Home » ਪੰਜਾਬ » ਬਠਿੰਡਾ ਨਗਰ ਨਿਗਮ ਨੇ ਨਾਜਾਇਜ਼ ਕਬਜ਼ੇ ਹਟਾਏ: ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮਿੱਡੂ ਮੱਲ ਸਟਰੀਟ ‘ਚ ਕਾਰਵਾਈ; ਦੁਕਾਨਦਾਰਾਂ ਨੇ ਕੀਤਾ ਵਿਰੋਧ

ਬਠਿੰਡਾ ਨਗਰ ਨਿਗਮ ਨੇ ਨਾਜਾਇਜ਼ ਕਬਜ਼ੇ ਹਟਾਏ: ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮਿੱਡੂ ਮੱਲ ਸਟਰੀਟ ‘ਚ ਕਾਰਵਾਈ; ਦੁਕਾਨਦਾਰਾਂ ਨੇ ਕੀਤਾ ਵਿਰੋਧ

News Portal Development Companies In India

22 ਸਤੰਬਰ 2026 (ਸੰਦੀਪ ਸ਼ੇਰਗਿਲ )ਬਠਿੰਡਾ ਵਿੱਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਨਿਗਮ ਦੀ ਕਾਰਵਾਈ ਮੰਗਲਵਾਰ ਨੂੰ ਮਿੱਡੂ ਮੱਲ ਸਟਰੀਟ ‘ਚ ਪਹੁੰਚੀ। ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਅਤੇ ਤਹਿਬਾਜ਼ਾਰੀ ਟੀਮ ਨੇ ਸਾਂਝਾ ਅਭਿਆਨ ਚਲਾ ਕੇ ਦੁਕਾਨਾਂ ਦੇ ਬਾਹਰ ਕੀਤੇ ਗਏ ਕਬਜ਼ੇ ਹਟਾਏ। ਕਾਰਵਾਈ ਦੌਰਾਨ ਜੇਸੀਬੀ ਮਸ਼ੀਨ ਦੀ ਮਦਦ ਨਾਲ ਦੁਕਾਨਾਂ ਦੇ ਬਾਹਰ ਬਣਾਏ ਗਏ ਰੈਂਪ, ਪੌੜੀਆਂ ਅਤੇ ਹੋਰ ਵਾਧੂ ਨਿਰਮਾਣ ਹਟਾਏ ਗਏ।ਕਾਰਵਾਈ ਸ਼ੁਰੂ ਹੁੰਦਿਆਂ ਹੀ ਕਈ ਸਥਾਨਕ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਵਿਰੋਧ ਜਤਾਇਆ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਤਿਉਹਾਰੀ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਅਜਿਹੇ ਸਮੇਂ ‘ਚ ਕਬਜ਼ੇ ਹਟਾਉਣ ਦੀ ਕਾਰਵਾਈ ਨਾਲ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ। ਉਨ੍ਹਾਂ ਨੇ ਨਿਗਮ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਕੁਝ ਦਿਨਾਂ ਦਾ ਸਮਾਂ ਦਿੱਤਾ ਜਾਵੇ ਤਾਂ ਜੋ ਉਹ ਖੁਦ ਦੁਕਾਨਾਂ ਦੇ ਬਾਹਰ ਕੀਤੇ ਗਏ ਨਿਰਮਾਣ ਅਤੇ ਸਮਾਨ ਨੂੰ ਹਟਾ ਸਕਣ।

ਦੁਕਾਨਦਾਰ ਬੋਲੇ- ਗਾਹਕਾਂ ਲਈ ਬਣਾਈਆਂ ਪੌੜੀਆਂ, ਵੱਡੇ ਕਬਜ਼ਿਆਂ ‘ਤੇ ਕਾਰਵਾਈ ਕਿਉਂ ਨਹੀਂ

ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀਆਂ ਦੁਕਾਨਾਂ ਦੇ ਬਾਹਰ ਬਣਾਏ ਗਏ ਰੈਂਪ ਅਤੇ ਪੌੜੀਆਂ ਗਾਹਕਾਂ ਦੇ ਆਉਣ-ਜਾਣ ਦੀ ਸਹੂਲਤ ਲਈ ਹਨ। ਉਨ੍ਹਾਂ ਦਾ ਦੋਸ਼ ਸੀ ਕਿ ਨਿਗਮ ਛੋਟੇ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਕਰ ਰਿਹਾ ਹੈ, ਜਦਕਿ ਸ਼ਹਿਰ ਦੇ ਕਈ ਬਾਜ਼ਾਰਾਂ ਅਤੇ ਚੌਂਕਾਂ ‘ਤੇ ਰੇਹੜੀਆਂ, ਖੋਖੇ ਅਤੇ ਅੱਡੇ ਲੱਗੇ ਹੋਏ ਹਨ। ਉਨ੍ਹਾਂ ਨੇ ਸਵਾਲ ਉਠਾਇਆ ਕਿ ਇਨ੍ਹਾਂ ਵੱਡੇ ਪੱਧਰ ਦੇ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ।

ਇਸ ਦੌਰਾਨ ਪੀ.ਸੀ.ਏ. ਦੇ ਪ੍ਰਧਾਨ ਅਮਰਜੀਤ ਮਹਿਤਾ ਵੀ ਮੌਕੇ ‘ਤੇ ਪਹੁੰਚੇ ਅਤੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਨਿਗਮ ਦੀ ਕਾਰਵਾਈ ਆਮ ਲੋਕਾਂ ਦੀ ਸਹੂਲਤ ਅਤੇ ਸੜ੍ਹਕ ਨੂੰ ਖਾਲੀ ਕਰਵਾਉਣ ਦੇ ਮਕਸਦ ਨਾਲ ਕੀਤੀ ਜਾ ਰਹੀ ਹੈ। ਸੜ੍ਹਕ ਅਤੇ ਜਨਤਕ ਰਸਤੇ ‘ਤੇ ਕਬਜ਼ੇ ਹਟਣ ਨਾਲ ਆਉਣ ਵਾਲੇ ਦਿਨਾਂ ‘ਚ ਦੁਕਾਨਦਾਰਾਂ ਅਤੇ ਆਮ ਲੋਕਾਂ, ਦੋਹਾਂ ਨੂੰ ਸਹੂਲਤ ਮਿਲ ਸਕਦੀ ਹੈ।

ਸਮਾਜਸੇਵੀ ਨੇ ਰੇਹੜੀ-ਖੋਖਿਆਂ ‘ਤੇ ਕਾਰਵਾਈ ਦੀ ਮੰਗ ਚੁੱਕਿਆ

ਸਮਾਜ ਸੇਵੀ ਸੋਨੂੰ ਮਹੇਸ਼ਵਰੀ, ਗੁਰਵਿੰਦਰ ਸ਼ਰਮਾ ਅਤੇ ਹੋਰਾਂ ਨੇ ਵੀ ਕਾਰਵਾਈ ‘ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਨਿਗਮ ਨੂੰ ਸਿਰਫ਼ ਦੁਕਾਨਦਾਰਾਂ ਦੇ ਰੈਂਪ ਅਤੇ ਪੌੜੀਆਂ ਹੀ ਦਿਸਦੀਆਂ ਹਨ, ਜਦਕਿ ਬਾਜ਼ਾਰਾਂ ਅਤੇ ਚੌਂਕਾਂ ‘ਤੇ ਰੇਹੜੀਆਂ, ਖੋਖੇ ਅਤੇ ਅੱਡੇ ਲੱਗੇ ਹੋਏ ਹਨ। ਉਨ੍ਹਾਂ ਮੁਤਾਬਕ, ਇਨ੍ਹਾਂ ਕਬਜ਼ਿਆਂ ਨੂੰ ਹਟਾਉਣ ਲਈ ਪਹਿਲਾਂ ਵੀ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਉਮੀਦ ਮੁਤਾਬਕ ਕਾਰਵਾਈ ਨਹੀਂ ਹੋਈ।

ਨਿਗਮ ਨੇ ਕਿਹਾ- ਨੋਟਿਸ ਤੋਂ ਬਾਅਦ ਸ਼ੁਰੂ ਕੀਤੀ ਕਾਰਵਾਈ

ਬਿਲਡਿੰਗ ਇੰਸਪੈਕਟਰ ਅਵਤਾਰ ਸਿੰਘ ਦੇ ਅਨੁਸਾਰ, ਸਬੰਧਤ ਦੁਕਾਨਦਾਰਾਂ ਨੂੰ ਪਹਿਲਾਂ ਨੋਟਿਸ ਦੇ ਕੇ ਦੁਕਾਨਾਂ ਦੇ ਬਾਹਰ ਕੀਤੇ ਗਏ ਨਾਜਾਇਜ਼ ਕਬਜ਼ੇ ਆਪਣੇ ਪੱਧਰ ‘ਤੇ ਹਟਾਉਣ ਦੀ ਹਦਾਇਤ ਦਿੱਤੀ ਗਈ ਸੀ। ਨੋਟਿਸ ਦੇ ਬਾਵਜੂਦ ਕਬਜ਼ੇ ਨਾ ਹਟਾਏ ਜਾਣ ‘ਤੇ ਮੰਗਲਵਾਰ ਨੂੰ ਟੀਮ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ।
ਟੀਮ ਨੇ ਦੁਕਾਨਾਂ ਦੇ ਬਾਹਰ ਰੱਖਿਆ ਸਮਾਨ ਹਟਾਉਣ ਦੇ ਨਾਲ-ਨਾਲ ਸੜ੍ਹਕ ਅਤੇ ਜਨਤਕ ਰਸਤੇ ਦੀ ਜਗ੍ਹਾ ਖਾਲੀ ਕਰਵਾਈ। ਅਧਿਕਾਰੀਆਂ ਮੁਤਾਬਕ ਸ਼ਹਿਰ ਦੇ ਹੋਰ ਹਿੱਸਿਆਂ ‘ਚ ਵੀ ਲੋੜ ਮੁਤਾਬਕ ਕਬਜ਼ਿਆਂ ਖਿਲਾਫ ਕਾਰਵਾਈ ਜਾਰੀ ਰੱਖੀ ਜਾਵੇਗੀ।

Leave a Comment

Will the middle class get relief from the first general budget of Modi 3.0?