤ ਪ੍ਰਤੀਤ ਹੁੰਦੀ ਹੈ।

ਜਥੇਦਾਰ ਦਾਦੂਵਾਲ ਨੇ ਡਾ. ਚੀਮਾ ਅਤੇ ਟਰੱਸਟ ਦੇ ਮੈਂਬਰਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਸੰਸਥਾਵਾਂ ਕਿਸੇ ਵਿਅਕਤੀ ਦੀ ਨਿੱਜੀ ਜਾਗੀਰ ਨਹੀਂ ਹੁੰਦੀਆਂ, ਸਗੋਂ ਤੈਅ ਨਿਯਮਾਂ, ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਆਧਾਰ ’ਤੇ ਚਲਾਈਆਂ ਜਾਂਦੀਆਂ ਹਨ।

ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਹਿਟਲਰ ਅਤੇ ਔਰੰਗਜ਼ੇਬ ਵਰਗੇ ਸ਼ਾਸਕਾਂ ਨੇ ਪ੍ਰਬੰਧਾਂ ਨੂੰ ਆਪਣੀ ਨਿੱਜੀ ਇੱਛਾ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਨਤੀਜਾ ਦਮਨ, ਅਸੰਤੋਸ਼ ਅਤੇ ਆਖ਼ਰਕਾਰ ਪ੍ਰਬੰਧ ਦੇ ਕਮਜ਼ੋਰ ਹੋਣ ਦੇ ਰੂਪ ਵਿੱਚ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਸੰਸਥਾਵਾਂ ਡਰ ਅਤੇ ਦਬਾਅ ਨਾਲ ਨਹੀਂ, ਸਗੋਂ ਵਿਸ਼ਵਾਸ, ਨਿਯਮਾਂ ਅਤੇ ਨਿਆਂ ਨਾਲ ਮਜ਼ਬੂਤ ਹੁੰਦੀਆਂ ਹਨ।

ਜਥੇਦਾਰ ਦਾਦੂਵਾਲ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਦੋਵਾਂ ਕਰਮਚਾਰੀਆਂ ਦੀ ਮੁਅੱਤਲੀ, ਡਾ. ਅਰਵਿੰਦ ਟਿੱਕੋਂ ਨੂੰ ਹਟਾਉਣ ਦੀ ਕਾਰਵਾਈ ਅਤੇ ਕਰਮਚਾਰੀਆਂ ਤੇ ਡਾਕਟਰਾਂ ਨੂੰ ਜਾਰੀ ਕੀਤੇ ਨੋਟਿਸ ਤੁਰੰਤ ਵਾਪਸ ਲਏ ਜਾਣ ਅਤੇ ਕਰਮਚਾਰੀਆਂ ਤੇ ਡਾਕਟਰਾਂ ਦੀਆਂ ਲੰਬਿਤ ਤਨਖ਼ਾਹ ਜਾਰੀ ਕੀਤੀਆਂ ਜਾਣ।

ਜਥੇਦਾਰ ਦਾਦੂਵਾਲ ਨੇ ਕਿਹਾ ਕਿ ਜੇਕਰ ਜਲਦ ਹੀ ਪੀੜਤਾਂ ਨੂੰ ਰਾਹਤ ਨਾ ਦਿੱਤੀ ਗਈ ਤਾਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨਾਲ ਮਿਲ ਕੇ ਪੀੜਤ ਸਟਾਫ਼ ਅਤੇ ਡਾਕਟਰਾਂ ਦੇ ਸਮਰਥਨ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੇ ਹੱਕਾਂ ਦੀ ਲੜਾਈ ਵਿੱਚ ਉਹ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ ਅਤੇ ਕਿਸੇ ਨਾਲ ਵੀ ਅਨਿਆਂ ਨਹੀਂ ਹੋਣ ਦਿੱਤਾ ਜਾਵੇਗਾ।

Leave a Comment

Will the middle class get relief from the first general budget of Modi 3.0?