
ਫੋਟੋ ਕੈਪਸਨ :- ਮੀਟਿੰਗ ਉਪਰੰਤ ਸਮੂਹਿਕ ਤਸਵੀਰ ਦੌਰਾਨ ਦਮਦਮਾ ਸਾਹਿਬ ਪ੍ਰੈੱਸ ਕਲੱਬ ਦੇ ਅਹੁਦੇਦਾਰ
ਤਲਵੰਡੀ ਸਾਬੋ, 30 ਜੂਨ (ਅੰਮ੍ਰਿਤ ਮਲਕਾਣਾ ) ਬੀਤੇ ਦਿਨੀਂ ਦਮਦਮਾ ਸਾਹਿਬ ਪ੍ਰੈੱਸ ਕਲੱਬ ਤਲਵੰਡੀ ਸਾਬੋ ਦੀ ਇੱਕ ਅਹਿਮ ਮੀਟਿੰਗ ਕਲੱਬ ਦੇ ਪ੍ਰਧਾਨ ਮੁਨੀਸ਼ ਗਰਗ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਫੀਲਡ ਵਿੱਚ ਵਿਚਰਨ ਸਮੇਂ ਦਰਪੇਸ਼ ਆ ਰਹੀਆਂ ਵੱਖ-ਵੱਖ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਮੌਜੂਦਾ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਲੋਕ ਮਿਲਣੀ ਸਮਾਗਮਾਂ ਵਿੱਚ ਲੋਕਲ ਮੀਡੀਆ ਕਰਮੀਆਂ ਨੂੰ ਕਵਰੇਜ ਤੋਂ ਰੋਕੇ ਜਾਣ ਦੇ ਮਾਮਲੇ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ ਅਤੇ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਮੌਕੇ ਪ੍ਰਧਾਨ ਮੁਨੀਸ਼ ਗਰਗ ਅਤੇ ਕਲੱਬ ਦੇ ਸਰਪ੍ਰਸਤ ਰਣਜੀਤ ਸਿੰਘ ਰਾਜੂ ਨੇ ਕਿਹਾ ਕਿ ਲੋਕਤੰਤਰ ਵਿੱਚ ਸੁਤੰਤਰ ਅਤੇ ਨਿਰਪੱਖ ਮੀਡੀਆ ਦੀ ਭੂਮਿਕਾ ਬੇਹੱਦ ਅਹਿਮ ਹੈ। ਜੇਕਰ ਪੱਤਰਕਾਰਾਂ ਨੂੰ ਸਰਕਾਰੀ ਸਮਾਗਮਾਂ ਦੀ ਕਵਰੇਜ ਕਰਨ ਤੋਂ ਰੋਕਿਆ ਜਾਂਦਾ ਹੈ ਤਾਂ ਇਹ ਪ੍ਰੈੱਸ ਦੀ ਆਜ਼ਾਦੀ ‘ਤੇ ਸਿੱਧਾ ਅਸਰ ਪਾਉਂਦਾ ਹੈ, ਜੋ ਕਿਸੇ ਵੀ ਲੋਕਤੰਤਰੀ ਪ੍ਰਣਾਲੀ ਲਈ ਚੰਗਾ ਸੰਕੇਤ ਨਹੀਂ ਹੈ। ਉਨ੍ਹਾਂ ਕਿਹਾ ਕਿ ਮੀਡੀਆ ਲੋਕਾਂ ਅਤੇ ਸਰਕਾਰ ਵਿਚਕਾਰ ਇੱਕ ਅਹਿਮ ਕੜੀ ਹੈ ਅਤੇ ਪੱਤਰਕਾਰਾਂ ਨੂੰ ਆਪਣੀ ਡਿਊਟੀ ਨਿਰਪੱਖ ਢੰਗ ਨਾਲ ਨਿਭਾਉਣ ਦਾ ਪੂਰਾ ਅਧਿਕਾਰ ਮਿਲਣਾ ਚਾਹੀਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮੀਡੀਆ ਨਾਲ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਾ ਕੀਤਾ ਜਾਵੇ ਅਤੇ ਪੱਤਰਕਾਰਾਂ ਨੂੰ ਹਰ ਸਰਕਾਰੀ ਸਮਾਗਮ ਦੀ ਕਵਰੇਜ ਕਰਨ ਦੀ ਖੁੱਲ੍ਹ ਦਿੱਤੀ ਜਾਵੇ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਪੱਤਰਕਾਰ ਭਾਈਚਾਰੇ ਦੇ ਹੱਕਾਂ ਅਤੇ ਪ੍ਰੈੱਸ ਦੀ ਆਜ਼ਾਦੀ ਦੀ ਰੱਖਿਆ ਲਈ ਦਮਦਮਾ ਸਾਹਿਬ ਪ੍ਰੈੱਸ ਕਲੱਬ ਹਮੇਸ਼ਾ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰੇਗਾ ਅਤੇ ਲੋੜ ਪੈਣ ‘ਤੇ ਅਗਲੀ ਰਣਨੀਤੀ ਵੀ ਉਲੀਕੀ ਜਾਵੇਗੀ। ਮੀਟਿੰਗ ਵਿੱਚ ਕਲੱਬ ਦੇ ਅਹੁਦੇਦਾਰ ਅਤੇ ਸਮੂਹ ਮੈਂਬਰਾਨ ਹਾਜ਼ਰ ਰਹੇ। ਮੀਟਿੰਗ ਦੌਰਾਨ ਚੇਅਰਮੈਨ ਜਗਜੀਤ ਸਿੰਘ ਸਿੱਧੂ ਦੀ ਜਲਦ ਸਿਹਤਯਾਬੀ ਲਈ ਵੀ ਅਰਦਾਸ ਕੀਤੀ ਗਈ।







