
ਸੰਗਤ ਮੰਡੀ /ਬਠਿੰਡਾ (ਬਿਊਰੋ )
ਅਮਰੀਕਾ-ਇਜ਼ਰਾਇਲ ਅਤੇ ਇਰਾਨ ਵਿਚਕਾਰ ਚੱਲ ਰਹੀ ਜੰਗ ਦੇ ਪ੍ਰਭਾਵ ਹੇਠ ਆਮ ਲੋਕਾਂ ਵਿੱਚ ਘਰੇਲੂ ਗੈਸ ਦੀ ਕਿੱਲਤ ਹੋਣ ਦੀ ਸੰਭਾਵਨਾ ਕਾਰਨ ਬਣੇ ਡਰ ਨੂੰ ਦੂਰ ਕਰਨ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਦਾਅਵਿਆਂ ਦੀ ਬਠਿੰਡਾ ਅਧੀਨ ਪੈਂਦੀ ਸੰਗਤ ਮੰਡੀ ਦੀ ਇੰਡੇਨ ਗੈਸ ਏਜੰਸੀ ਨੂੰ ਲੱਗੇ ਤਲਿਆਂ ਨੇ ਫੂਕ ਕੱਢ ਦਿੱਤੀ ਹੈ।ਏਜੰਸੀ ਦੇ ਬੰਦ ਗੇਟ ਸਾਹਮਣੇ ਸਵੇਰ ਤੋਂ ਖਾਲੀ ਸਿਲੰਡਰ ਰੱਖੀ ਬੈਠੇ ਦੁਖੀ ਹੋਏ ਲੋਕਾਂ ਨੇ ਦੱਸਿਆ ਕਿ ਉਹ ਅੱਜ ਸਵੇਰ ਤੋਂ ਹੀ ਏਜੰਸੀ ਖੁੱਲ੍ਹਣ ਦੀ ਉਡੀਕ ਵਿੱਚ ਖੱਜਲ ਹੋ ਰਹੇ ਹਨ।ਲੋਕਾਂ ਨੇ ਦੱਸਿਆ ਕਿ ਜਦੋ ਉਹ ਸਿਲੰਡਰ ਲੈਣ ਲਈ ਗੋਦਾਮ ਵਿੱਚ ਗਏ ਤਾਂ ਓਥੋਂ ਉਹਨਾਂ ਨੂੰ ਪਹਿਲਾਂ ਪਰਚੀ ਕਟਵਾ ਕੇ ਲਿਆਉਣ ਲਈ ਏਜੰਸੀ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਹ ਸਵੇਰ ਤੋਂ ਆਪਣੇ ਕੰਮ-ਧੰਦੇ ਛੱਡ ਕੇ ਉਡੀਕ ਕਰ ਰਹੇ ਹਨ ਪਰ ਨਾ ਤਾਂ ਕ਼ੋਈ ਸਟਾਫ਼ ਮੈਂਬਰ ਆਇਆ ਹੈ ਅਤੇ ਨਾ ਹੀ ਏਜੰਸੀ ਮਾਲਕ ਫ਼ੋਨ ਚੱਕ ਰਿਹਾ ਹੈ।ਜਿਸ ‘ਤੇ ਰੋਹ ਵਿੱਚ ਆਏ ਲੋਕਾਂ ਨੇ ਗੈਸ ਏਜੰਸੀ ਦੇ ਮਾਲਕ ਖ਼ਿਲਾਫ਼ ਨਾਰੇਬਾਬਾਜ਼ੀ ਕੀਤੀ ।
ਬੁੱਕ ਕਰਵਾਉਣ ਦੇ ਬਾਵਜੂਦ ਵੀ ਕਈ-ਕਈ ਦਿਨ ਘਰੇ ਨਹੀਂ ਪਹੁੰਚਦਾ ਸਿਲੰਡਰ :-
ਲੋਕਾਂ ਦਾ ਕਹਿਣਾ ਹੈ ਕਿ ਔਨਲਾਇਨ ਬੁੱਕ ਕਰਵਾਉਣ ਦੇ ਬਾਵਜੂਦ ਵੀ ਕਈ-ਕਈ ਦਿਨ ਸਿਲੰਡਰ ਘਰ ਨਹੀਂ ਪਹੁੰਚਦਾ ਜਿਸ ਦੇ ਕਾਰਨ ਉਹਨਾਂ ਨੂੰ ਮਜ਼ਬੂਰ ਹੋ ਕੇ ਖ਼ੁਦ ਆ ਕੇ ਗੋਦਾਮ ਵਿੱਚੋਂ ਸਿਲੰਡਰ ਲੈ ਕੇ ਜਾਣਾ ਪੈਂਦਾ ਹੈ ਅਤੇ ਕਈ ਵਾਰ ਤਾਂ ਖ਼ਾਲੀ ਹੱਥ ਹੀ ਵਾਪਿਸ ਮੁੜਨਾ ਪੈਂਦਾ ਹੈ ਜਿਸ ਨਾਲ਼ ਉਹਨਾਂ ਦੀ ਖੱਜਲ ਖੁਆਰੀ ਵਧਦੀ ਹੈ।ਜਦੋਂ ਗੱਡੀ ਵਾਲਿਆਂ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਉਹਨਾਂ ਦਾ ਰੂਟ ਨਾ ਹੋਣ ਦਾ ਕਹਿ ਕੇ ਗੱਲ ਟਾਲ ਜਾਂਦੇ ਹਨ।
ਏਜੰਸੀ ਦੀਆਂ ਮਨਮਾਨੀਆਂ ਕਾਰਨ ਅਨੇਕਾਂ ਪਿੰਡ ਪ੍ਰਭਾਵਿਤ :-
ਜ਼ਿਕਰਯੋਗ ਹੈ ਕਿ ਗੈਸ ਏਜੰਸੀ ਮਾਲਕਾਂ ਦੀਆਂ ਇਸ ਤਰ੍ਹਾਂ ਦੀਆਂ ਮਨਮਰਜ਼ੀ ਦੀਆਂ ਗਤੀਵਿਧੀਆਂ ਕਾਰਨ ਸੰਗਤ ਮੰਡੀ ਨਾਲ਼ ਲਗਦੇ ਅਨੇਕਾਂ ਪਿੰਡ ਪ੍ਰਭਾਵਿਤ ਹੋ ਰਹੇ ਹਨ।ਲੋਕਾਂ ਨੇ ਬਠਿੰਡਾ ਪ੍ਰਸ਼ਾਸਨ ਨੂੰ ਜਲਦੀ ਇਸ ਮਸਲੇ ਦਾ ਹੱਲ ਕਰਨ ਦੀ ਮੰਗ ਕੀਤੀ।ਇਸ ਦਾ ਕਾਰਨ ਜਾਨਣ ਲਈ ਏਜੰਸੀ ਮਾਲਕਾਂ ਨਾਲ਼ ਰਾਬਤਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਰਾਬਤਾ ਨਹੀਂ ਬਣ ਸਕਿਆ ।









