
ਬਠਿੰਡਾ,8ਅਪ੍ਰੈਲ (ਯ ਪੀ )
ਅਧਿਆਪਕਾਂ ਦੀ ਘਾਟ ਨੂੰ ਲੈ ਕੇ ਸਿੱਖਿਆ ਕੋਆਰਡੀਨੇਟਰ ਦੇ ਪਿੰਡ ਕੋਟ ਗੁਰੂ ਚ ਸਕੂਲੀ ਬੱਚਿਆਂ ਦੇ ਮਾਪਿਆਂ ਤੇ ਪਿੰਡ ਵਾਸੀਆਂ ਨੇ ਪਿੰਡ ਕਮੇਟੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਤੋਂ ਪਿੰਡ ਕੋਟ ਗੁਰੂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਦੋ ਅਧਿਆਪਕਾਂ ਦੀ ਘਾਟ ਹੈ ਅਤੇ ਮੁੱਖ ਅਧਿਆਪਕ ਦੀ ਪੋਸਟ ਵੀ ਖਾਲੀ ਹੈ ਜਿਸ ਦਾ ਕੰਮ ਹਾਜ਼ਰ ਅਧਿਆਪਕਾਂ ‘ਚੋਂ ਇੱਕ ਨੂੰ ਮਜ਼ਬੂਰੀ ਵੱਸ ਚਲਾਉਣਾ ਪੈ ਰਿਹਾ ਹੈ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਪਿੰਡ ਦੇ ਸਿੱਖਿਆ ਕੋਆਰਡੀਨੇਟਰ ਦੇ ਧਿਆਨ ‘ਚ ਲਿਆ ਦਿੱਤਾ ਗਿਆ ਸੀ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਇਹ ਅਸਾਮੀਆਂ ਜ਼ਲਦ ਭਰ ਦਿੱਤੀਆਂ ਜਾਣਗੀਆਂ ਪ੍ਰੰਤੂ ਹਾਲੇ ਤੱਕ ਅਧਿਆਪਕ ਨਹੀਂ ਆਏ। ਇਸ ਦੇ ਰੋਸ ਵਜੋਂ ਅੱਜ ਪਿੰਡ ਦੇ ਸਕੂਲ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਤੇ ਪਿੰਡ ਵਾਸੀਆਂ ਨੇ ਰਲਕੇ ਨਾਅਰੇਬਾਜ਼ੀ ਕੀਤੀ ਤੇ ਕੱਲ੍ਹ ਨੂੰ 8 ਅਪ੍ਰੈਲ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ।

ਇਸ ਸਮੇਂ ਇਕੱਤਰ ਹੋਏ ਲੋਕਾਂ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਰਾਮ ਸਿੰਘ ਕੋਟ ਤੇ ਜਸਕਰਨ ਸਿੰਘ ਕੋਟ ਗੁਰੂ ਨੇ ਸੰਬੋਧਨ ਕੀਤਾ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਹਰਵਿੰਦਰ ਸਿੰਘ, ਜਸਮੇਲ ਸਿੰਘ, ਰਣਧੀਰ ਸਿੰਘ, ਹਰਮੀਤ ਸਿੰਘ, ਪਿੰਡ ਵਾਸੀਆਂ ਚੋਂ ਬਲਵਿੰਦਰ ਸਿੰਘ, ਗੁਰਮੀਤ ਸਿੰਘ ਨੀਟਾ, ਲਾਭ ਸਿੰਘ ਟੇਲਰ ਤੇ ਲਖਵਿੰਦਰ ਸਿੰਘ ਲੱਖੀ ਸਮੇਤ ਔਰਤਾਂ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਸਨ।









