ਸ਼ਾਇਰ ਰਣਬੀਰ ਰਾਣਾ ‘ਦੀਪਕ ਜੈਤੋਈ ਪੁਰਸਕਾਰ’ ਨਾਲ ਸਨਮਾਨਿਤ

ਜੈਤੋ, 19 ਅਪ੍ਰੈਲ (ਯ ਪ )
ਉਸਤਾਦ ਸ਼ਾਇਰ ਜਨਾਬ ਦੀਪਕ ਜੈਤੋਈ ਦੇ ਜਨਮ ਦਿਹਾੜੇ ਮੌਕੇ ਸਰਗਰਮ ਸਾਹਿਤਕ ਸੰਸਥਾ ਦੀਪਕ ਜੈਤੋਈ ਮੰਚ (ਰਜਿ.)ਜੈਤੋ ਵੱਲੋਂ ਸਾਹਿਤਕ ਸਮਾਗਮ ਦੀਪਕ ਦੀ ਲੋਅ ਕਰਵਾਇਆ ਗਿਆ। ਇਸ ਮੌਕੇ ਉੱਘੇ ਸ਼ਾਇਰ ਰਣਬੀਰ ਰਾਣਾ ਨੂੰ ‘ਦੀਪਕ ਜੈਤੋਈ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਉੱਘੇ ਸਾਹਿਤਕਾਰ ਜਸਪਾਲ ਮਾਨਖੇੜਾ, ਤਰਸੇਮ ਨਰੂਲਾ ਤੇ ਜਸਵੀਰ ਸਿੰਘ ਢਿੱਲੋਂ ਨੇ ਕੀਤੀ।
ਸਮਾਗਮ ਦਾ ਆਰੰਭ ਕਰਦਿਆਂ ਮੰਚ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਝੱਖੜਵਾਲਾ ਨੇ ਹਾਜ਼ਰੀ ਨੂੰ ਜੀ ਆਇਆਂ ਆਖਿਆ ਅਤੇ ਮੰਚ ਦੀਆਂ ਗਤੀਵਿਧੀਆਂ ਬਾਰੇ ਦੱਸਿਆ। ਇਸ ਮੌਕੇ ਬੋਲਦਿਆਂ ਸਨਮਾਨਿਤ ਸ਼ਾਇਰ ਰਣਬੀਰ ਰਾਣਾ ਨੇ ਜਨਾਬ ਦੀਪਕ ਜੈਤੋਈ ਦੀ ਸਾਹਿਤਕ ਦੇਣ, ਆਪਣੇ ਸਾਹਿਤਕ ਸਫ਼ਰ ਬਾਰੇ ਦੱਸਿਆ। ਉਨ੍ਹਾਂ ਨੇ ਦੀਪਕ ਜੈਤੋਈ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਇਹ ਪੁਰਸਕਾਰ ਦੇਣ ਲਈ ਮੰਚ ਦਾ ਧੰਨਵਾਦ ਕੀਤਾ। ਉਨ੍ਹਾਂ ਆਪਣਾ ਕਲਾਮ ਵੀ ਪੇਸ਼ ਕੀਤਾ।

ਇਸ ਉਪਰੰਤ ਜਸਪਾਲ ਮਾਨਖੇੜਾ ਤੇ ਜਸਵੀਰ ਸਿੰਘ ਢਿੱਲੋਂ ਨੇ ਦੀਪਕ ਜੈਤੋਈ ਨੂੰ ਸਿਜਦਾ ਕੀਤਾ ਅਤੇ ਰਣਬੀਰ ਰਾਣਾ ਦੇ ਅਦਬੀ ਸਫ਼ਰ ਅਤੇ ਵਿਅਕਤੀਤਵ ਬਾਰੇ ਆਪਣੇ ਜਜ਼ਬਾਤ ਸਾਂਝੇ ਕੀਤੇ। ਉੱਘੇ ਵਿਦਵਾਨ ਵਾਸਦੇਵ ਸ਼ਰਮਾ ਨੇ ਕਿਤਾਬਾਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਕਿਹਾ ਕਿ ਲੇਖਕਾਂ ਨੂੰ ਪੜ੍ਹਨ ਵੱਲ ਵੀ ਤਵੱਜੋਂ ਦੇਣੀ ਚਾਹੀਦੀ ਹੈ।
ਪ੍ਰਧਾਨਗੀ ਸੰਬੋਧਨ ਦੌਰਾਨ ਉੱਘੇ ਲੇਖਕ ਤਰਸੇਮ ਨਰੂਲਾ ਨੇ ਦੀਪਕ ਜੈਤੋਈ ਅਤੇ ਰਣਬੀਰ ਰਾਣਾ ਦੀਆਂ ਲਿਖਤਾਂ ਨੂੰ ਜੀਵਨ ਯਥਾਰਥ ਦਾ ਆਇਨਾ ਦੱਸਿਆ। ਸ਼ਾਇਰ ਦਲਜੀਤ ਦਰਸ਼ਨ ਨੇ ਰਾਣਾ ਦਾ ਕਾਵਿ ਚਿੱਤਰ ਪੇਸ਼ ਕੀਤਾ। ਗਾਇਕ ਨਿਰਮਲ ਨਿਮਾਣਾ ਤੇ ਤ੍ਰਿਲੋਕ ਵਰਮਾ ਨੇ ਦੀਪਕ ਜੈਤੋਈ ਦੇ ਕਲਾਮ ਦਾ ਗਾਇਣ ਕੀਤਾ।
ਵਿਸ਼ਾਲ ਕਵੀ ਦਰਬਾਰ ਵਿੱਚ ਸਰਵਸ੍ਰੀ ਬੂਟਾ ਸਿੰਘ ਪੈਰਿਸ, ਬਲਵਿੰਦਰ ਸਿੰਘ ਭੁੱਲਰ, ਰਾਜਬੀਰ ਮੱਤਾ, ਜਸਕਰਨ ਮੱਤਾ, ਸਿਕੰਦਰ ਮਾਨਵ, ਮਲਕੀਤ ਕਿੱਟੀ, ਧਰਮ ਪ੍ਰਵਾਨਾ, ਵਤਨਵੀਰ ਜਖ਼ਮੀਂ, ਈਸ਼ਰ ਸਿੰਘ ਲੰਭਵਾਲੀ, ਜਰਨੈਲ ਸਿੰਘ ਜਖ਼ਮੀਂ, ਜਸਵੀਰ ਸ਼ਰਮਾ ਦੱਦਾਹੂਰੀਆ, ਕੁਲਬੀਰ ਸਿੰਘ ਸੰਧੂ, ਜਗਦੇਵ ਸਿੰਘ ਖੋਖਰ, ਰਣਜੀਤ ਸਿੰਘ ਗਿੱਲ, ਦਿਲਬਾਗ ਸਿੰਘ, ਜਸਵੀਰ ਫੀਰਾ, ਮਲਕੀਤ ਸਿੰਘ, ਕ੍ਰਿਸ਼ਨ ਰੰਗੀਲਾ ਤੇ ਲਾਭ ਸਿੰਘ ਆਦਿ ਸ਼ਾਇਰਾਂ ਨੇ ਰੰਗ ਬੰਨ੍ਹਿਆ।

ਮੰਚ ਸੰਚਾਲਨ ਹਰਮੇਲ ਪਰੀਤ ਤੇ ਰਾਜਿੰਦਰ ਲਖੋਤਰਾ ਨੇ ਕੀਤਾ। ਮੰਚ ਦੇ ਜਨਰਲ ਸਕੱਤਰ ਸੁੰਦਰ ਸਿੰਘ ਬਾਜਾਖਾਨਾ ਨੇ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਦੀਪਕ ਜੈਤੋਈ ਦੇ ਪਰਿਵਾਰਕ ਮੈਂਬਰ ਰਜਨੀਸ਼ ਪਤੰਗਾ, ਉੱਘੇ ਚਿਤਰਕਾਰ ਯਸ਼ਪਾਲ ਸਿੰਘ, ਉੱਘੇ ਬੁੱਤਤਰਾਸ਼ ਚਰਨਜੀਤ ਜੈਤੋ, ਹਰਭਗਵਾਨ ਕਰੀਰਵਾਲੀ, ਨੈਣਪਾਲ ਸਿੰਘ,ਸੁਰਿੰਦਰਪਾਲ ਲੂੰਬਾ, ਮੇਲਾ ਰਾਮ, ਬਲਦੇਵ ਕ੍ਰਿਸ਼ਨ ਆਦਿ ਸਮੇਤ ਵੱਡੀ ਗਿਣਤੀ ‘ਚ ਸਾਹਿਤ ਪ੍ਰੇਮੀ ਹਾਜਰ ਸਨ।








