20 ਦਿਨਾਂ ਅੰਦਰ ਇਹ ਸੜ੍ਹਕ ਬਣ ਕੇ ਲੋਕਾਂ ਲਈ ਹੋਵੇਗੀ ਤਿਆਰ

ਸੰਗਤ ਮੰਡੀ, 18 ਸਤੰਬਰ (ਅਮਨ ਸਰਦਾਰਗੜ੍ਹ)ਸੰਗਤ ਮੰਡੀ ਨੂੰ ਅੰਮ੍ਰਿਤਸਰ-ਜਾਮਨਗਰ ਭਾਰਤ ਮਾਲਾ ਮੁੱਖ ਮਾਰਗ ਨਾਲ ਪਿੰਡ ਗੁਰਥੜੀ ਤੱਕ ਜੋੜਨ ਵਾਲੀ ਲਿੰਕ ਸੜ੍ਹਕ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਅੱਜ ਸ਼ੁਰੂ ਕਰਵਾ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਅਤੇ ਸਾਬਕਾ ਐਸ.ਡੀ.ਐਮ. ਗੋਪਾਲ ਸਿੰਘ ਵੱਲੋਂ ਪੀ. ਡਬਲਯੂ. ਡੀ. ਵਿਭਾਗ ਦੇ ਅਧਿਕਾਰੀਆਂ ਦੀ ਦੇਖਰੇਖ ਹੇਠ ਲਿੰਕ ਸੜ੍ਹਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ। ਇਸ ਮੌਕੇ ਜਾਣਕਾਰੀ ਦਿੰਦਿਆਂ ਗੋਪਾਲ ਸਿੰਘ ਨੇ ਦੱਸਿਆ ਕਿ ਕਰੀਬ ਤਿੰਨ ਸਾਲ ਪਹਿਲਾਂ ਠੇਕੇਦਾਰ ਵੱਲੋਂ ਇਸ ਸੜ੍ਹਕ ਦਾ ਕੰਮ ਅਧੂਰਾ ਛੱਡ ਦਿੱਤਾ ਗਿਆ ਸੀ ਜਿਸ ਕਾਰਨ ਪਿੰਡ ਵਾਸੀਆਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਹੁਣ ਲੋਕਾਂ ਦੀ ਮੰਗ ਅਤੇ ਟ੍ਰੇਡ ਕਮਿਸ਼ਨ ਦੀਆਂ ਮੀਟਿੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਪੀ. ਡਬਲਯੂ. ਡੀ. ਵਿਭਾਗ ਵੱਲੋਂ ਨਵੇਂ ਠੇਕੇਦਾਰ ਰਾਹੀਂ ਇਸ ਸੜ੍ਹਕ ਦਾ ਨਿਰਮਾਣ ਕਾਰਜ ਦੁਬਾਰਾ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ 2.82 ਕਿਲੋਮੀਟਰ ਲੰਬੀ ਸੜਕ 47 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਜਾਵੇਗੀ ਅਤੇ ਕਰੀਬ 20 ਦਿਨਾਂ ਅੰਦਰ ਇਹ ਸੜ੍ਹਕ ਬਣ ਕੇ ਲੋਕਾਂ ਲਈ ਤਿਆਰ ਹੋ ਜਾਵੇਗੀ। ਪਿੰਡ ਗੁਰਥੜੀ ਦੇ ਸਾਬਕਾ ਸਰਪੰਚ ਧਰਮਪਾਲ ਸਿੰਘ ਨੇ ਕਿਹਾ ਕਿ ਇਸ ਸੜ੍ਹਕ ਦੇ ਬਣ ਜਾਣ ਨਾਲ ਇਲਾਕੇ ਦੇ ਲੋਕਾਂ ਅਤੇ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਆਵਾਜਾਈ ਸੁਖਾਲੀ ਹੋਵੇਗੀ। ਉਨ੍ਹਾਂ ਨੇ ਸੜ੍ਹਕ ਦਾ ਕੰਮ ਸ਼ੁਰੂ ਕਰਵਾਉਣ ਲਈ ਗੋਪਾਲ ਸਿੰਘ ਅਤੇ ਵਿਭਾਗ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਪਿੰਡ ਗੁਰਥੜੀ ਦੇ ਸਰਪੰਚ ਕਾਲਾ ਸਿੰਘ, ਨਰੇਸ਼ ਕੁਮਾਰ ਗੋਇਲ ਚੇਅਰਮੈਨ ਟ੍ਰੇਡ ਵਿੰਗ, ਸੁਰਿੰਦਰ ਕੁਮਾਰ ਚੇਅਰਮੈਨ ਅਗਰਵਾਲ ਵੈਲਫੇਅਰ ਬੋਰਡ, ਰਵੀ ਕੁਮਾਰ ਗੋਇਲ ਬਲਾਕ ਪ੍ਰਧਾਨ, ਜਸਵੰਤ ਸਿੰਘ ਸੋਮਾ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ, ਪ੍ਰਦੀਪ ਕੁਮਾਰ ਨਿੱਕੂ, ਨਿਤਿਨ ਕੁਮਾਰ, ਆਦਿ ਉਥੇ ਮੌਜੂਦ ਸਨ।









