-ਸੜ੍ਹਕ ਤੋਂ ਪੱਥਰ ਉਖੜੇ;ਟਾਇਰਾਂ ਦਾ ਨੁਕਸਾਨ,ਤਿੰਨ ਮਹੀਨਿਆਂ ਤੋਂ ਪੇਂਡੂ ਰੂਟਾਂ ’ਤੇ ਬੱਸ ਸੇਵਾ ਬੰਦ-

ਸੰਗਤ ਮੰਡੀ 11,ਸਤੰਬਰ (ਅਮਨ ਸਰਦਾਰਗੜ੍ਹ )
ਬਠਿੰਡਾ ਜ਼ਿਲ੍ਹੇ ਦੇ ਪੇਂਡੂ ਇਲਾਕਿਆਂ ਵਿੱਚ ਸੜ੍ਹਕਾਂ ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਮਾਨਵਾਲਾ ਤੋਂ ਬੰਗੀ ਦੀਪਾ,ਮਾਨਵਾਲਾ ਤੋਂ ਬੰਗੀ ਨਿਹਾਲ ਸਿੰਘ ਮਾਨਵਾਲਾ ਤੋਂ ਮੱਲਵਾਲਾ ਇਸੇ ਤਰ੍ਹਾਂ ਹੀ ਮਛਾਣੇ ਤੋਂ ਮੱਲਵਾਲਾ,ਮੱਲਵਾਲਾ ਤੋਂ ਦੁਨੇਵਾਲਾ, ਸੇਖੂ ਤੋਂ ਫੱਲ੍ਹੜ ਅਤੇ ਸੁਖ਼ਲੱਧੀ ਦੀ ਫਿਰਨੀ ਆਦਿ ਪਿੰਡ ਵਾਸੀਆਂ ਅਨੁਸਾਰ ਸੜ੍ਹਕ ’ਤੇ ਪੱਥਰ ਪਾਏ ਨੂੰ ਲਗਭਗ ਅੱਠ ਮਹੀਨੇ ਹੋ ਚੁੱਕੇ ਹਨ, ਪਰ ਉਸ ਉੱਪਰ ਬੱਜਰੀ ਅਤੇ ਲੁੱਕ ਨਹੀਂ ਪਾਈ ਗਈ। ਇਸ ਕਾਰਨ ਪੱਥਰ ਉੱਖੜ ਚੁੱਕੇ ਹਨ ਅਤੇ ਸੜ੍ਹਕ ’ਤੇ ਵੱਡੇ-ਵੱਡੇ ਪੱਥਰ ਨਿਕਲ ਆਏ ਹਨ। ਇਨ੍ਹਾਂ ਕਾਰਨ ਵਾਹਨਾਂ, ਖਾਸ ਕਰਕੇ ਦੋਪਹੀਆ ਵਾਹਨਾਂ ਅਤੇ ਹੋਰ ਵਾਹਨਾਂ ਦੇ ਟਾਇਰ ਫਟ ਰਹੇ ਹਨ ਅਤੇ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਹੋਇਆ ਹੈ।ਇਹਨਾਂ ਪਿੰਡਾਂ ਦੇ ਵਾਸੀਆਂ ਦਾ ਕਹਿਣਾ ਹੈ ਕਿ ਸੜ੍ਹਕ ਦੀ ਮੁਰੰਮਤ ਦਾ ਕੰਮ ਅਧੂਰਾ ਛੱਡੇ ਜਾਣ ਕਾਰਨ ਲੋਕਾਂ ਦੇ ਵਾਹਨਾਂ ਨੂੰ ਨੁਕਸਾਨ ਹੋ ਰਿਹਾ ਹੈ। ਸੜ੍ਹਕ ਦੀ ਖ਼ਸਤਾ ਹਾਲਤ ਕਾਰਨ ਪਿੰਡਾਂ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਬੱਸ ਸੇਵਾ ਬੰਦ ਹੋ ਚੁੱਕੀ ਹੈ ਕਿਉਂਕਿ ਬੱਸਾਂ ਵਾਲੇ ਕਹਿ ਰਹੇ ਹਨ ਕਿ ਉਨਾਂ ਦੇ ਹਰ ਵਾਰੀ ਟਾਇਰ ਪੈਂਚਰ ਹੋ ਜਾਂਦੇ ਹਨ। ਸਕੂਲ ਜਾਣ ਵਾਲੇ ਵਿਦਿਆਰਥੀਆਂ, ਖ਼ਾਸ ਕਰਕੇ ਲੜਕੀਆਂ ਨੂੰ, ਮਾਪਿਆਂ ਵੱਲੋਂ ਦੂਜੇ ਪਿੰਡਾਂ ਵਿੱਚ ਛੱਡ ਕੇ ਆਉਣਾ-ਲੈ ਕੇ ਜਾਣਾ ਪੈਂਦਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਰਿਸ਼ਤੇਦਾਰੀਆਂ ਅਤੇ ਹੋਰ ਜ਼ਰੂਰੀ ਕੰਮਾਂ ਲਈ ਆਉਣ-ਜਾਣ ਵਿੱਚ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਇਸ ਟੁੱਟੀ ਹੋਈ ਸੜ੍ਹਕ ‘ਤੇ ਲੁੱਟਾਂ ਖੋਹਾਂ ਵੀ ਵੱਧ ਚੁੱਕੀਆਂ ਹਨ ।ਪਿਛਲੇ ਦਿਨੀ ਪਿੰਡ ਮਾਨਵਾਲਾ ਤੋਂ ਮੱਲਵਾਲਾ ਵਾਲੀ ਸੜ੍ਹਕ ਉੱਪਰ ਪਿੰਡ ਮਾਨਵਾਲਾ ਦੇ ਵਾਸੀ ਗੋਰੀ ਸਿੰਘ ਪੁੱਤਰ ਨਛੱਤਰ ਸਿੰਘ ਦੀ ਕੁੱਟ ਮਾਰ ਕਰਕੇ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਉਸ ਤੋਂ ਮਗਰੋਂ ਆ ਰਹੇ ਦੋ ਨੌਜਵਾਨਾਂ ਨੇ ਲਲਕਾਰਾ ਮਾਰਿਆ ਤਾਂ ਤਿੰਨ ਨੌਜਵਾਨ ਭੱਜ ਗਏ ਅਤੇ ਉਹਨਾਂ ਨੇ ਗੋਰੀ ਸਿੰਘ ਨੂੰ ਜ਼ਖ਼ਮੀ ਕਰ ਦਿੱਤਾ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਸੜ੍ਹਕ ਆਮ ਲੋਕਾਂ ਲਈ ਮੁਸੀਬਤ ਬਣ ਚੁੱਕੀ ਹੈ ਅਤੇ ਸਰਕਾਰ ਲਈ ਵੀ ਗਲੇ ਦੀ ਹੱਡੀ ਸਾਬਤ ਹੋ ਸਕਦੀ ਹੈ। ਲੋਕਾਂ ਦਾ ਦੋਸ਼ ਹੈ ਕਿ ਇਹ ਕੰਮ ਵੋਟਾਂ ਜੋੜਨ ਦੀ ਥਾਂ ਲੋਕਾਂ ਨੂੰ ਸਰਕਾਰ ਤੋਂ ਹੋਰ ਦੂਰ ਕਰ ਰਿਹਾ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਫ਼ਸਰਸ਼ਾਹੀ ਅਤੇ ਠੇਕੇਦਾਰ ਸਰਕਾਰ ਦੀ ਗੱਲ ਨਹੀਂ ਸੁਣ ਰਹੇ ਜਿਸ ਕਰਕੇ ਉਹ ਇਹਨਾਂ ਦੀਆਂ ਵੋਟਾਂ ਤੋੜਨ ਲਈ ਸਰਕਾਰ ਦੇ ਉਲਟ ਕੰਮ ਕਰ ਰਹੇ ਹਨ। ਉਧਰ ਹੁਣ ਝੋਨੇ ਦੀ ਫਸਲ ਆਉਣ ਵਾਲੀ ਹੈ ਜਿਸ ਕਰਕੇ ਕਿਸਾਨਾਂ ਨੂੰ ਇਸਦੀ ਵੱਡੀ ਮੁਸ਼ਕਿਲ ਹੋਵੇਗੀ ਕਿਉਂਕਿ ਕਿਸਾਨ ਪਹਿਲਾਂ ਹੀ ਕਰਜੇ ਦੀ ਮਾਰ ਹੇਠ ਦੱਬੇ ਹੋਏ ਹਨ ਅਤੇ ਉਹਨਾਂ ਦੀਆਂ ਟਰੈਕਟਰ -ਟਰਾਲੀਆਂ ਦੇ ਟਾਇਰ ਪੈਚਰ ਹੋਣ ਅਤੇ ਬੈਰਿੰਗ ਟੁੱਟਣ ਵਰਗੀਆਂ ਘਟਨਾਵਾਂ ਹੋਣਗੀਆਂ ਜਿਸ ਕਰਕੇ ਉਹ ਸਰਕਾਰ ਦੇ ਉਲਟ ਹੋ ਰਹੇ ਹਨ। ਵੱਡੇ ਪੱਥਰਾਂ ਕਾਰਨ ਵਾਹਨਾਂ ਦੇ ਟਾਇਰ ਫਟ ਰਹੇ ਹਨ, ਬੱਸ ਸੇਵਾ ਪ੍ਰਭਾਵਿਤ ਹੋ ਰਹੀ ਹੈ ਅਤੇ ਅਧਿਕਾਰੀ ਲੋਕਾਂ ਦੀਆਂ ਸ਼ਿਕਾਇਤਾਂ ਵੱਲ ਕੋਈ ਧਿਆਨ ਨਹੀਂ ਦੇ ਰਹੇ।ਪਿੰਡ ਵਾਸੀਆਂ ਨੇ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਠੇਕੇਦਾਰ ਨੂੰ ਤੁਰੰਤ ਸੜ੍ਹਕ ’ਤੇ ਬੱਜਰੀ ਅਤੇ ਲੁੱਕ ਪਾ ਕੇ ਕੰਮ ਮੁਕੰਮਲ ਕਰਨ ਦੇ ਹੁਕਮ ਦਿੱਤੇ ਜਾਣ ਤਾਂ ਜੋ ਰਾਹਗੀਰਾਂ ਨੂੰ ਆ ਰਹੀ ਮੁਸ਼ਕਲ ਤੋਂ ਰਾਹਤ ਮਿਲ ਸਕੇ ਅਤੇ ਪਿੰਡਾਂ ਦੀ ਬੱਸ ਸੇਵਾ ਮੁੜ ਸੁਚਾਰੂ ਢੰਗ ਨਾਲ ਚੱਲ ਸਕੇ। ਉਧਰ ਜਦੋਂ ਪੀ ਡਬਲਯੂ ਵਿਭਾਗ ਦੇ ਐਸ. ਡੀ. ਓ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਭਰੋਸਾ ਦਿੱਤਾ ਕਿ ਬਹੁਤ ਜਲਦੀ ਇੱਕ-ਇੱਕ ਕਰਕੇ ਸਾਰੀਆਂ ਸੜ੍ਹਕਾਂ ‘ਤੇ ਬੱਜਰੀ ਅਤੇ ਲੁੱਕ ਪਾਈ ਜਾਵੇਗੀ। ਉਹਨਾਂ ਆਖਿਆ ਕਿ ਇਹ ਸਮੱਸਿਆ ਸਾਰੇ ਪੰਜਾਬ ਵਿੱਚ ਹੀ ਆ ਰਹੀ ਹੈ ਜੋ ਕਿ ਜਲਦੀ ਲੋਕਾਂ ਨੂੰ ਰਾਹਤ ਮਿਲ ਜਾਵੇਗੀ। ਦੇਖਦੇ ਹਾਂ ਕਿ ਕਿੰਨੀ ਜਲਦੀ ਸੜ੍ਹਕ ਬਣਦੀ ਹੈ ਇਹ ਤਾਂ ਹੁਣ ਸਮਾਂ ਦੱਸੇਗਾ।









