
ਰਾਮਾ ਮੰਡੀ, 13 ਸਤੰਬਰ (ਯੰਗ ਪੀਡੀਆ ਨਿਊਜ਼ )ਇੱਥੋਂ ਨੇੜਲੇ ਪਿੰਡ ਬੰਗੀ ਰੁਲਦੂ ਦਾ ਨੌਜਵਾਨ ਲਵਪ੍ਰੀਤ ਸਿੰਘ (19013930 L)ਪੁੱਤਰ ਜਸਵਿੰਦਰ ਸਿੰਘ ਭਾਰਤੀ ਸੈਨਾ ਦੀ 3 ਸਿੱਖ ਰੈਜੀਮੈਂਟ ਵਿੱਚ 2019 ਤੋਂ ਬਤੌਰ ਸਿਪਾਹੀ ਸੇਵਾ ਨਿਭਾ ਰਿਹਾ ਸੀ |ਪਿਛਲੇ ਦਿਨੀਂ ਉਕਤ ਨੌਜਵਾਨ ਦੇ ਡਿਊਟੀ ਦੌਰਾਨ ਸ਼ਹੀਦ ਹੋਣ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ |ਮਾਪਿਆਂ ਦਾ ਇਕਲੌਤਾ ਪੁੱਤਰ ਲਵਪ੍ਰੀਤ ਸਿੰਘ ਨਿਮਨ ਕਿਸਾਨੀ ਪਰਿਵਾਰ ਨਾਲ਼ ਸਬੰਧਤ ਹੋਣ ਕਾਰਨ ਪਰਿਵਾਰ ਲਈ ਆਰਥਿਕ ਤੌਰ ‘ਤੇ ਸਹਾਰਾ ਸੀ |ਸ਼ਹੀਦ ਦੇ ਪਰਿਵਾਰ ਨਾਲ਼ ਹਜ਼ਾਰਾਂ ਦੀ ਗਿਣਤੀ ਵਿੱਚ ਪਿੰਡ ਵਾਸੀਆਂ, ਇਲਾਕਾ ਨਿਵਾਸੀਆਂ ਅਤੇ ਦੇਸ਼ -ਵਿਦੇਸ਼ ‘ਚ ਵਸਦੇ ਲੋਕਾਂ ਨੇ ਦੁੱਖ ਸਾਂਝਾ ਕੀਤਾ ਪਰ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਗੱਲ ਦਾ ਭਾਰੀ ਰੋਸ ਹੈ ਕਿ ਅਜੇ ਤੱਕ ਮੌਜੂਦਾ ਸੱਤਾਧਾਰੀ ਦਲ ਦਾ ਵਿਧਾਇਕ/ ਮੰਤਰੀ ਅਤੇ ਪ੍ਰਸ਼ਾਸਨ ਵੱਲੋਂ ਕੋਈ ਆਹਲਾ ਅਧਿਕਾਰੀ ਪਰਿਵਾਰ ਨਾਲ਼ ਦੁੱਖ ਸਾਂਝਾ ਕਰਨ ਲਈ ਨਹੀਂ ਪੁੱਜਿਆ ਅਤੇ ਸਰਕਾਰ /ਪ੍ਰਸ਼ਾਸ਼ਨ ਵੱਲੋਂ ਪੰਜਾਬ ਸਰਕਾਰ ਦੀ ਰਿਵਾਇਤ/ਨੀਤੀ ਅਨੁਸਾਰ ਸ਼ਹੀਦ ਦੇ ਪਰਿਵਾਰ ਦੀ ਮਦਦ /ਸਨਮਾਨ ਲਈ ਕੋਈ ਪਹਿਲਕਦਮੀ ਨਹੀਂ ਕੀਤੀ ਗਈ |








