
ਤਲਵੰਡੀ ਸਾਬੋ ,20 ਮਈ (ਅੰਮ੍ਰਿਤ ਮਲਕਾਣਾ )
ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਸ਼ਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਵੀਕਾਂਤ ਗੁਪਤਾ ਦੀ ਰਹਿਨੁਮਾਈ ਹੇਠ ਸਿਹਤ ਬਲਾਕ ਤਲਵੰਡੀ ਸਾਬੋ ਵੱਲੋਂ ਭਿਆਨਕ ਗਰਮੀ ਅਤੇ ਲੂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਸਿਹਤ ਕਰਮਚਾਰੀਆਂ ਵੱਲੋਂ ਆਮ ਲੋਕਾਂ ਨੂੰ ਗਰਮੀ ਦੌਰਾਨ ਸਿਹਤ ਸੰਬੰਧੀ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਡਾ. ਰਵੀਕਾਂਤ ਗੁਪਤਾ ਨੇ ਦੱਸਿਆ ਕਿ ਇਸ ਸਮੇਂ ਤੇਜ਼ ਗਰਮੀ ਕਾਰਨ ਹੀਟ ਸਟ੍ਰੋਕ, ਡੀਹਾਈਡਰੇਸ਼ਨ ਅਤੇ ਹੋਰ ਸਿਹਤ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਲੋਕਾਂ ਨੂੰ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਬਿਨਾਂ ਲੋੜ ਘਰ ਤੋਂ ਬਾਹਰ ਨਾ ਨਿਕਲਣ, ਹਲਕੇ ਅਤੇ ਢਿੱਲੇ ਕਪੜੇ ਪਹਿਨਣ, ਸਿਰ ਨੂੰ ਕੱਪੜੇ ਜਾਂ ਛਤਰੀ ਨਾਲ ਢੱਕ ਕੇ ਰੱਖਣ ਅਤੇ ਵੱਧ ਤੋਂ ਵੱਧ ਪਾਣੀ ਪੀਣ ਦੀ ਸਲਾਹ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਲੋਕ ਤਰਬੂਜ਼, ਖੀਰਾ, ਨਿੰਬੂ ਪਾਣੀ ਅਤੇ ਹੋਰ ਤਰਲ ਪਦਾਰਥਾਂ ਦਾ ਵੱਧ ਸੇਵਨ ਕਰਨ। ਬਾਹਰ ਖੜੀਆਂ ਗੱਡੀਆਂ ਵਿੱਚ ਬੱਚਿਆਂ ਜਾਂ ਪਸ਼ੂਆਂ ਨੂੰ ਇਕੱਲਾ ਨਾ ਛੱਡਿਆ ਜਾਵੇ। ਜੇ ਕਿਸੇ ਵਿਅਕਤੀ ਨੂੰ ਚੱਕਰ ਆਉਣ, ਬੁਖਾਰ, ਉਲਟੀ ਜਾਂ ਬੇਹੋਸ਼ੀ ਵਰਗੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ।
ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਗਰਮੀ ਦੇ ਮੌਸਮ ਦੌਰਾਨ ਸਾਵਧਾਨ ਰਹੋ, ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਖਾਸ ਧਿਆਨ ਰੱਖੋ ਅਤੇ ਲੂੰ ਤੋਂ ਬਚਾਅ ਲਈ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰੋ।








