ਭਗਵੰਤ ਦੀ ਸਰਕਾਰ 3000 ਰੁਪਏ ਦੀ ਤਨਖ਼ਾਹ ਦਾ ਰੁਜ਼ਗਾਰ ਖੋਹਣ ਲੱਗੀ
-ਕਿਸੇ ਦਾ ਰੁਜ਼ਗਾਰ ਖੋਹਣ ਨਹੀਂ ਦੇਵਾਂਗੇ -ਡੀਟੀ ਐੱਫ

ਬਠਿੰਡਾ,10 ਸਤੰਬਰ(ਗੁਰਸੇਵਕ ਚੁੱਘੇ ਖੁਰਦ)
ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਮੁੱਚੇ ਮੁਲਾਜ਼ਮ ਵਰਗ ਨਾਲ਼ ਬੇਲੋੜਾ ਟਕਰਾਅ ਪੈਦਾ ਕਰਕੇ ਸੂਬੇ ਭਰ ਵਿੱਚ ਵਿਧਾਨਿਕ ਸੰਕਟ ਪੈਦਾ ਕੀਤਾ ਹੋਇਆ ਹੈ ਦੂਜੇ ਪਾਸੇ ਮਜ਼ਬੂਰੀ ਵੱਸ ਨਿਗੁਣੀਆਂ ਤਨਖ਼ਹਾਂ ‘ਤੇ ਸਕੂਲਾਂ ਵਿਚ ਕੰਮ ਕਰ ਰਹੇ ਸਫ਼ਾਈ ਸੇਵਕਾਂ, ਚੌਕੀਦਾਰਾਂ ਅਤੇ ਮਿੱਡ ਡੇ ਮੀਲ ਵਰਕਰਾਂ ਨੂੰ ਡਾਇਰੈਕਟਰ ਸਿੱਖਿਆ ਪੰਜਾਬ (ਸੈਕੰਡਰੀ) ਦੇ ਮੀਮੋ ਨੰਬਰ ਸ,ਸ,ਅ,/ਸਮਾਰਟ ਸਕੂਲ 2024 /270355 ਮਿਤੀ 18/10/24 ਦੀ ਮੱਦ ਨੰਬਰ 3. ਅਨੁਸਾਰ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਵਿਦਿਆਰਥੀਆਂ ਦੀ ਗਿਣਤੀ ਦੀਆਂ ਸ਼ਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਇਹਨਾਂ ਕਰਮਚਾਰੀਆਂ ਦੀਆਂ ਤਨਖ਼ਾਹਾਂ ਦਾ ਬਜਟ ਜਾਰੀ ਕੀਤਾ ਜਾਵੇ। ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ,ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਬਲਜਿੰਦਰ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਵਿਭਾਗ ਦੇ ਮੁਲਾਜ਼ਮ ਵਿਰੋਧੀ ਪੱਤਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਕੂਲਾਂ ਵਿਚ ਸਫ਼ਾਈ, ਖਾਣੇ ਅਤੇ ਸਕੂਲਾਂ ਦੀ ਸੁਰੱਖਿਆ ਲਈ ਗਿਣਤੀਆਂ ਮਿਣਤੀਆਂ ਕਰਨੀਆਂ ਕਿਸੇ ਵੀ ਪੱਧਰ ਤੇ ਵਾਜਿਬ ਨਹੀਂ। ਉਨ੍ਹਾਂ ਕਿਹਾ ਕਿ ਕੱਚਾ ਅਤੇ ਨਿਗੁਣਾ ਰੁਜ਼ਗਾਰ ਦੇ ਕੇ ਛਾਂਟੀ ਦੀ ਤਲਵਾਰ ਲਟਕਾਈ ਰੱਖਣ ਖ਼ਿਲਾਫ਼ ਲਗਾਤਾਰ ਸੰਘਰਸ਼ ਕੀਤਾ ਜਾਵੇਗਾ। ਜੱਥੇਬੰਦੀ ਦੇ ਮੀਤ ਪ੍ਰਧਾਨ ਵਿਕਾਸ ਗਰਗ, ਵਿੱਤ ਸਕੱਤਰ ਅਨਿਲ ਭੱਟ,ਸਯੁੰਕਤ ਸਕੱਤਰ ਕੁਲਵਿੰਦਰ ਵਿਰਕ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਜੱਥੇਬੰਦੀ ਵੱਲੋਂ ਲਗਾਤਾਰ ਸਕੂਲਾਂ ਵਿਚ ਪੱਕੇ ਸਫ਼ਾਈ ਸੇਵਕਾਂ, ਚੌਕੀਦਾਰਾਂ ਅਤੇ ਮਿੱਡ ਡੇ ਮੀਲ ਵਰਕਰਾਂ ਦੀ ਨਿਯੁਕਤੀ ਦੀ ਮੰਗ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਰਜਾ ਚਾਰ ਦੀਆਂ ਸਾਰੀਆਂ ਅਸਾਮੀਆਂ ਨੂੰ ਖ਼ਤਮ ਕਰਕੇ ਉਨ੍ਹਾਂ ਦੀ ਥਾਂ ਆਊਟ ਸੋਰਸਿੰਗ ਅਤੇ ਕੰਟਰੈਕਟ ਸਕੀਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਵੱਲੋਂ ਸੂਬੇ ਭਰ ਵਿੱਚ ਅਣ -ਐਲਾਨੀ ਵਿੱਤੀ ਐਮਰਜੈਂਸੀ ਲਗਾਈ ਗਈ ਹੈ ਜਿਸ ਤਹਿਤ ਹਰ ਵਰਗ ਦੀਆਂ ਉਜ਼ਰਤਾਂ ਅਤੇ ਭੱਤਿਆਂ ਦੀ ਵੱਡੇ ਪੱਧਰ ਤੇ ਕਟੌਤੀ ਕੀਤੀ ਗਈ ਹੈ। ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮਾਈਸਰਖਾਨਾ, ਭੋਲਾ ਰਾਮ, ਬਲਕਰਨ ਕੋਟਸ਼ਮੀਰ, ਰਾਜਵਿੰਦਰ ਜਲਾਲ ਨੇ ਪੰਜਾਬ ਸਰਕਾਰ ਨੂੰ ਤਿੱਖਾ ਸੁਆਲ ਕਰਦਿਆਂ ਕਿਹਾ ਕਿ ਬੱਚਿਆਂ ਦੀ ਗਿਣਤੀ ਦਾ ਸਕੂਲ ਦੀ ਸਫ਼ਾਈ ਨਾਲ ਕੀ ਸਬੰਧ ਹੈ?ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਦਾ ਵੀ ਰੁਜ਼ਗਾਰ ਉਜਾੜਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਪੰਜਾਬ ਸਰਕਾਰ ਖ਼ਿਲਾਫ਼ ਚੱਲ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।








