
ਸੰਗਤ ਮੰਡੀ, 11 ਅਕਤੂਬਰ(ਅਮਨ ਸਰਦਾਰਗੜ੍ਹ ) ਰਾਮਗੜ੍ਹੀਆ ਅਕਾਲ ਜਥੇਬੰਦੀ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਛੇ ਹਲਕਿਆਂ ਵਿੱਚ ਆਪਣਾ ਵੋਟ ਬੈਂਕ ਮਜ਼ਬੂਤ ਕਰਨ ਲਈ ਵਰਕਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਠਿੰਡਾ ਜ਼ਿਲ੍ਹੇ ਦੇ ਸੀਨੀਅਰ ਆਗੂ ਅਤੇ ਜ਼ੋਨ ਇੰਚਾਰਜ ਗੁਰਤੇਜ ਸਿੰਘ ਤੇਜੀ ਦਿਉਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਥੇਬੰਦੀ ਦਾ ਇਨ੍ਹਾਂ ਹਲਕਿਆਂ ਵਿੱਚ ਚੰਗਾ ਵੋਟ ਬੈਂਕ ਮੌਜੂਦ ਹੈ।ਉਨ੍ਹਾਂ ਦੱਸਿਆ ਕਿ ਜਥੇਬੰਦੀ ਦੇ ਵਰਕਰਾਂ ਨਾਲ ਵੱਖ-ਵੱਖ ਹਲਕਿਆਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਇਨ੍ਹਾਂ ਮੀਟਿੰਗਾਂ ਰਾਹੀਂ ਜਥੇਬੰਦੀ ਦੀ ਮੌਜੂਦਾ ਸਥਿਤੀ, ਵਰਕਰਾਂ ਦੀ ਸਰਗਰਮੀ ਅਤੇ ਵੋਟ ਬੈਂਕ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਹਲਕਿਆਂ ਵਿੱਚ ਜਥੇਬੰਦੀ ਦਾ ਵੋਟ ਬੈਂਕ ਸਭ ਤੋਂ ਵੱਧ ਅਤੇ ਸਥਿਤੀ ਮਜ਼ਬੂਤ ਪਾਈ ਜਾਵੇਗੀ, ਉੱਥੋਂ ਜਥੇਬੰਦੀ ਵੱਲੋਂ ਆਪਣਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨ ਬਾਰੇ ਫ਼ੈਸਲਾ ਕੀਤਾ ਜਾਵੇਗਾ।ਗੁਰਤੇਜ ਸਿੰਘ ਤੇਜੀ ਦਿਉਣ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਰਾਮਗੜ੍ਹੀਆ ਅਕਾਲ ਜਥੇਬੰਦੀ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਆਪਣੀ ਰਣਨੀਤੀ ਤਿਆਰ ਕਰਨ ਵਿੱਚ ਜੁਟੀ ਹੋਈ ਹੈ। ਵੱਖ-ਵੱਖ ਹਲਕਿਆਂ ਵਿੱਚ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਨੂੰ ਜਥੇਬੰਦੀ ਦੀ ਚੋਣੀ ਤਿਆਰੀ ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ।









