ਮਸਲਾ:- 4161 ਮਾਸਟਰ ਕਾਡਰ ਅਧਿਆਪਕਾਂ ਵਿੱਚੋਂ 253 ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚੋਂ ਬਾਹਰ ਕਰਨ ਸਬੰਧੀ

ਬਠਿੰਡਾ , 7 ਜੂਨ (ਯ ਪ )
ਅੱਜ ਬਠਿੰਡਾ ਦੇ ਸਥਾਨਕ ਚਿਲਡਰਨ ਪਾਰਕ ਵਿਖੇ 4161 ਮਾਸਟਰ ਕਾਡਰ ਰੀਕਾਸਟ ਸੂਚੀਆਂ ਅਧਿਆਪਕਾਂ ਵੱਲੋਂ ਮੀਟਿੰਗ ਕੀਤੀ ਗਈ ।ਮੀਟਿੰਗ ਵਿੱਚ ਸ਼ਾਮਿਲ ਆਗੂਆਂ ਲਵਪ੍ਰੀਤ ਸਿੰਘ ਖਾਲਸਾ ਅਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਪਿਛਲੀ 6 ਮਈ ਨੂੰ ਹਰ ਤਰਾਂ ਦੀਆਂ ਵਿਭਾਗੀ ਸ਼ਰਤਾਂ ਪੂਰੀਆਂ ਕਰਕੇ ਸਿੱਖਿਆ ਵਿਭਾਗ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਇਮਾਨਦਾਰੀ ਨਾਲ ਰੈਗੂਲਰ ਸੇਵਾਵਾਂ ਨਿਭਾਅ ਰਹੇ 4161 ਮਾਸਟਰ ਕਾਡਰ ਅਧਿਆਪਕਾਂ ਵਿੱਚੋਂ 253 ਅਧਿਆਪਕਾਂ ਨੂੰ ਟਰਮੀਨੇਸ਼ਨ ਸੰਬੰਧੀ ਸ਼ੋਕਾਜ ਨੋਟਿਸ ਜਾਰੀ ਕਰ ਦਿੱਤੇ ਗਏ ਸਨ ਅਤੇ ਸਪਸ਼ਟੀਕਰਨ ਦੇਣ ਲਈ 21 ਦਿਨ ਦਾ ਸਮਾਂ ਦਿੱਤਾ ਗਿਆ ਸੀ। ਇਸ ਸੰਬੰਧੀ 8 ਮਈ ਨੂੰ ਸਕੂਲ ਸਿੱਖਿਆ ਵਿਭਾਗ ਦੇ ਗੇਟ ‘ਤੇ ਧਰਨਾ ਪ੍ਰਦਰਸ਼ਨ ਵੀ ਕੀਤਾ,ਸਿੱਖਿਆ ਮੰਤਰੀ ਵੱਲੋਂ ਵਾਰ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗ ਅੱਗੇ ਪਾਈ ਜਾ ਰਹੀ ਹੈ।
ਅਧਿਆਪਕਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ,ਵਿਭਾਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਰਡਰਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਇਹ ਫ਼ੈਸਲਾ ਅਧਿਆਪਕਾਂ ਉੱਪਰ ਥੋਪ ਰਿਹਾ ਹੈ।ਅਸੀਂ ਪੰਜਾਬ ਸਰਕਾਰ/ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਭਰਤੀ ਨਿਯਮਾਂ ਰਾਹੀਂ ਹੀ ਸਹੀ ਤਰੀਕੇ ਨਾਲ 3 ਸਾਲ ਪਹਿਲਾਂ ਭਰਤੀ ਹੋਏ ਹਾਂ। ਹੁਣ 4161 ਮਾਸਟਰ ਕਾਡਰ ਰੀਕਾਸਟ ਸੂਚੀਆਂ ਅਧਿਆਪਕਾਂ ਵੱਲੋਂ 11 ਜੂਨ ਨੂੰ ਸਿੱਖਿਆ ਮੰਤਰੀ ਪੰਜਾਬ ਦੇ ਪਿੰਡ ਗੰਭੀਰਪੁਰ ਵਿਖੇ ਧਰਨਾ ਦਿੱਤਾ ਜਾਵੇਗਾ ਅਤੇ ਕੋਠੀ ਵੱਲ ਮਾਰਚ ਕੀਤਾ ਜਾਵੇਗਾ। ਇਸ ਸੰਬੰਧੀ ਪੂਰੇ ਪੰਜਾਬ ਵਿੱਚ ਮੀਟਿੰਗਾਂ ਹੋ ਰਹੀਆਂ ਹਨ।ਅਸੀਂ ਆਪਣੇ ਹੱਕਾਂ ਲਈ ਹਰ ਕੋਸ਼ਿਸ਼ ਕਰਾਂਗੇ। ਇਹ ਸਾਡੇ 253 ਅਧਿਆਪਕਾਂ ਦਾ ਨਹੀਂ, ਸਗੋਂ 253 ਅਧਿਆਪਕਾਂ ਅਤੇ ਉਹਨਾਂ ਨਾਲ ਜੁੜੇ ਰਿਸ਼ਤੇ-ਨਾਤਿਆਂ ਦੀ ਸੁਰੱਖਿਆ ਦਾ ਸਵਾਲ ਹੈ।
ਇਸ ਮੌਕੇ ਮੈਡਮ ਆਰਤੀ,ਨਿਸ਼ਾ,ਮਨਪ੍ਰੀਤ,ਰੇਨੂੰ ਰਾਣੀ, ਅਨੂ ਪ੍ਰਿਆ,ਅਨਮੋਲ,ਰੀਤਿਕਾ ਅਤੇ ਮਾਸਟਰ ਸ਼ਿੰਗਾਰਾ ਸਿੰਘ,ਸੁਖਜਿੰਦਰ ਸਿੰਘ,ਰੋਹਿਤ,ਸ਼ਾਮਿਲ ਸਨ।








