
ਤਲਵੰਡੀ ਸਾਬੋ,7ਸਤੰਬਰ (ਅੰਮ੍ਰਿਤ ਮਲਕਾਣਾ ) ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ OSD ਸਾਲੀਨ ਮਿੱਤਰਾ ਵੱਲੋਂ ਅੱਜ ਬਾਬਾ ਦੀਪ ਸਿੰਘ ਸਿਵਲ ਹਸਪਤਾਲ, ਤਲਵੰਡੀ ਸਾਬੋ ਅਤੇ ਹਸਪਤਾਲ ਨਾਲ ਸਬੰਧਤ ਡੀ-ਐਡੀਕਸ਼ਨ ਸੈਂਟਰ ਦਾ ਦੌਰਾ ਕਰਕੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਹਸਪਤਾਲ ਦੇ ਐਸਐਮਓ ਡਾ. ਰਵੀਕਾਂਤ ਗੁਪਤਾ ਸਮੇਤ ਹਸਪਤਾਲ ਦਾ ਸਟਾਫ਼ ਮੌਜੂਦ ਰਿਹਾ। ਦੌਰੇ ਦੌਰਾਨ ਹਸਪਤਾਲ ਵਿੱਚ ਚੱਲ ਰਹੇ ਕੰਮਕਾਜ ਅਤੇ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ।ਹਸਪਤਾਲ ਵੱਲੋਂ ਜਾਰੀ ਜਾਣਕਾਰੀ ਅਨੁਸਾਰ OSD ਨੇ ਹਸਪਤਾਲ ਅਤੇ ਡੀ-ਐਡੀਕਸ਼ਨ ਸੈਂਟਰ ਦੇ ਕੰਮਕਾਜ ਦੀ ਪੜਤਾਲ ਕੀਤੀ। ਹਸਪਤਾਲ ਪ੍ਰਬੰਧਕਾਂ ਵੱਲੋਂ ਇਸ ਦੌਰੇ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਧੰਨਵਾਦ ਕੀਤਾ ਗਿਆ।
ਉਧਰ, ਇਸ ਦੌਰੇ ਦੌਰਾਨ ਹਲਕਾ ਤਲਵੰਡੀ ਸਾਬੋ ਦੀ ਮੌਜੂਦਾ ਵਿਧਾਇਕ ਪ੍ਰੋ. ਬਲਜਿੰਦਰ ਕੌਰ ਦੀ ਗ਼ੈਰਹਾਜ਼ਰੀ ਵੀ ਚਰਚਾ ਦਾ ਵਿਸ਼ਾ ਬਣੀ ਰਹੀ। ਸਿਹਤ ਵਿਭਾਗ ਨਾਲ ਸਬੰਧਤ ਅਹਿਮ ਸੰਸਥਾ ਦੇ ਦੌਰੇ ਦੌਰਾਨ ਹਲਕੇ ਦੀ ਚੁਣੀ ਹੋਈ ਨੁਮਾਇੰਦਾ ਮੌਜੂਦ ਨਾ ਹੋਣ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਤਰ੍ਹਾਂ-ਤਰ੍ਹਾਂ ਦੇ ਸਵਾਲ ਉੱਠ ਰਹੇ ਹਨ।

ਲੋਕਾਂ ਵੱਲੋਂ ਇਹ ਵੀ ਸਵਾਲ ਉਠਾਇਆ ਜਾ ਰਿਹਾ ਹੈ ਕਿ ਜੇਕਰ ਸਿਹਤ ਵਿਭਾਗ ਦੇ ਉੱਚ ਪੱਧਰੀ ਨੁਮਾਇੰਦੇ ਵੱਲੋਂ ਹਲਕੇ ਦੇ ਸਰਕਾਰੀ ਹਸਪਤਾਲ ਦੀਆਂ ਸਹੂਲਤਾਂ ਅਤੇ ਕੰਮਕਾਜ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਇਸ ਦੌਰੇ ਵਿੱਚ ਸਥਾਨਕ ਵਿਧਾਇਕ ਦੀ ਸ਼ਮੂਲੀਅਤ ਕਿਉਂ ਨਹੀਂ ਹੋਈ। ਹਾਲਾਂਕਿ ਵਿਧਾਇਕ ਦੀ ਗ਼ੈਰਹਾਜ਼ਰੀ ਦੇ ਕਾਰਨਾਂ ਸਬੰਧੀ ਉਨ੍ਹਾਂ ਦਾ ਪੱਖ ਸਾਹਮਣੇ ਨਹੀਂ ਆ ਸਕਿਆ।ਦੂਜੇ ਪਾਸੇ, ਹਸਪਤਾਲ ਪ੍ਰਬੰਧਨ ਵੱਲੋਂ OSD ਦੇ ਦੌਰੇ ਨੂੰ ਰੁਟੀਨ ਪ੍ਰਸ਼ਾਸਨਿਕ ਨਿਰੀਖਣ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਹਸਪਤਾਲ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਓਹਨਾਂ ਨੂੰ ਜਾਣੂੰ ਕਰਵਾਇਆ ਗਿਆ ਪਰ ਇੱਕ ਪ੍ਰਸ਼ਨ ਵੀ ਉੱਠਿਆ ਹੈ ਕਿ ਕੀ ਇੱਕ ਮੰਤਰੀ ਦਾ ਓ ਐੱਸ ਡੀ ਜੋਕਿ ਸੰਵਿਧਾਨਕ ਅਹੁਦੇ ‘ਤੇ ਨਹੀਂ ਹੈ ਉਹ ਇਸ ਤਰਾਂ ਕਿਸੇ ਹਸਪਤਾਲ ਦਾ ਜਾਇਜ਼ਾ ਲੈ ਸਕਦਾ ਹੈ ਜਾਂ ਕੀ ਐੱਸ ਐੱਮ ਓ ਪੱਧਰ ਦਾ ਪ੍ਰਸ਼ਾਸਨਿਕ ਅਧਿਕਾਰੀ ਓ ਐੱਸ ਡੀ ਨੂੰ ਜਵਾਬਦੇਹ ਹੈ?









