



ਨਵੇਂ ਬਦਲ ਕੇ ਆਏ ਐਸ.ਐਚ.ਓ. ਨਿਰਮਲਜੀਤ ਸਿੰਘ ਨੇ ਅੱਜ ਰਾਮਾਂ ਥਾਣੇ ਦਾ ਚਾਰਜ ਸੰਭਾਲਿਆ
ਰਾਮਾਂ ਮੰਡੀ, 12 ਅਗਸਤ (ਅੰਮ੍ਰਿਤ ਮਲਕਾਣਾ) ਨਵੇਂ ਬਦਲ ਕੇ ਆਏ ਨਿਰਮਲਜੀਤ ਸਿੰਘ ਨੇ ਰਾਮਾਂ ਥਾਣੇ ਦੇ ਐਸ.ਐਚ.ਓ. ਵਜੋਂ ਅੱਜ ਆਪਣਾ ਚਾਰਜ ਸੰਭਾਲ ਲਿਆ ਹੈ। ਥਾਣੇ ਵਿੱਚ ਪਹੁੰਚਣ ’ਤੇ ਪੁਲਿਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਐਸ.ਐਚ.ਓ. ਨਿਰਮਲ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣਾ, ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕਰਨਾ ਅਤੇ ਨਸ਼ਿਆਂ ਸਮੇਤ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਨੱਥ ਪਾਉਣਾ ਉਨ੍ਹਾਂ ਦੀ ਮੁੱਖ ਤਰਜ਼ੀਹ ਹੋਵੇਗੀ। ਉਨ੍ਹਾਂ ਕਿਹਾ ਕਿ ਥਾਣੇ ਵਿੱਚ ਆਪਣੀਆਂ ਸ਼ਿਕਾਇਤਾਂ ਲੈ ਕੇ ਆਉਣ ਵਾਲੇ ਲੋਕਾਂ ਦੀ ਹਰ ਜਾਇਜ਼ ਸ਼ਿਕਾਇਤ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ ਪੁਲਿਸ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਲੋਕਾਂ ਦੇ ਆਪਸੀ ਸਹਿਯੋਗ ਨਾਲ ਹੀ ਅਪਰਾਧਾਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ।ਐਸ.ਐਚ.ਓ. ਨਿਰਮਲਜੁਤ ਸਿੰਘ ਨੇ ਪੁਲਿਸ ਮੁਲਾਜ਼ਮਾਂ ਨੂੰ ਵੀ ਆਪਣੀ ਡਿਊਟੀ ਇਮਾਨਦਾਰੀ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਕਿਹਾ।
************************
ਵਟਸਐਪ ਯੂਜ਼ਰਨੇਮ ਫੀਚਰ : ਸਹੂਲਤ ਜਾਂ ਸਾਈਬਰ ਅਪਰਾਧੀਆਂ ਲਈ ਖੁੱਲ੍ਹਾ ਸੱਦਾ?
ਬਿਨਾਂ ਮੋਬਾਈਲ ਨੰਬਰ ਸਾਂਝਾ ਕੀਤੇ ਗੱਲਬਾਤ ਦੀ ਸਹੂਲਤ ਬਣ ਸਕਦੀ ਹੈ ਜਨਤਾ ਲਈ ਵੱਡੀ ਮੁਸੀਬਤ, ਸਾਈਬਰ ਮਾਹਰਾਂ ਨੇ ਜਤਾਈ ਚਿੰਤਾ
ਵਟਸਐਪ ਦੁਨੀਆ ਭਰ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੈਸੇਜਿੰਗ ਐਪ ਹੈ, ਜਿਸ ਦੀ ਵਰਤੋਂ ਹਰ ਉਮਰ ਦੇ ਲੋਕ ਰੋਜ਼ਾਨਾ ਗੱਲਬਾਤ ਲਈ ਕਰਦੇ ਹਨ। ਸਮੇਂ-ਸਮੇਂ ‘ਤੇ ਵਟਸਐਪ ਆਪਣੇ ਉਪਭੋਗਤਾਵਾਂ ਦੀ ਸੁਰੱਖਿਆ ਅਤੇ ਪ੍ਰਾਈਵੇਸੀ ਨੂੰ ਬਿਹਤਰ ਬਣਾਉਣ ਲਈ ਨਵੇਂ ਬਦਲਾਅ ਕਰਦਾ ਰਹਿੰਦਾ ਹੈ। ਇਸੇ ਤਹਿਤ ਹੁਣ ਕੰਪਨੀ ਇੱਕ ਨਵਾਂ ਯੂਜ਼ਰਨੇਮ ਫੀਚਰ ਲੈ ਕੇ ਆ ਰਹੀ ਹੈ। ਇਸ ਨਵੇਂ ਫੀਚਰ ਦੇ ਆਉਣ ਨਾਲ ਲੋਕਾਂ ਨੂੰ ਇੱਕ-ਦੂਜੇ ਨਾਲ ਗੱਲਬਾਤ ਕਰਨ ਲਈ ਆਪਣਾ ਨਿੱਜੀ ਮੋਬਾਈਲ ਨੰਬਰ ਸਾਂਝਾ ਕਰਨ ਦੀ ਲੋੜ ਨਹੀਂ ਪਵੇਗੀ। ਇਸ ਦੀ ਬਜਾਏ, ਲੋਕ ਸਿਰਫ਼ ਇੱਕ ਨਾਮ ਜਾਂ ਯੂਜ਼ਰਨੇਮ ਦੀ ਵਰਤੋਂ ਕਰਕੇ ਹੀ ਆਪਸ ਵਿੱਚ ਜੁੜ ਸਕਣਗੇ। ਦੇਖਣ ਨੂੰ ਇਹ ਫੀਚਰ ਬਹੁਤ ਵਧੀਆ ਅਤੇ ਸੁਵਿਧਾਜਨਕ ਲੱਗਦਾ ਹੈ, ਕਿਉਂਕਿ ਇਸ ਨਾਲ ਸਾਡਾ ਫੋਨ ਨੰਬਰ ਅਣਪਛਾਤੇ ਲੋਕਾਂ ਕੋਲ ਜਾਣ ਤੋਂ ਬਚ ਜਾਵੇਗਾ। ਪਰ ਇਸ ਦੇ ਨਾਲ ਹੀ ਇੱਕ ਵੱਡੀ ਚਿੰਤਾ ਵੀ ਖੜ੍ਹੀ ਹੋ ਗਈ ਹੈ ਕਿ ਇਹ ਫੀਚਰ ਆਨਲਾਈਨ ਧੋਖਾਧੜੀ ਕਰਨ ਵਾਲੇ ਠੱਗਾਂ ਲਈ ਲੋਕਾਂ ਨੂੰ ਮੂਰਖ ਬਣਾਉਣਾ ਹੋਰ ਵੀ ਆਸਾਨ ਕਰ ਸਕਦਾ ਹੈ।
ਪਹਿਲਾਂ ਜਦੋਂ ਵੀ ਕੋਈ ਅਣਪਛਾਤਾ ਵਿਅਕਤੀ ਜਾਂ ਠੱਗ ਕਿਸੇ ਨੂੰ ਵਟਸਐਪ ‘ਤੇ ਮੈਸੇਜ ਕਰਦਾ ਸੀ, ਤਾਂ ਉਸ ਦਾ ਮੋਬਾਈਲ ਨੰਬਰ ਸਾਫ਼ ਦਿਖਾਈ ਦਿੰਦਾ ਸੀ। ਨੰਬਰ ਦਿਖਣ ਕਾਰਨ ਲੋਕਾਂ ਨੂੰ ਇਹ ਸਮਝਣਾ ਸੌਖਾ ਹੁੰਦਾ ਸੀ ਕਿ ਇਹ ਨੰਬਰ ਭਾਰਤ ਦਾ ਹੈ ਜਾਂ ਕਿਸੇ ਬਾਹਰਲੇ ਦੇਸ਼ ਦਾ। ਇਸ ਤੋਂ ਇਲਾਵਾ, ਜੇਕਰ ਕੋਈ ਠੱਗੀ ਹੁੰਦੀ ਸੀ, ਤਾਂ ਪੁਲਿਸ ਉਸ ਮੋਬਾਈਲ ਨੰਬਰ ਦੇ ਜ਼ਰੀਏ ਅਪਰਾਧੀ ਤੱਕ ਪਹੁੰਚ ਸਕਦੀ ਸੀ। ਪਰ ਯੂਜ਼ਰਨੇਮ ਫੀਚਰ ਆਉਣ ਤੋਂ ਬਾਅਦ ਠੱਗ ਆਪਣਾ ਅਸਲ ਮੋਬਾਈਲ ਨੰਬਰ ਪੂਰੀ ਤਰ੍ਹਾਂ ਛੁਪਾ ਸਕਣਗੇ। ਉਹ ਕੋਈ ਵੀ ਫਰਜ਼ੀ ਨਾਮ ਰੱਖ ਕੇ ਕਿਸੇ ਨੂੰ ਵੀ ਮੈਸੇਜ ਭੇਜ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀ ਅਸਲ ਪਛਾਣ ਲੱਭਣੀ ਬਹੁਤ ਮੁਸ਼ਕਲ ਹੋ ਜਾਵੇਗੀ।
ਇਸ ਫੀਚਰ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਵੇਗਾ ਕਿ ਠੱਗ ਕਿਸੇ ਮਸ਼ਹੂਰ ਬੈਂਕ, ਵੱਡੀ ਕੰਪਨੀ ਜਾਂ ਫਿਰ ਤੁਹਾਡੇ ਕਿਸੇ ਰਿਸ਼ਤੇਦਾਰ ਦੇ ਨਾਮ ਵਰਗਾ ਫਰਜ਼ੀ ਯੂਜ਼ਰਨੇਮ ਬਣਾ ਕੇ ਤੁਹਾਨੂੰ ਧੋਖਾ ਦੇ ਸਕਦੇ ਹਨ। ਆਮ ਤੌਰ ‘ਤੇ ਸਾਧਾਰਨ ਲੋਕ ਬਿਨਾਂ ਜ਼ਿਆਦਾ ਸੋਚੇ-ਸਮਝੇ ਨਾਮ ਦੇਖ ਕੇ ਭਰੋਸਾ ਕਰ ਲੈਂਦੇ ਹਨ ਅਤੇ ਆਪਣੇ ਬੈਂਕ ਖਾਤੇ ਦੀ ਜਾਣਕਾਰੀ ਜਾਂ ਪੈਸੇ ਟ੍ਰਾਂਸਫਰ ਕਰ ਦਿੰਦੇ ਹਨ। ਇਸ ਤੋਂ ਇਲਾਵਾ, ਠੱਗਾਂ ਨੂੰ ਹੁਣ ਲੋਕਾਂ ਦੇ ਫੋਨ ਨੰਬਰ ਲੱਭਣ ਦੀ ਵੀ ਲੋੜ ਨਹੀਂ ਪਵੇਗੀ। ਉਹ ਵੱਖ-ਵੱਖ ਨਾਮਾਂ ਦੇ ਅੰਦਾਜ਼ੇ ਲਗਾ ਕੇ ਕਿਸੇ ਨੂੰ ਵੀ ਆਸਾਨੀ ਨਾਲ ਲੱਭ ਸਕਣਗੇ ਅਤੇ ਮੈਸੇਜ ਭੇਜ ਕੇ ਪਰੇਸ਼ਾਨ ਕਰ ਸਕਣਗੇ।
ਇਸੇ ਖ਼ਤਰੇ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਵੀ ਵੱਡੀ ਚਿੰਤਾ ਪ੍ਰਗਟਾਈ ਹੈ। ਸਰਕਾਰ ਦੇ ਯਤਨਾਂ ਸਦਕਾ ਪਹਿਲਾਂ ਅਜਿਹੀ ਸਹੂਲਤ ਸ਼ੁਰੂ ਹੋਈ ਸੀ ਜਿਸ ਨਾਲ ਫੋਨ ਕਰਨ ਵਾਲੇ ਦਾ ਅਸਲ ਨਾਮ ਸਕ੍ਰੀਨ ‘ਤੇ ਆਉਣ ਲੱਗ ਪਿਆ ਸੀ, ਜਿਸ ਨਾਲ ਲੋਕਾਂ ਨੂੰ ਠੱਗਾਂ ਤੋਂ ਵੱਡੀ ਰਾਹਤ ਮਿਲੀ ਸੀ। ਪਰ ਹੁਣ ਵਟਸਐਪ ਦਾ ਇਹ ਨਵਾਂ ਕਦਮ ਉਸ ਸੁਰੱਖਿਆ ਨੂੰ ਕਮਜ਼ੋਰ ਕਰ ਸਕਦਾ ਹੈ। ਸਰਕਾਰ ਨੂੰ ਡਰ ਹੈ ਕਿ ਇਸ ਫੀਚਰ ਨਾਲ ਇੰਟਰਨੈੱਟ ‘ਤੇ ਧੋਖਾਧੜੀ, ਫਰਜ਼ੀ ਨੌਕਰੀਆਂ ਦੇ ਝਾਂਸੇ ਅਤੇ ਨਕਲੀ ਪਛਾਣ ਬਣਾ ਕੇ ਲੋਕਾਂ ਨੂੰ ਬਲੈਕਮੇਲ ਕਰਨ ਦੇ ਮਾਮਲੇ ਬਹੁਤ ਜ਼ਿਆਦਾ ਵੱਧ ਜਾਣਗੇ। ਇਸੇ ਕਾਰਨ ਸਰਕਾਰ ਨੇ ਵਟਸਐਪ ਕੰਪਨੀ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਸੀ ਅਤੇ ਆਈ.ਟੀ. ਮੰਤਰਾਲੇ ਦੇ ਅਧਿਕਾਰੀਆਂ ਨਾਲ ਇਸ ਬਾਰੇ ਮੀਟਿੰਗ ਵੀ ਹੋਈ ਹੈ। ਚੰਗੀ ਗੱਲ ਇਹ ਹੈ ਕਿ ਵਟਸਐਪ ਨੇ ਸਾਫ਼ ਕੀਤਾ ਹੈ ਕਿ ਜਦੋਂ ਤੱਕ ਸਰਕਾਰ ਨਾਲ ਇਸ ਮੁੱਦੇ ‘ਤੇ ਪੂਰੀ ਗੱਲਬਾਤ ਨਹੀਂ ਹੋ ਜਾਂਦੀ, ਉਦੋਂ ਤੱਕ ਇਸ ਫੀਚਰ ਨੂੰ ਭਾਰਤ ਵਿੱਚ ਲਾਗੂ ਨਹੀਂ ਕੀਤਾ ਜਾਵੇਗਾ।
ਭਵਿੱਖ ਵਿੱਚ ਜਦੋਂ ਵੀ ਇਹ ਫੀਚਰ ਆਉਂਦਾ ਹੈ, ਤਾਂ ਸਾਨੂੰ ਖੁਦ ਬਹੁਤ ਸਾਵਧਾਨ ਰਹਿਣਾ ਪਵੇਗਾ। ਜੇਕਰ ਕੋਈ ਅਣਪਛਾਤੇ ਨਾਮ ਵਾਲਾ ਵਿਅਕਤੀ ਤੁਹਾਨੂੰ ਮੈਸੇਜ ਕਰਕੇ ਪੈਸੇ ਮੰਗਦਾ ਹੈ ਜਾਂ ਕੋਈ ਲਾਲਚ ਦਿੰਦਾ ਹੈ, ਤਾਂ ਉਸ ‘ਤੇ ਕਦੇ ਵੀ ਤੁਰੰਤ ਭਰੋਸਾ ਨਾ ਕਰੋ। ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਇੱਕ ਵਾਰ ਫੋਨ ਕਰਕੇ ਪੁਸ਼ਟੀ ਜ਼ਰੂਰ ਕਰੋ। ਕਿਸੇ ਵੀ ਸ਼ੱਕੀ ਖਾਤੇ ਨੂੰ ਤੁਰੰਤ ਬਲਾਕ ਕਰੋ ਤਾਂ ਜੋ ਤੁਸੀਂ ਆਨਲਾਈਨ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕੋ।
ਚਾਨਣਦੀਪ ਸਿੰਘ ਔਲਖ,
ਪਿੰਡ ਗੁਰਨੇ ਖ਼ੁਰਦ (ਮਾਨਸਾ),
ਸੰਪਰਕ 9876888177
************************
ਭਾਜਪਾ ਵੱਲੋਂ ਗਗਨਦੀਪ ਸਿੰਘ ਬਠਿੰਡਾ ਸ਼ਹਿਰੀ ਜ਼ਿਲ੍ਹਾ ਜਨਰਲ ਸਕੱਤਰ ਕਿਸਾਨ ਮੋਰਚਾ ਨਿਯੁਕਤ
ਬਠਿੰਡਾ,12 ਅਗਸਤ (ਗੁਰਸੇਵਕ ਚੁੱਘੇ ਖੁਰਦ )ਭਾਜਪਾ ਵੱਲੋਂ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਤਹਿਤ ਗਗਨਦੀਪ ਸਿੰਘ ਨੂੰ ਬਠਿੰਡਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਬਲਵੰਤ ਸਿੰਘ ਸ਼ੈਣੇਵਾਲ਼ਾ ਦੀ ਅਗਵਾਈ ਵਿੱਚ ਬਠਿੰਡਾ ਸ਼ਹਿਰੀ ਜ਼ਿਲ੍ਹਾ ਜਨਰਲ ਸਕੱਤਰ ਕਿਸਾਨ ਮੋਰਚਾ ਨਿਯੁਕਤ ਕੀਤਾ ਗਿਆ।ਨਿਯੁਕਤੀ ਲੈਣ ਉਪਰੰਤ ਗਗਨਦੀਪ ਸਿੰਘ ਨੇ ਕਿਸਾਨਾਂ ਪ੍ਰਤੀ ਬਣਦੀ ਜ਼ਿੰਮੇਵਾਰੀ ਤਨਦੇਹੀ ਨਾਲ਼ ਨਿਭਾਉਣ ਅਤੇ ਕਿਸਾਨਾਂ ਦੀਆਂ ਸਮਸਿਆਵਾਂ ਪਾਰਟੀ ਤੱਕ ਪਹੁੰਚਾਉਣ ਲਈ ਕਿਸਾਨਾਂ ਅਤੇ ਪਾਰਟੀ ਵਿਚਕਾਰ ਇੱਕ ਕੜੀ ਵਜੋਂ ਕੰਮ ਕਰਨ ਦਾ ਭਰੋਸਾ ਦਿੱਤਾ ਤਾਂ ਜੋ ਦੋਵਾਂ ਧਿਰਾਂ ਦਾ ਵਿਸ਼ਵਾਸ ਮਜ਼ਬੂਤ ਹੋ ਸਕੇ।ਇਸ ਮੌਕੇ ਮੌਜੂਦ ਹਲਕਾ ਇੰਚਾਰਜ ਵਰਿੰਦਰ ਸ਼ਰਮਾ, ਜ਼ਿਲ੍ਹਾ ਮਹਾਂਮੰਤਰੀ ਉਮੇਸ਼ ਸ਼ਰਮਾ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਗੌਰਵ ਨਿਧਨੀਆ, ਭਾਜਪਾ ਆਗੂ ਸੁਖਦੀਪ ਸਿੰਘ ਕੁਟੀ,ਲੱਖਾ ਮਛਾਣਾ,ਵਿੱਕੀ ਸਿੱਧੂ ਚੱਕ ਰੁਲਦੂ ਸਿੰਘ ਵਾਲ਼ਾ,ਗਗਨਦੀਪ ਕੋਟਲੀ,ਪਰਮਿੰਦਰ ਸਿੰਘ ਢਿੱਲੋਂ,ਹਰਵਿੰਦਰ ਸਿੰਘ ਕੁਟੀ ਨੇ ਗਗਨਦੀਪ ਸਿੰਘ ਨੂੰ ਵਧਾਈਆਂ ਦਿੱਤੀਆਂ।
************************
ਭਾਰਤ-ਅਮਰੀਕਾ ਵਪਾਰ ਵਾਰਤਾ ਵਿਰੁੱਧ ਮੀਟਿੰਗਾਂ
ਸੰਗਤ ਮੰਡੀ 12 ਅਗਸਤ(ਯ ਪ )ਭਾਰਤ ਅਮਰੀਕਾ ਵਪਾਰ ਵਾਰਤਾ ਨੂੰ ਸਿਰੇ ਚੜ੍ਹਾਉਣ ਲਈ ਮੋਦੀ ਹਕੂਮਤ ਵੱਲੋਂ ਕੀਤੀਆਂ ਜਾ ਰਹੀਆਂ ਪੇਸ਼ਬੰਦੀਆਂ ਖਿਲਾਫ ਮੁਹਿੰਮ ਤਹਿਤ ਅੱਜ ਲੋਕ ਮੋਰਚਾ ਪੰਜਾਬ ਵੱਲੋਂ ਸੰਗਤ ਬਲਾਕ ਦੇ ਪਿੰਡ ਕੋਟ ਗੁਰੂ, ਸੇਖੂ ਤੇ ਚੱਕ ਅਤਰ ਸਿੰਘ ਵਾਲਾ ਵਿਖੇ ਵਿੱਚ ਮੀਟਿੰਗਾਂ ਕੀਤੀਆਂ ਗਈਆ ਜਿਨ੍ਹਾਂ ਵਿੱਚ ਵੱਡੀ ਗਿਣਤੀ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ, ਜ਼ਿਲ੍ਹਾ ਕਮੇਟੀ ਮੈਂਬਰ ਪਰਮਜੀਤ ਕੌਰ, ਕਿਸਾਨ ਆਗੂ ਰਾਮ ਸਿੰਘ ਅਤੇ ਜਸਕਰਨ ਸਿੰਘ ਨੇ ਕਿਹਾ ਕਿ ਭਾਰਤ ਅਮਰੀਕਾ ਵਪਾਰ ਵਾਰਤਾ ਦੇ ਸਿਰੇ ਚੜ੍ਹਨ ਨਾਲ ਭਾਰਤ ਦੀ ਖੇਤੀ ਮੰਡੀ ਵਿਦੇਸ਼ੀ ਵਸਤਾਂ ਲਈ ਖੁੱਲ੍ਹ ਜਾਣੀ ਹੈ ਅਤੇ ਇਸ ਦੇ ਕਿਸਾਨਾਂ ਉੱਤੇ ਬਹੁਤ ਮਾਰੂ ਅਸਰ ਪੈਣੇ ਹਨ। ਸਨਅਤੀ ਵਸਤਾਂ ਦੇ ਮਾਮਲੇ ਵਿੱਚ ਇਹ ਮੰਡੀ ਪਹਿਲਾਂ ਹੀ ਖੋਹਲੀ ਜਾ ਚੁੱਕੀ ਹੈ ਤੇ ਹੁਣ ਇਸ ਵਾਰਤਾ ਸਦਕਾ ਹੋਰ ਸਨਅਤੀ ਵਸਤਾਂ ਦੀ ਦਰਾਮਦ ਹੋਣੀ ਹੈ ਅਤੇ ਸਾਡੀ ਪਹਿਲਾਂ ਹੀ ਸੋਕੜੇ ਦਾ ਸ਼ਿਕਾਰ ਸਨਅਤ ਨੇ ਹੋਰ ਮਰੁੰਡੇ ਜਾਣਾ ਹੈ। ਵੱਡੀ ਪੱਧਰ ਤੇ ਛਾਂਟੀਆਂ ਹੋਣਗੀਆਂ ਅਤੇ ਬੇਰੁਜ਼ਗਾਰੀ ਵਿੱਚ ਵਾਧਾ ਹੋਵੇਗਾ। ਇਸ ਨੇ ਨਾ ਸਿਰਫ ਭਾਰਤੀ ਉਤਪਾਦਕਾਂ ਉੱਤੇ ਸਗੋਂ ਖਪਤਕਾਰਾਂ ਉੱਤੇ ਵੀ ਵਿਦੇਸ਼ੀ ਵਸਤਾਂ ਦੀ ਦਰਾਮਦ ਨੇ ਵੱਡੇ ਅਸਰ ਪਾਉਣੇ ਹਨ। ਪਹਿਲਾਂ ਖੇਤੀ ਖੇਤਰ ਅੰਦਰ ਸੇਬਾਂ ਦੀ ਦਰਾਮਦ ਨੇ ਹਿਮਾਚਲ ਅਤੇ ਕਸ਼ਮੀਰ ਦੇ ਸੇਬ ਉਤਪਾਦਕਾਂ ਉੱਤੇ ਬੇਹਦ ਮਾਰੂ ਅਸਰ ਪਾਇਆ ਹੈ। ਹੁਣ ਮੱਕੀ ਅਤੇ ਹੋਰ ਫਸਲੀ ਵਸਤਾਂ ਦੀ ਦਰਾਮਦ ਨੇ ਦੇਸ਼ ਦੇ ਬਾਕੀ ਹਿੱਸਿਆਂ ਦੇ ਕਿਸਾਨਾਂ ਨੂੰ ਵੀ ਕੰਗਾਲੀ ਦੇ ਮੂੰਹ ਧੱਕਣਾ ਹੈ ਤੇ ਭਾਰਤ ਦੇ ਖੇਤੀ ਸੰਕਟ ਨੂੰ ਹੋਰ ਵਿਸ਼ਾਲ ਕਰਨਾ ਹੈ।
ਆਗੂ ਨੇ ਕਿਹਾ ਕਿ ਇਹ ਸਮਝੌਤਾ ਵਾਰਤਾ ਪੂਰੀ ਤਰ੍ਹਾਂ ਸਾਮਰਾਜੀ ਦਬਾਅ ਅੱਗੇ ਲਿਫਕੇ ਅਤੇ ਦੇਸ਼ ਦੇ ਹਿੱਤਾਂ ਨੂੰ ਦਾਅ ਉੱਤੇ ਲਾ ਕੇ ਕੀਤੀ ਜਾ ਰਹੀ ਹੈ। ਇਸ ਦਾ ਮੰਤਵ ਭਾਰਤੀ ਖੇਤੀ ਮੰਡੀ ਨੂੰ ਸਾਮਰਾਜੀ ਲੁੱਟ ਲਈ ਪੜਾਅਵਾਰ ਖੋਹਲਣਾ ਹੈ। ਦੇਸ਼ ਦੇ ਬਹੁ ਗਿਣਤੀ ਲੋਕਾਂ ਦੇ ਹਿੱਤਾਂ ਦੀ ਕੀਮਤ ਦੇ ਕੇ ਬਦਲੇ ਵਿੱਚ ਮੁੱਠੀ ਭਰ ਵੱਡੇ ਕਾਰੋਬਾਰੀਆਂ ਲਈ ਵਿਦੇਸ਼ੀ ਮੰਡੀ ਦੀ ਰਸਾਈ ਹਾਸਿਲ ਕਰਨਾ ਹੈ। ਤੇਲ ਦੀ ਦਰਾਮਦ ਦੇ ਮਾਮਲੇ ਵਿੱਚ ਭਾਰਤ ਉੱਤੇ ਆਇਦ ਪਾਬੰਦੀਆਂ ਅਤੇ ਅਮਰੀਕਾ ਵੱਲੋਂ ਪਾਇਆ ਜਾ ਰਿਹਾ ਦਬਾਅ ਇਸ ਸੰਧੀ ਦਾ ਹੀ ਇੱਕ ਜੁੜਵਾਂ ਹਿੱਸਾ ਹੈ।
ਇਸ ਲਈ ਲੋਕਾਂ ਨੂੰ ਇਸ ਹੋਣ ਜਾ ਰਹੀ ਸੰਧੀ ਖਿਲਾਫ ਵੱਡੀ ਲਾਮਬੰਦੀ ਕਰਨ ਅਤੇ ਇਸ ਨੂੰ ਠੱਲ੍ਹਣ ਲਈ ਨਿਤਰਨਾ ਚਾਹੀਦਾ ਹੈ।
ਉਹਨਾਂ ਅੱਗੇ ਮੰਗ ਕੀਤੀ ਕਿ ਭਾਰਤ ਅਮਰੀਕਾ ਵਪਾਰ ਵਾਰਤਾ ਰੱਦ ਕੀਤੀ ਜਾਵੇ, ਸਾਮਰਾਜੀਆਂ ਨਾਲ ਹੋਈਆਂ ਪਹਿਲੀਆਂ ਸਾਰੀਆਂ ਅਣਸਾਂਵੀਆਂ ਸੰਧੀਆਂ ਅਤੇ ਸਮਝੌਤੇ ਰੱਦ ਕੀਤੇ ਜਾਣ ਅਤੇ ਭਾਰਤੀ ਹਾਕਮਾਂ ਵੱਲੋਂ ਸਾਮਰਾਜੀ ਦਬਾਅ ਅੱਗੇ ਲਿਫ਼ਣਾ ਬੰਦ ਕੀਤਾ ਜਾਵੇ। ਆਗੂਆਂ ਨੇ ਸਮੂਹ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ 18 ਅਗਸਤ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।








