
ਤਲਵੰਡੀ ਸਾਬੋ’09 ਨਵੰਬਰ (ਅੰਮ੍ਰਿਤ ਮਲਕਾਣਾ ) ਬੰਦੀਛੋੜ ਦਿਵਸ ਅਤੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਮੌਕੇ ਲੰਘੇ ਦਿਨ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਸਿੱਖ ਕੌਮ ਦੇ ਚੌਥੇ ਤਖ਼ਤ,ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਈਆਂ ਅਤੇ ਸ਼ਾਮ ਸਮੇਂ ਵੱਡੀ ਗਿਣਤੀ ‘ਚ ਸੰਗਤਾਂ ਵੱਲੋਂ ਇਸ ਪਾਵਨ ਅਸਥਾਨ ‘ਤੇ ਦੀਵੇ ਜਗਾਏ ਗਏ।
ਬੰਦੀਛੋੜ ਦਿਵਸ ਅਤੇ ਦੀਵਾਲੀ ਵਾਲੇ ਦਿਨ ਸਵੇਰ ਤੋਂ ਹੀ ਸੰਗਤਾਂ ਤਖ਼ਤ ਸਾਹਿਬ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ ਤੇ ਪਾਵਨ ਸਰੋਵਰਾਂ ‘ਚ ਇਸ਼ਨਾਨ ਕਰਨ ਉਪਰੰਤ ਸੰਗਤਾਂ ਨੇ ਤਖ਼ਤ ਸਾਹਿਬ ਅਤੇ ਹੋਰਨਾਂ ਗੁਰਦੁਆਰਾ ਸਾਹਿਬਾਨ ‘ਚ ਮੱਥਾ ਟੇਕਦਿਆਂ ਪਰਿਵਾਰਾਂ ਦੀ ਸੁੱਖ-ਸ਼ਾਂਤੀ ਦੀਆਂ ਅਰਦਾਸਾਂ ਕਰਵਾਈਆਂ।ਬੰਦੀਛੋੜ ਦਿਵਸ ਨੂੰ ਸਮਰਪਿਤ ਕਰਕੇ ਤਖ਼ਤ ਸਾਹਿਬ ਵਿਖੇ ਧਾਰਮਿਕ ਸਮਾਗਮ ਵੀ ਕਰਵਾਇਆ ਗਿਆ।ਸਵੇਰ ਅਤੇ ਸ਼ਾਮ ਸਮੇਂ ਤਖ਼ਤ ਸਾਹਿਬ ਦੇ ਕਥਾਵਾਚਕ ਗਿਆਨੀ ਆਲਮ ਸਿੰਘ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਤੇ ਢਾਡੀ ਜਥਿਆਂ ਵੱਲੋਂ ਵੀਰ ਰਸ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਨੇ ਸੰਗਤਾਂ ਨੂੰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਗਵਾਲੀਅਰ ਦੇ ਕਿਲ੍ਹੇ ਚੋਂ 52 ਰਾਜਿਆਂ ਨੂੰ ਰਿਹਾਅ ਕਰਵਾਕੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜਣ ਮੌਕੇ ਸੰਗਤਾਂ ਵੱਲੋਂ ਦੀਵੇ ਜਗਾਉਣ ਦੇ ਸਮੁੱਚੇ ਬਿਰਤਾਂਤ ਬਾਰੇ ਜਾਣਕਾਰੀ ਸਾਂਝੀ ਕੀਤੀ।ਸ਼ਾਮ ਸਮੇਂ ਤਖ਼ਤ ਸਾਹਿਬ ਵਿਖੇ ਕੀਤੀ ਮਨਮੋਹਕ ਦੀਪਮਾਲਾ ਇੱਕ ਆਲੌਕਿਕ ਤਸਵੀਰ ਪੇਸ਼ ਕਰ ਰਹੀ ਸੀ ਜਦੋਂਕਿ ਦੀਪਮਾਲਾ ਕਰਕੇ ਸ਼ਹਿਰ ਦਾ ਪ੍ਰਮੁੱਖ ਨਿਸ਼ਾਨ-ਏ-ਖ਼ਾਲਸਾ ਚੌਂਕ ਵੀ ਖਿੱਚ ਦਾ ਕੇਂਦਰ ਬਣਿਆ ਰਿਹਾ।ਤਖ਼ਤ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਨੇ ਸ਼ਾਮ ਸਮੇਂ ਦੀਵੇ ਜਗਾਏ।
ਉੱਧਰ ਦੀਵਾਲੀ ਮੌਕੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਨਗਰ ਦੇ ਮੰਦਰਾਂ ‘ਚ ਪੂਜਾ ਅਰਚਨਾ ਕੀਤੀ ਅਤੇ ਆਪਣੇ ਘਰਾਂ ਨੂੰ ਸੁੰਦਰ ਦੀਪਮਾਲਾ ਰਾਹੀਂ ਸਜਾਇਆ।ਬਜ਼ਾਰਾਂ ‘ਚ ਵੱਡੇ ਪੱਧਰ ‘ਤੇ ਲੋਕਾਂ ਨੇ ਮਠਿਆਈ,ਪਟਾਕਿਆਂ ਆਦਿ ਦੀ ਖਰੀਦਦਾਰੀ ਕੀਤੀ।ਬਜ਼ਾਰਾਂ ‘ਚ ਵੱਡੇ ਪੱਧਰ ‘ਤੇ ਗ਼ੈਰ-ਮਿਆਰੀ ਮਠਿਆਈਆਂ ਦੀ ਵਿਕਰੀ ਵੀ ਦੇਖਣ ਨੂੰ ਮਿਲੀ ਜੋ ਸਿਹਤ ਮਹਿਕਮੇ ਦੀਆਂ ਫੂਡ ਸੇਫਟੀ ਵਿਭਾਗ ਦੀਆਂ ਟੀਮਾਂ ਦੀ ਕਾਰਜਪ੍ਰਣਾਲੀ ‘ਤੇ ਵੱਡੇ ਸਵਾਲ ਖੜ੍ਹੇ ਕਰਦੀ ਸੀ।









