
ਤਲਵੰਡੀ ਸਾਬੋ,26 ਅਪ੍ਰੈਲ (ਅੰਮ੍ਰਿਤ ਮਲਕਾਣਾ )
ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਕੌਸ਼ਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਐਸ.ਡੀ.ਐਚ ਤਲਵੰਡੀ ਸਾਬੋ ਡਾ ਰਵਿਕਾਂਤ ਗੁਪਤਾ ਜੀ ਦੀ ਅਗਵਾਈ ਹੇਠ ਬਲਾਕ ਤਲਵੰਡੀ ਸਾਬੋ ਅਧੀਨ ਖਾਲਸਾ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਤਲਵੰਡੀ ਸਾਬੋ ਵਿਖੇ ਬਲਾਕ ਪੱਧਰੀ ਵਿਸ਼ਵ ਮਲੇਰੀਆ ਦਿਵਸ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਸ੍ਰੀ ਅਮਨਦੀਪ ਸਿੰਘ ਮ.ਪ.ਹ.ਵ (ਮੇਲ) ਨੇ ਮਲੇਰੀਆ ਬਿਮਾਰੀ ਸਬੰਧੀ ਵਿਦਿਆਰਥੀਆਂ ਅਤੇ ਸਟਾਫ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਮਲੇਰੀਆ ਬਿਮਾਰੀ ਮੱਛਰਾਂ ਦੁਆਰਾ ਫੈਲਦੀ ਹੈ ਅਤੇ ਇਹ ਬਿਮਾਰੀ ਜ਼ਿਆਦਾਤਰ ਗਰਮੀ ਦੇ ਮੌਸਮ ਵਿੱਚ ਫੈਲਦੀ ਹੈ। ਇਸ ਤੋਂ ਬਚਾਅ ਲਈ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਘਰਾਂ ਦੇ ਆਲੇ ਦੁਆਲੇ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਹੈ।
ਉਨ੍ਹਾਂ ਵਿਦਿਆਰਥੀਆਂ ਨੂੰ ਮੱਛਰ ਦੇ ਜੀਵਨ ਚੱਕਰ ਬਾਰੇ ਵਿਸਥਾਰਪੂਰਵਕ ਦੱਸਿਆ ਅਤੇ ਕਿਹਾ ਕਿ ਮਲੇਰੀਆ ਦੇ ਲੱਛਣਾਂ ਵਿੱਚ ਬੁਖਾਰ, ਕੰਬਣ, ਸਿਰ ਦਰਦ ਆਦਿ ਸ਼ਾਮਲ ਹਨ। ਮਲੇਰੀਆ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵਿਦਿਆਰਥੀਆਂ ਨੂੰ ਸੈਮੀਨਾਰ ਰਾਹੀਂ ਜਾਣਕਾਰੀ ਦਿੱਤੀ ਗਈ ਅਤੇ ਪੋਸਟਰਾਂ ਰਾਹੀਂ ਵੀ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਘਰ ਅਤੇ ਆਲੇ ਦੁਆਲੇ ਸਫਾਈ ਰੱਖੋ, ਪਾਣੀ ਇਕੱਠਾ ਨਾ ਹੋਣ ਦਿਓ ਅਤੇ ਮੱਛਰਾਂ ਤੋਂ ਬਚਾਅ ਲਈ ਮੱਛਰਦਾਨੀ ਦਾ ਪ੍ਰਯੋਗ ਕਰੋ।
ਇਸ ਮੌਕੇ ਸਿਹਤ ਕਰਮਚਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਮਲੇਰੀਆ ਤੋਂ ਬਚਾਅ ਸਬੰਧੀ ਪੰਫਲਿਟ ਵੀ ਵੰਡੇ ਗਏ। ਇਸ ਮੌਕੇ ਮੌਜੂਦ ਸਟਾਫ ਮੈਂਬਰਾਂ ਵਿੱਚ ਸ੍ਰੀਮਤੀ ਗੁਰਮੀਤ ਕੌਰ ਬੀ.ਈ.ਈ, ਸ੍ਰੀਮਤੀ ਰਮਨਦੀਪ ਕੌਰ ਸੀ.ਐੱਚ. ਓ, ਸ੍ਰੀ ਅਮਨਦੀਪ ਸਿੰਘ ਮ.ਪ.ਹ.ਵ (ਮੇਲ), ਸ੍ਰੀ ਗੁਰਪ੍ਰੀਤ ਸਿੰਘ ਮ.ਪ.ਹ.ਵ (ਮੇਲ), ਸ੍ਰੀ ਗੁਰਸੇਵਕ ਸਿੰਘ ਮ.ਪ.ਹ.ਵ (ਮੇਲ) ਆਦਿ ਹਾਜ਼ਰ ਸਨ।








