-14416 ਤੇ ਕਾਲ ਕਰਕੇ ਆਪਣੇ ਮਾਨਸਿਕ ਰੋਗਾਂ ਬਾਰੇ ਅਤੇ ਇਲਾਜ ਬਾਰੇ ਮੁਫ਼ਤ ਜਾਣਕਾਰੀ ਕਰ ਸਕਦੇ ਹਾਂ ਹਾਸਲ-

ਸੰਗਤ ਮੰਡੀ,14 ਸਤੰਬਰ(ਪੱਤਰ ਪ੍ਰੇਰਕ )ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪਮਿਲ ਬਾਂਸਲ ਦੀ ਅਗਵਾਈ ਹੇਠ ਸਿਹਤ ਬਲਾਕ ਸੰਗਤ ਵਿਖੇ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਪਿੰਡ ਕੋਟਬਖਤੂ ਵਿਖੇ ਲੋਕਾਂ ਨੂੰ ਮਾਨਸਿਕ ਸਿਹਤ ਬਾਰੇ ਦੱਸਿਆ ਗਿਆ। ਸਿਹਤ ਕੇਂਦਰ ਕੋਟਬਖਤੂ ਵਿਖੇ ਤੈਨਾਤ ਸਿਹਤ ਕਰਮਚਾਰੀ ਵੀਰਪਾਲ ਕੌਰ ਅਤੇ ਸੀ ਐਚ ਓ ਕਰਮਜੀਤ ਕੌਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਤਮ-ਹੱਤਿਆ ਸਾਡੇ ਸਮਾਜ ਵਿਚ ਮਾਨਸਿਕ ਰੋਗਾਂ ਵਿਚ ਲਗਾਤਾਰ ਵਾਧਾ ਹੋਣ ਕਾਰਣ ਹੋ ਰਹੀਆਂ ਹਨ । ਜਿਸ ਦੇ ਮੱਦੇਨਜਰ ਮਾਨਸਿਕ ਸਿਹਤ ਪ੍ਰੋਗਰਾਮ ਅਧੀਨ ਟੈਲੀ ਮਾਨਸ ਪੰਜਾਬ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਅਧੀਨ ਅਸੀਂ ਟੋਲ ਫਰੀ ਨੰਬਰ 14416 ਤੇ ਕਾਲ ਕਰਕੇ ਆਪਣੇ ਮਾਨਸਿਕ ਰੋਗਾਂ ਬਾਰੇ ਅਤੇ ਇਲਾਜ ਬਾਰੇ ਮੁਫ਼ਤ ਜਾਣਕਾਰੀ ਹਾਸਲ ਕਰ ਸਕਦੇ ਹਾਂ।ਸਾਹਿਲ ਪੁਰੀ ਬਲਾਕ ਹੈਲਥ ਐਜੂਕੇਟਰ ਅਤੇ ਮਲਕੀਤ ਕੌਰ ਸਿਹਤ ਸੁਪਰਵਾਈਜ਼ਰ ਨੇ ਦੱਸਿਆ ਕਿ ਆਤਮ ਹੱਤਿਆ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਮਾਨਸਿਕ ਤਣਾਅ, ਨਿਰਾਸ਼ਾ, ਇਕੱਲਾਪਣ, ਨਸ਼ੇ ਦੀ ਆਦਤ ਜਾਂ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਲ ਸਥਿਤੀਆਂ ਕਾਰਨ ਵਿਅਕਤੀ ਕਈ ਵਾਰ ਬਹੁਤ ਜ਼ਿਆਦਾ ਤਣਾਅ ਵਿੱਚ ਆ ਸਕਦਾ ਹੈ। ਅਜਿਹੇ ਸਮੇਂ ਉਸ ਨੂੰ ਇਕੱਲਾ ਛੱਡਣ ਦੀ ਬਜਾਏ ਉਸ ਦੀ ਗੱਲ ਧਿਆਨ ਨਾਲ ਸੁਣਨੀ ਅਤੇ ਉਸ ਨੂੰ ਭਾਵਨਾਤਮਕ ਸਹਾਰਾ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਿੱਚ ਲਗਾਤਾਰ ਉਦਾਸੀ, ਨਿਰਾਸ਼ਾ, ਇਕੱਲੇ ਰਹਿਣ ਦੀ ਇੱਛਾ, ਬੇਚੈਨੀ, ਨੀਂਦ ਜਾਂ ਖਾਣ-ਪੀਣ ਵਿੱਚ ਵੱਡਾ ਬਦਲਾਅ ਜਾਂ ਜੀਵਨ ਪ੍ਰਤੀ ਨਿਰਾਸ਼ਾਜਨਕ ਵਿਚਾਰ ਨਜ਼ਰ ਆਉਣ ਤਾਂ ਉਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਰਿਵਾਰਕ ਮੈਂਬਰਾਂ ਅਤੇ ਸਿਹਤ ਮਾਹਿਰਾਂ ਦੀ ਮਦਦ ਲੈਣੀ ਚਾਹੀਦੀ ਹੈ। ਸਮੇਂ ਸਿਰ ਮਿਲਣ ਵਾਲੀ ਕਾਊਂਸਲਿੰਗ ਅਤੇ ਇਲਾਜ ਵਿਅਕਤੀ ਨੂੰ ਸੰਕਟ ਵਿੱਚੋਂ ਬਾਹਰ ਆਉਣ ਵਿੱਚ ਮਦਦ ਕਰ ਸਕਦਾ ਹੈ। ਇਸ ਮੌਕੇ ਸਿਹਤ ਕੇਂਦਰ ਦੇ ਆਸ਼ਾ ਵਰਕਰ ਅਤੇ ਹੋਰ ਸਟਾਫ਼ ਹਾਜ਼ਰ ਸੀ।









