
ਸੰਗਤ ਮੰਡੀ ,19 ਅਗਸਤ (ਯ ਪ)
ਯੂਨੀਵਰਸਿਟੀ ਕਾਲਜ ਘੁੱਦਾ ਵਿੱਚ ਵਿਦਿਆਰਥੀਆਂ ਨੂੰ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਤਹਿਤ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਵਿੱਚ ਵਿਦਿਆਰਥੀਆਂ ਦਾ ਵਫ਼ਦ ਕਾਲਜ ਪ੍ਰਸ਼ਾਸਨ ਨੂੰ ਮਿਲਿਆ। ਇਸ ਸੰਬੰਧੀ ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਸਰਕਾਰੀ ਸਿੱਖਿਆ ਸੰਸਥਾਵਾਂ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਬੰਦ ਹੋਣ ਕੰਢੇ ਹਨ। ਕਾਲਜ ਦੀ ਬਿਲਡਿੰਗ ਖੰਡਰਨੁਮਾ ਹੋ ਰਹੀ ਹੈ। ਪੀਣ ਵਾਲੇ ਪਾਣੀ ਦੀ ਕਮੀ ਹੈ, ਪਖ਼ਾਨਿਆਂ ਵੱਲ ਪਾਣੀ ਨਹੀਂ ਆਉਂਦਾ ਅਤੇ ਸਫ਼ਾਈ ਦਾ ਬੁਰਾ ਹਾਲ ਹੈ।

ਕਾਲਜ ਵਿੱਚ ਫੁੱਟ-ਫੁੱਟ ਘਾਹ ਖੜ੍ਹਾ ਹੈ, ਮੱਛਰਾਂ ਵਾਲੀ ਦਵਾਈ ਛਿੜਕਣ ਦਾ ਕੋਈ ਪ੍ਰਬੰਧ ਨਹੀਂ ਹੈ। ਇਥੋਂ ਤੱਕ ਕਿ ਕਮਰਿਆਂ ਵਿੱਚ ਬਿਜਲੀ ਦਾ ਪ੍ਰਬੰਧ ਤੱਕ ਨਹੀਂ ਹੈ। ਕਾਲਜ ਵਿੱਚ ਫੰਡ ਅਤੇ ਗ੍ਰਾਂਟਾਂ ਦੀ ਵੱਡੀ ਕਮੀ ਹੈ ਜਦਕਿ ਪੰਜਾਬ ਸਰਕਾਰ ਵੱਲੋਂ ਅਖੌਤੀ ਸਿੱਖਿਆ ਕ੍ਰਾਂਤੀ ਦੀਆਂ ਫੜ੍ਹਾਂ ਮਾਰੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਪੇਂਡੂ ਖੇਤਰਾਂ ਦੀਆਂ ਇਹਨਾਂ ਸਿੱਖਿਆ ਸੰਸਥਾਵਾਂ ਨੂੰ ਆਪਣੇ ਹਾਲ ‘ਤੇ ਛੱਡਿਆ ਜਾ ਰਿਹਾ ਹੈ। ਪ੍ਰਿੰਸੀਪਲ ਸਾਹਿਬ ਵੱਲੋਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਫੀਸਾਂ ਦੇ ਵਾਧੇ ਵਿਰੁੱਧ ਚੱਲ ਰਹੇ ਸ਼ੰਘਰਸ਼ ਦੀ ਵੀ ਹਮਾਇਤ ਕੀਤੀ ਗਈ। ਇਸ ਮੌਕੇ ਵਿਦਿਆਰਥੀ ਆਗੂ ਨਵਜੋਤ ਸਿੰਘ, ਜਸਦੀਪ ਸਿੰਘ, ਅਸੀਮ, ਮਨਪ੍ਰੀਤ ਸਿੰਘ ਆਦਿ ਸ਼ਾਮਿਲ ਸਨ।








