ਮਿਤੀ 12 ਜੂਨ ਤੱਕ ਜਥੇਬੰਦੀ ਦੀਆਂ ਮੰਗਾਂ ਦਾ ਹੱਲ ਨਾ ਹੋਣ ‘ਤੇ ਸਰਕਾਰ ਨੂੰ 2027 ਦੀਆਂ ਚੋਣਾਂ ਵਿੱਚ ਭੁਗਤਨਾ ਪਵੇਗਾ ਖਾਮਿਆਜ਼ਾ

ਬਠਿੰਡਾ, 10 ਜੂਨ (ਗੁਰਸੇਵਕ ਸਿੰਘ ਚੁੱਘੇ ਖੁਰਦ )
ਪੀ ਐਸ ਐਮ ਐਸ ਯੂ ਤੇ ਸਿਹਤ ਮਨੀਸਟਰੀਅਲ ਸੂਬਾ ਕਮੇਟੀ ਦੇ ਹੁਕਮਾ ਸਦਕਾ ਸਮੂਹ ਮਨੀਸਟਰੀਅਲ ਮੁਲਾਜ਼ਮਾਂ ਨੂੰ ਸੰਘਰਸ਼ ਲਈ ਤਿਆਰ ਰਹਿਣ ਦਾ ਆਹਵਾਨ ਕੀਤਾ ਗਿਆ ਹੈ, ਇਸੇ ਸਿਲਸਿਲੇ ਤਹਿਤ ਅੱਜ ਪੰਜਾਬ ਸਿਹਤ ਵਿਭਾਗ ਸੁਬਾਰਡੀਨੇਟ ਆਫਿਸਜ ਸਰਵਿਸ ਕਲੈਰੀਕਲ ਐਸੋਸੀਏਸ਼ਨ ਜਿਲ੍ਹਾ ਬਠਿੰਡਾ ਦੀ ਮੀਟਿੰਗ ਸਿਹਤ ਮਨੀਸਟਰੀਅਲ ਯੂਨੀਅਨ ਦੇ ਪ੍ਰਧਾਨ ਸ਼੍ਰੀ ਅਮਿਤ ਕੁਮਾਰ ਟਾਂਕ ਜੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾ ਦੀ ਪੂਰਤੀ ਵਿੱਚ ਕੀਤੀ ਜਾ ਰਹੀ ਟਾਲਮਟੋਲ ਸਬੰਧੀ ਸਮੂਹ ਮੁਲਾਜਮਾ ਵੱਲੋਂ ਵਿਚਾਰ ਚਰਚ ਤੇ ਗਹਿਨ ਚਿੰਤਨ ਕੀਤਾ ਗਿਆ।

ਸਮੂਹ ਜੱਥੇਬੰਦਕ ਆਗੂਆਂ ਵੱਲੋਂ ਮੁਲਾਜ਼ਮਾਂ ਨੂੰ ਆਪਣੀਆਂ ਜਾਇਜ਼ ਤੇ ਹੱਕੀ ਮੰਗਾਂ ਦੀ ਪੂਰਤੀ ਕਰਨ ਲਈ ਇੱਕਜੁਟਤਾ ਨਾਲ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ ਤੇ ਏਕੇ ਦਾ ਨਾਅਰਾ ਬੁਲੰਦ ਕੀਤਾ ਗਿਆ। ਮੀਟਿੰਗ ਦੌਰਾਨ ਸ੍ਰੀ ਮਹਿੰਦਰ ਸੱਚਦੇਵਾ ਸੀਨੀਅਰ ਮੀਤ ਪ੍ਰਧਾਨ ਅਤੇ ਸ਼੍ਰੀ ਸੰਜੀਵ ਸਿੰਗਲਾ ਜਨਰਲ ਸਕੱਤਰ ਜੀ ਵੱਲੋਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਪੁਰਾਣੀ ਪੈਨਸਨ ਬਹਾਲ ਨਾ ਕਰਨ ਤੇ ਇਸ ਸਬੰਧੀ ਪੂਰਨ ਨੋਟੀਫ਼ਿਕੇਸ਼ਨ ਜਾਰੀ ਨਾ ਕਰਨ ਤੇ ਸਮੂਹ ਐਨ.ਪੀ.ਐਸ ਅਧੀਨ ਕਰਮਚਾਰੀਆਂ ਵਿੱਚ ਬਹੁਤ ਰੋਸ ਹੈ, ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਨਾ ਕਰਨ ਅਤੇ 15-01-2015 ਦਾ ਮੁਲਾਜ਼ਮ ਮਾਰੂ ਪੱਤਰ ਰੱਦ ਨਾ ਕਰਨ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਸੈਂਟਰ ਪੇ ਕਮਿਸ਼ਨ ਅਧੀਨ ਕਵਰ ਕਰਨ ਵਾਲੇ ਪੱਤਰ ਮਿਤੀਃ17-07-2020 ਦੇ ਪੱਤਰ ਨੂੰ ਵੀ ਰੱਦ ਨਾ ਕਰਨਾ ਸਰਕਾਰ ਦਾ ਮੁਲਾਜ਼ਮ ਦੇ ਖਿਲਾਫ਼ ਪ੍ਰਤੀਕੂਲ ਰਵੱਈਏ ਨੂੰ ਜਾਹਿਰ ਕਰਦਾ ਹੈ। ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਦੀ ਅਹਿਮ ਮੰਗਾਂ ਨੂੰ ਆਪ ਦੀ ਭਗਵੰਤ ਮਾਨ ਸਰਕਾਰ ਵੱਲੋਂ ਲਗਾਤਾਰ ਟਾਲ ਮਟੋਲ ਕਰਕੇ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ। ਸਰਕਾਰ ਦੀ ਮੰਸ਼ਾ ਮੁਲਾਜਮਾ ਦੇ ਮਸਲੇ ਹੱਲ ਕਰਨ ਦੀ ਨਹੀਂ ਹੈ, ਜਿਸਦਾ ਖ਼ਮਿਆਜ਼ਾ ਪੰਜਾਬ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਵਿੱਚ ਜਰੂਰ ਭੁਗਤਣਾ ਪੈ ਸਕਦਾ ਹੈ। ਇਸ ਮੀਟਿੰਗ ਵਿੱਚ ਸਮੂਹ ਸਿਹਤ ਮਨੀਸਟਰੀਅਲ ਸਾਥੀ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂ ਸ਼ਾਮਿਲ ਸਨ।








