ਘਲੇ ਆਵਿਹ ਨਾਨਕਾ ਸਦੇ ਉਠੀ ਜਾਹਿ ||

ਗੁਰਬਾਣੀ ਦੇ ਮਹਾਂਵਾਕ ਅਨੁਸਾਰ ਪ੍ਰਧਾਨ ਬੂਟਾ ਸਿੰਘ ਢਿੱਲੋਂ ਜੀ ਪਰਮਾਤਮਾ ਦੁਆਰਾ ਬਖਸ਼ੀ ਆਪਣੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਇਸ ਫਾਨੀ ਸੰਸਾਰ ਤੋਂ ਮਿਤੀ 25/09/2026 ਨੂੰ ਮਨਹੂਸ ਦਿਨ ਅਚਾਨਕ ਰੁਖ਼ਸਤ ਹੋ ਗਏ ਹਨ |ਇਸ ਨਰਮ ਅਤੇ ਸ਼ਾਂਤ ਸੁਭਾਅ ਦੇ ਮਾਲਕ ਦਾ ਜਨਮ ਮਿਤੀ 05/09/1955 ਨੂੰ ਸੁਭਾਗੇ ਦਿਨ ਪਿੰਡ ਸੁਖਲੱਧੀ (ਬਠਿੰਡਾ)ਵਿਖੇ ਪਿਤਾ ਸਰਦਾਰ ਹਰਦਿੱਤ ਸਿੰਘ ਢਿੱਲੋਂ ਤੇ ਮਾਤਾ ਸਰਦਾਰਨੀ ਜਸ ਕੌਰ ਦੀ ਸੁਲੱਖਣੀ ਕੁੱਖੋਂ ਹੋਇਆ|ਚਾਰ ਭੈਣਾਂ ਨੇ ਆਪਣਾ ਲਾਡਲਾ ਵੀਰ ਅਤੇ ਮਾਪਿਆਂ ਨੇ ਆਪਣੇ ਪਿਆਰੇ ਪੁੱਤਰ ਨੂੰ ਚਾਵਾਂ ਨਾਲ਼ ਪਾਲ਼ਿਆ ਅਤੇ ਚੰਗੇ ਸੰਸਕਾਰ ਦਿੱਤੇ |ਭਾਵੇਂ ਆਪ ਨੇ ਸਰਕਾਰੀ ਪ੍ਰਾਇਮਰੀ ਸਕੂਲ ਬੰਗੀ ਰੁੱਘੂ ਤੋਂ ਕੇਵਲ ਪ੍ਰਾਇਮਰੀ ਪੱਧਰ ਦੀ ਸਿੱਖਿਆ ਹਾਸਿਲ ਕੀਤੀ ਪਰ ਵੱਡੇ ਹੋ ਕੇ ਸੰਸਾਰ ਪੱਧਰ ਦੇ ਸਾਹਿਤ ਨੂੰ ਖੁੱਲ੍ਹ ਕੇ ਪੜ੍ਹਿਆ ਅਤੇ ਨਿੱਗਰ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਵਿਹਾਰਕ ਤੌਰ ‘ਤੇ ਲਾਗੂ ਕਰ ਕੇ ਰੌਸ਼ਨ ਦਿਮਾਗ਼ ਇਨਸਾਨ ਸਾਬਿਤ ਹੋਏ |ਮਿਹਨਤੀ, ਇਮਾਨਦਾਰ, ਅਣਥੱਕ ਤੇ ਮਿਲਾਪੜੇ ਸੁਭਾਅ ਦੇ ਮਾਲਕ ਪ੍ਰਧਾਨ ਬੂਟਾ ਸਿੰਘ ਢਿੱਲੋਂ ਦਾ ਪਵਿੱਤਰ ਵਿਆਹ ਪਿੰਡ ਸੇਖੂ (ਬਠਿੰਡਾ) ਦੀ ਸਰਦਾਰਨੀ ਜਸਵੀਰ ਕੌਰ ਨਾਲ਼ ਸਾਲ 1972 ‘ਚ ਹੋਇਆ |ਆਪ ਦੇ ਘਰ ਪੰਜ ਵਡਭਾਗੀਆਂ ਧੀਆਂ ਨੇ ਜਨਮ ਲਿਆ |ਆਪ ਨੇ ਆਪਣੀਆਂ ਨੂੰ ਧੀਆਂ ਨੂੰ ਖ਼ੂਬ ਪੜ੍ਹਾਇਆ -ਲਿਖਾਇਆ,ਲਾਡਾਂ ਨਾਲ਼ ਪਾਲਿਆ ,ਸਾਹਿਤ ਪੜ੍ਹਨ ਦੀ ਚੇਟਕ ਲਾਈ
, ਮਾਰਕਸੀ ਵਿਚਾਰਧਾਰਾ ਤੇ ਵਜ਼ਨਦਾਰ ਪ੍ਰੰਪਰਾਵਾਂ ਪ੍ਰਦਾਨ ਕੀਤੀਆਂ |ਮਾਰਕਸਵਾਦੀ ਸਾਹਿਤ, ਤਰਕਸ਼ੀਲ ਸਾਹਿਤ ਤੇ ਜੁਝਾਰਵਾਦੀ ਸਾਹਿਤ, ਪੰਜਾਬ ਦੇ ਸ਼੍ਰੋਮਣੀ ਸਾਹਿਤਕਾਰਾਂ ਦੀਆਂ ਲਿਖਤਾਂ ਦੇ ਅਧਿਐਨ ਨੇ ਆਪ ਨੂੰ ਪਾਰਖੂ ਨਜ਼ਰ , ਵਿਗਿਆਨਕ ਸੋਚ , ਅਣਖੀਲੇ ਸੁਭਾਅ ਤੇ ਖੱਬੇ ਪੱਖੀ ਵਿਚਾਰਾਂ ਦਾ ਧਾਰਨੀ ਬਣਾਇਆ ਅਤੇ ਇਨਕਲਾਬੀ ਘੋਲ਼ਾਂ ਵਿੱਚ ਸ਼ਮੂਲੀਅਤ ਲਈ ਪ੍ਰੇਰਤ ਕੀਤਾ |ਦੁਨਿਆਵੀ ਭੀੜ ‘ਚੋਂ ਨਿੱਖੜੇ, ਨਿੱਤਰੇ ਤੇ ਸੰਸਥਾ ਵਰਗੇ ਵਿਅਕਤੀ ਪ੍ਰਧਾਨ ਬੂਟਾ ਸਿੰਘ ਜੀ ਨੇ ਸਮਾਜ ਨੂੰ ਅੰਧ -ਵਿਸ਼ਵਾਸਾਂ ਦੀ ਦਲਦਲ ‘ਚੋਂ ਕੱਢਣ ਲਈ ਤਰਕਸ਼ੀਲ ਲਹਿਰ ਨਾਲ਼ ਜੁੜ ਕੇ ਬੇ ਮਿਸਾਲ ਸੇਵਾ ਨਿਭਾਈ |ਆਪ ਨੇ ਇੱਕ ਸੰਘਰਸ਼ੀ ਤੇ ਨਿਧੜਕ ਆਗੂ ਵਜੋਂ ਪੰਜਾਬ ਸਟੂਡੈਂਟ ਯੂਨੀਅਨ ਲਈ ਸਮੇਂ ਦੀਆਂ ਸਰਕਾਰਾਂ ਦੇ ਵਿਦਿਆਰਥੀ ਅਤੇ ਸਮਾਜ ਵਿਰੋਧੀ ਫੈਸਲਿਆਂ ਦਾ ਡੱਟ ਕੇ ਟਾਕਰਾ ਕੀਤਾ |ਪਹਿਲੀ ਤੇ ਦੂਜੀ ਸੰਸਾਰ ਜੰਗ,ਰੂਸੀ ਕ੍ਰਾਂਤੀ ਦੇ ਬਾਰੇ ਗਿਆਨ , ਭਾਰਤ ਦੀ ਆਜ਼ਾਦੀ ਲਈ ਕੀਤੇ ਗਏ ਸੰਘਰਸ਼ ਦੀ ਨੇੜਿਓਂ ਸਮਝ ਹੋਣ ਕਾਰਨ ਅਤੇ ਸ਼ਹੀਦ ਭਗਤ ਸਿੰਘ ਦੀ ਸ਼ਖ਼ਸੀਅਤ ਤੇ ਵਿਚਾਰਾਂ ਤੋਂ ਪ੍ਰਭਾਵਤ ਹੋਣ ਕਾਰਨ ਆਪ ਨੇ ਨੌਜਵਾਨ ਭਾਰਤ ਸਭਾ ਦੀ ਬਠਿੰਡਾ ਇਕਾਈ ਲਈ ਬਤੌਰ ਪ੍ਰਧਾਨ ਸਰਗਰਮ ਰਹਿ ਕੇ ਵਾਗਡੋਰ ਸੰਭਾਲੀ ਅਤੇ ਬੱਸ ਕਿਰਾਇਆ ਅੰਦੋਲਨ ਮੌਕੇ ਮਨੁੱਖਤਾ ਦੇ ਭਲੇ ਲਈ ਜੇਲ੍ਹ ਯਾਤਰਾ ਵੀ ਕੀਤੀ |ਸਮਾਜਵਾਦੀ ਨਜ਼ਰੀਆ ਹੋਣ ਕਾਰਨ ਆਪ ਨੇ ਆਪਣੇ ਪਿੰਡ ਦੀ ਭਲਾਈ ਲਈ ਅਨੇਕਾਂ ਸਲਾਹੁਣ ਯੋਗ ਸਰਵ ਸਾਂਝੇ ਕਾਰਜ ਕਰਨ ਦੇ ਨਾਲ਼ -ਨਾਲ਼ ਸਰਕਾਰੀ ਹਾਈ ਸਕੂਲ ਬੰਗੀ ਰੁੱਘੂ ਲਈ ਪੀ. ਟੀ. ਏ. ਪ੍ਰਧਾਨ ਵਜੋਂ ਵਿਦਿਆਰਥੀਆਂ ਅਤੇ ਸਕੂਲ ਦੀ ਤਰੱਕੀ ਲਈ ਦਿਲੋਂ ਸੇਵਾ ਨਿਭਾਈ ਆਪ ਨੇ ਆਪਣੀ ਮਾਤਾ ਦੀ ਅੱਖਾਂ ਦਾਨ ਕਰਵਾ ਕੇ ਮਨੁੱਖਤਾ ਲਈ ਉਸਾਰੂ ਸੁਨੇਹਾ ਦਿੱਤਾ |ਗਰੀਬ -ਗੁਰਬੇ ਦੀ ਮੱਦਦ ਕਰਨ ਵਾਲ਼ੇ ਅਤੇ ਲਾਲਚ-ਬੇਈਮਾਨੀ ਤੋਂ ਕੋਹਾਂ ਦੂਰ ਰਹਿਣ ਵਾਲ਼ੇ ਪ੍ਰਧਾਨ ਬੂਟਾ ਸਿੰਘ ਜੀ ਨੇ ਜੀਵਨ ਭਰ ਰੀਝਾਂ ਨਾਲ਼ ਖੇਤੀਬਾੜੀ ਕੀਤੀ ਅਤੇ ਪਰਿਵਾਰਕ ਲੋੜਾਂ ਅਨੁਸਾਰ ਕੁਦਰਤੀ ਤਰੀਕੇ ਨਾਲ਼ ਦਾਲਾਂ, ਫ਼ਲ ਤੇ ਸਬਜ਼ੀਆਂ ਪੈਦਾ ਕਰ ਕੇ ਲੀਹ ਪਾੜੂ ਕਿਸਾਨ ਸਾਬਿਤ ਹੋਏ |ਖੇਤੀ ਵਭਿੰਨਤਾ ਲਈ ਆਪ ਨੇ ਆਂਧਰਾ ਪ੍ਰਦੇਸ ਸਮੇਤ ਹੋਰ ਸੂਬਿਆਂ ‘ਚ ਜਾ ਕੇ ਉੱਥੋਂ ਦੇ ਖੇਤੀ ਮਾਡਲ ਵੇਖੇ |ਸਰੀਰਕ ਤੌਰ ‘ਤੇ ਫਰਤੀਲੇ, ਜੋਸ਼ੀਲੇ ਤੇ ਇਸ ਕੱਦਾਵਰ ਇਨਸਾਨ ਨੇ ਜੀਵਨ ਭਰ ਸੰਜਮ ਨਾਲ਼ ਸਾਦਾ ਖਾਣਾ ਖਾਧਾ, ਪੈਦਲ ਯਾਤਰਾ ਕੀਤੀ, ਸਾਈਕਲ ਨੂੰ ਆਪਣਾ ਸਾਥੀ ਬਣਾਇਆ | ਖੂਬਸੂਰਤ ਵਿਚਾਰਧਾਰਾ, ਸਾਦਗੀ ਪਸੰਦ, ਕਰਮਸ਼ੀਲ ਇਨਸਾਨ,ਸਭ ਦਾ ਸੁਚੱਜਾ ਮਾਰਗ ਦਰਸ਼ਨ ਕਰਨ ਵਾਲ਼ੇ ਅਤੇ ਇਲਾਕੇ ਦੀ ਸਤਿਕਾਰਤ ਹਸਤੀ ਪ੍ਰਧਾਨ ਬੂਟਾ ਸਿੰਘ ਢਿੱਲੋਂ ਜੀ ਦੀ ਅਜੇ ਪਰਿਵਾਰ, ਰਿਸ਼ਤੇਦਾਰਾਂ ਅਤੇ ਸਮਾਜ ਨੂੰ ਬਹੁਤ ਲੋੜ ਸੀ |ਸਭ ਰਿਸ਼ਤੇਦਾਰਾਂ ਦਾ ਸਹਾਰਾ,ਸਭ ਦੇ ਸਿਰ ‘ਤੇ ਅਸ਼ੀਰਵਾਦ ਭਰਿਆ ਹੱਥ ਰੱਖਣ ਵਾਲੇ ਅਤੇ ਸਾਰਿਆਂ ਨੂੰ ਜੋੜ ਕੇ ਰੱਖਣ ਵਾਲ਼ੇ ਇਸ ਰੰਗਲੇ ਅਤੇ ਜੱਗੋਂ ਨਿਰਾਲੇ ਇਨਸਾਨ ਦੇ ਅਚਾਨਕ ਤੁਰ ਜਾਣ ਨਾਲ਼ ਹਮਸਫ਼ਰ ਜਸਵੀਰ ਕੌਰ, ਭੈਣ ਕਰਮਜੀਤ ਕੌਰ ਪਤਨੀ ਹੁਕਮ ਸਿੰਘ ਜਿਓਂਦ, ਪੁੱਤਾਂ ਵਾਂਗ ਪਾਲ਼ੀਆਂ ਲਾਡਲੀਆਂ ਧੀਆਂ ਸੁਖਮੀਤ ਕੌਰ ਪਤਨੀ ਰਣਧੀਰ ਸਿੰਘ, ਰਣਧੀਰ ਕੌਰ ਪਤਨੀ ਸੁਖਮੰਦਰ ਸਿੰਘ, ਸੁਖਵੀਰ ਕੌਰ ਪਤਨੀ ਗੁਰਪ੍ਰੀਤ ਸਿੰਘ, ਕਰਮਜੀਤ ਕੌਰ ਪਤਨੀ ਦਰਸ਼ਨ ਸਿੰਘ, ਹਰਦੀਪ ਕੌਰ ਪਤਨੀ ਬਲਜਿੰਦਰ ਸਿੰਘ, ਦੋਹਤੇ ਰਾਜਨਪ੍ਰੀਤ ਸਿੰਘ ਅਤੇ ਦੋਹਤੀ ਜਸ਼ਨਪ੍ਰੀਤ ਕੌਰ ਕੈਨੇਡਾ ਸਮੇਤ 12 ਦੋਹਤੇ -ਦੋਹਤੀਆਂ, ਚਾਰ ਭੈਣਾਂ ਦੀ ਔਲਾਦ 13 ਭਾਣਜੇ -ਭਾਣਜੀਆਂ ਸਮੇਤ ਸਮੂਹ ਰਿਸ਼ਤੇਦਾਰਾਂ ਦੀ ਰੰਗਲੀ ਦੁਨੀਆਂ ਅੱਜ ਬੇਰੌਣਕ ਹੋਈ ਜਾਪਦੀ ਹੈ |ਪਰਮਾਤਮਾ ਦੇ ਚਰਨਾਂ ‘ਚ ਜਾ ਬਿਰਾਜੀ ਇਸ ਬਹੁਪੱਖੀ ਸ਼ਖ਼ਸੀਅਤ ਪ੍ਰਧਾਨ ਬੂਟਾ ਸਿੰਘ ਢਿੱਲੋਂ ਨਮਿਤ ਰੱਖੇ ਗਏ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ ਮਿਤੀ 04/10/2026(ਐਤਵਾਰ )ਨੂੰ ਗੁਰਦੁਆਰਾ ਕਰਮਸਰ ਸਾਹਿਬ ਪਿੰਡ ਸੁਖਲੱਧੀ (ਬਠਿੰਡਾ)ਵਿਖੇ ਦੁਪਹਿਰ 12 ਤੋਂ 1ਵਜੇ ਦੇ ਦਰਮਿਆਨ ਹੋਵੇਗੀ, ਜਿੱਥੇ ਪਰਿਵਾਰਕ ਜੀਅ, ਰਿਸ਼ਤੇਦਾਰ, ਸੰਬੰਧੀ, ਇਲਾਕਾ ਨਿਵਾਸੀ, ਜਥੇਬੰਦਕ ਆਗੂ , ਸੱਭਿਆਚਾਰਕ ਤੇ ਕਲਾ ਵਰਗ,ਧਾਰਮਿਕ ਹਸਤੀਆਂ, ਮੁਲਾਜ਼ਮ ਵਰਗ ਆਦਿ ਖੇਤਰਾਂ ਦੇ ਸੁਹਿਰਦ ਸੱਜਣ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ |
ਸ਼ਬਦ -ਰਚਨਾ :
ਲੈਕਚਰਾਰ ਤਰਸੇਮ ਸਿੰਘ ਬੁੱਟਰ









