7 ਮਈ ਚੰਡੀਗੜ੍ਹ ਧਰਨੇ ਵਿੱਚ ਬਠਿੰਡਾ ਤੋਂ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਫੈਸਲਾ

ਬਠਿੰਡਾ, 3 ਅਪ੍ਰੈਲ ( ਗੁਰਸੇਵਕ ਸਿੰਘ ਚੁੱਘੇ ਖੁਰਦ )
ਪੀ ਡਬਲਿਊ ਡੀ ਫੀਲਡ ਅਤੇ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਵੱਲੋਂ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸਥਾਨਕ ਸਰਕਾਰਾਂ ਵਿਭਾਗ ਅਤੇ ਸੀਵਰੇਜ ਬੋਰਡ ਦੇ ਵਿਭਾਗ ਦੇ ਮੁਖੀਆਂ ਦੇ ਖਿਲਾਫ 7 ਮਈ ਨੂੰ ਚੰਡੀਗੜ੍ਹ ਵਿਖੇ ਜਥੇਬੰਦੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਥੇਬੰਦੀ ਦੇ ਆਗੂਆਂ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਮੌੜ ਜਿਲਾ ਚੇਅਰਮੈਨ ਹਰਨੇਕ ਸਿੰਘ ਗਹਿਰੀ ਕੁਲਵੰਤ ਸਿੰਘ ਬੁਰਜ ਥਰੋੜ, ਲਖਬੀਰ ਸਿੰਘ ਭਾਗੀ ਬਾਂਦਰ, ਪਰਮ ਚੰਦ ਬਠਿੰਡਾ, ਦਰਸ਼ਨ ਸ਼ਰਮਾ ,ਸੁਖਚੈਨ ਸਿੰਘ ,ਹੰਸ ਰਾਜ ਬੀਜਵਾ ਬਲਜਿੰਦਰ ਸਿੰਘ ਗੁਰਮੀਤ ਸਿੰਘ ਭੋਡੀਪੁਰਾ ਧਰਮ ਸਿੰਘ ਕੋਠਾ ਗੁਰੂ ਸੁਖਚੈਨ ਸਿੰਘ, ਗੁਰਜੰਟ ਮਾਨ ਹਰਪ੍ਰੀਤ ਸਿੰਘ, ਰਣਜੀਤ ਸਿੰਘ ਸਿੱਧੂ, ਗੁਰਚਰਨ ਜੋੜਕੀਆਂ, ਪਿਆਰੇ ਲਾਲ ਨੇ ਦੱਸਿਆ ਕਿ ਸੀਵਰੇਜ ਬੋਰਡ ਅੰਦਰ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਮੁਲਾਜ਼ਮਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਜਦ ਕਿ ਹੋਰ ਬੋਰਡਾਂ ਤੇ ਕਾਰਪੋਰੇਸ਼ਨਾਂ ਤੇ ਸਥਾਨਕ ਸਰਕਾਰਾਂ ਵਿਭਾਗ ਵੱਖ ਵੱਖ ਵਿੰਗਾਂ ਅੰਦਰ ਪੈਨਸ਼ਨ ਦਿੱਤੀ ਜਾ ਰਹੀ ਹੈ।

ਇਸ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ, ਕਿ ਮਹਿਕਮਾ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਆਪਣੇ ਪੱਧਰ ਤੇ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਵਿੱਚ ਅਜੰਡਾ ਪਾਸ ਕਰਕੇ ਪੈਨਸ਼ਨ ਦੇਣ ਸਬੰਧੀ ਸਹਿਮਤੀ ਪ੍ਰਗਟਾਈ ਗਈ ਸੀ ਪਰ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਵਾਰ-ਵਾਰ ਇਤਰਾਜ਼ ਲਾ ਕੇ ਕੇਸ ਨੂੰ ਵਾਪਸ ਮੋੜਿਆ ਜਾ ਰਿਹਾ ਹੈ। ਸਬ ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਅਤੇ ਸਥਾਨਕ ਸਰਕਾਰਾਂ ਮੰਤਰੀ ਨਾਲ ਤਿੰਨ ਵਾਰ ਜਥੇਬੰਦੀ ਦੀਆਂ ਮੀਟਿੰਗਾਂ ਵਿੱਚ ਹਦਾਇਤਾਂ ਹੋਣ ਦੇ ਬਾਵਜੂਦ ਸੀਵਰੇਜ ਬੋਰਡ ਦੇ ਮੁੱਖ ਕਾਰਜਕਾਰੀ ਅਫ਼ਸਰ ਅਤੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇਸ ਪੈਨਸ਼ਨ ਦੇਣ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਦ ਕਿ ਇਸ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਮੀਟਿੰਗਾਂ ਇਹਨਾਂ ਅਧਿਕਾਰੀਆਂ ਨਾਲ ਹੋ ਚੁੱਕੀਆਂ ਹਨ। ਪਰ ਬੜੇ ਦੁੱਖ ਦੀ ਗੱਲ ਹੈ ਕਿ ਮੀਟਿੰਗ ਵਿੱਚ ਮੰਨ ਕੇ ਵੀ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਦੇ ਨਾਲ ਆਊਟਸੋਰਸ ਅਤੇ ਕੰਟਰੈਕਟ ਦੇ ਕਾਮਿਆਂ ਨੂੰ ਵਿਭਾਗ ਵਿੱਚ ਸ਼ਾਮਿਲ ਕਰਕੇ ਪੱਕੇ ਕਰਨਾ, ਜਿੰਨੀ ਦੇਰ ਰੈਗੂਲਰ ਪੋਲਿਸੀ ਨਹੀਂ ਬਣਦੀ ਚੰਡੀਗੜ੍ਹ ਦੇ ਕੱਚੇ ਮੁਲਾਜ਼ਮਾਂ ਵਾਂਗ ਤਨਖਾਹਾਂ ਵਿੱਚ ਵਾਧਾ ਕਰਨਾ ਵਿਭਾਗ ਅੰਦਰ 2016 ਦੀ ਪੋਲਿਸੀ ਤਹਿਤ ਪੱਕੇ ਕੀਤੇ ਕਰਮਚਾਰੀਆਂ ਨੂੰ ਏ.ਸੀ.ਪੀ ਦਾ ਲਾਭ ਦੇਣਾ, 20,30,50 ਨੂੰ ਲਾਗੂ ਕਰਨਾ, ਅਤੇ ਪ੍ਰਮੋਸ਼ਨ ਚੈਨਲ ਲਾਗੂ ਕਰਨਾ, ਸੀਵਰੇਜ ਬੋਰਡ ਵਿੱਚ ਸਰਵਿਸ ਰੂਲ ਬਣਾਉਣੇ ਅਤੇ ਬੋਰਡ ਅੰਦਰ ਹਜ਼ਾਰਾਂ ਖਾਲੀ ਪਈਆਂ ਪੋਸਟਾਂ ਤੇ ਭਰਤੀ ਕਰਨਾਂ, ਰਿਟਾਇਰ ਕਰਮਚਾਰੀਆਂ ਨੂੰ ਸਮੇਂ ਸਿਰ ਰਿਟਾਇਰਮੈਂਟ ਫੰਡ ਦੇਣਾ, ਮੰਡੀਆਂ ਵਿੱਚ ਫੀਲਡ ਕਰਮਚਾਰੀਆਂ ਦੀਆਂ ਤਨਖਾਹਾਂ ਪੈਡਿੰਗ ਪਈਆਂ ਹਨ ਨੂੰ ਤਨਖਾਹਾਂ ਸਮੇਂ ਸਿਰ ਦੇਣਾ,2-2 ਸਾਲਾਂ ਤੋਂ ਕੱਚੇ ਕਰਮਚਾਰੀਆਂ ਦਾ ਈ ਪੀ ਐਫ਼ ਜਮ੍ਹਾਂ ਨਹੀਂ ਹੋਇਆ ਜਮਾਂ ਕਰਵਾਉਣਾ ਆਦਿ ਮੰਗਾਂ ਨੂੰ ਲੈ ਕੇ ਮਿਤੀ 7 ਮਈ 2026 ਨੂੰ ਵਧੀਕ ਮੁੱਖ ਸਕੱਤਰ ਅਤੇ ਮੁੱਖ ਕਾਰਜਕਾਰੀ ਅਫ਼ਸਰ ਸੀਵਰੇਜ ਬੋਰਡ ਦੇ ਖਿਲਾਫ਼ 35 ਏ ਚੰਡੀਗੜ੍ਹ ਵਿਖੇ ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾ ਵੱਲੋਂ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਸੀਵਰੇਜ ਬੋਰਡ ਦੇ ਸੀ ਈ ਓ ਅਤੇ ਸਥਾਨਕ ਸਰਕਾਰਾਂ ਦੇ ਵਧੀਕ ਮੁੱਖ ਸਕੱਤਰ ਅਤੇ ਪੰਜਾਬ ਸਰਕਾਰ ਦੀ ਹੋਵੇਗੀ।







