ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕੈਂਪ ਦਾ ਜਾਇਜ਼ਾ ਲੈਂਦਿਆਂ ਐੱਚਐੱਮਈਐੱਲ ਦੀ ਕੀਤੀ ਸ਼ਲਾਘਾ

ਤਲਵੰਡੀ ਸਾਬੋ 22 ਸਤੰਬਰ (ਅੰਮ੍ਰਿਤ ਮਲਕਾਣਾ) ਐੱਚ.ਐੱਮ.ਈ.ਐੱਲ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਨੇ ਏਮਜ਼ ਬਠਿੰਡਾ ਦੇ ਸਹਿਯੋਗ ਨਾਲ ਉੱਪ-ਮੰਡਲ ਤਲਵੰਡੀ ਸਾਬੋ ਦੇ ਪਿੰਡ ਫੁੱਲੋਖਾਰੀ ਦੇ ਗੁਰਦੁਆਰਾ ਸਾਹਿਬ ਵਿਖੇ ਇੰਟੀਗ੍ਰੇਟਿਡ ਮੋਬਾਈਲ ਮੈਡੀਕਲ ਯੂਨਿਟ (ਐਮਐਮਯੂ) ਵਿਦ ਟੈਲੀਮੇੈਡੀਸਨ ਪ੍ਰੋਜੈਕਟ ਤਹਿਤ ਮੈਗਾ ਹੈਲਥ ਕੈਂਪ ਲਗਾਇਆ।ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਵਿਸ਼ੇਸ਼ ਤੌਰ ’ਤੇ ਕੈਂਪ ਵਿੱਚ ਪਹੁੰਚ ਕੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਗ੍ਰਾਮੀਣ ਖੇਤਰਾਂ ਵਿੱਚ ਮਾਹਿਰ ਸਿਹਤ ਸੇਵਾਵਾਂ ਪਹੁੰਚਾਉਣ ਲਈ ਐਚਐਮਈਐਲ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਵੀ ਕੀਤੀ।
ਰਿਫ਼ਾਇਨਰੀ ਪ੍ਰਬੰਧਕਾਂ ਮੁਤਾਬਿਕ ਕੈਂਪ ਦਾ ਉਦੇਸ਼ ਗ੍ਰਾਮੀਣ ਭਾਈਚਾਰੇ ਤੱਕ ਗੁਣਵੱਤਾਪੂਰਨ ਸਿਹਤ ਸੇਵਾਵਾਂ ਅਤੇ ਮਾਹਿਰ ਡਾਕਟਰੀ ਪਰਾਮਰਸ਼ ਦੀ ਪਹੁੰਚ ਨੂੰ ਹੋਰ ਮਜ਼ਬੂਤ ਕਰਨਾ ਸੀ।ਸਿਹਤ ਕੈਂਪ ਦੌਰਾਨ ਏਮਜ਼ ਬਠਿੰਡਾ ਦੇ ਮਾਹਿਰ ਡਾਕਟਰਾਂ ਵੱਲੋਂ ਆਰਥੋਪੈਡਿਕਸ,ਅੱਖਾਂ ਦੇ ਰੋਗ,ਦੰਦਾਂ ਦੀ ਜਾਂਚ,ਚਮੜੀ ਰੋਗ ਅਤੇ ਜਨਰਲ ਮੈਡੀਸਨ ਸਮੇਤ ਵੱਖ-ਵੱਖ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।ਕੈਂਪ ਦੌਰਾਨ ਕੁੱਲ 125 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਡਾਕਟਰੀ ਮਸ਼ਵਰਾ ਦਿੱਤਾ ਗਿਆ।ਵੱਖ-ਵੱਖ ਮਾਹਿਰ ਸੇਵਾਵਾਂ ਵਿੱਚ ਅੱਖਾਂ ਦੇ ਰੋਗਾਂ ਨਾਲ ਸਬੰਧਤ ਮਸ਼ਵਰੇ ਸਭ ਤੋਂ ਵੱਧ ਰਹੇ ਜੋ ਪੇਂਡੂ ਖੇਤਰਾਂ ਵਿੱਚ ਅੱਖਾਂ ਦੀਆਂ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਅਤੇ ਆਸਾਨੀ ਨਾਲ ਉਪਲਬਧ ਨੇਤਰ ਸੇਵਾਵਾਂ ਦੀ ਮਹੱਤਤਾ ਨੂੰ ਦਰਸਾਉਂਦਾ ਹੈ।ਪਿੰਡ ਵਿੱਚ ਹੀ ਮਾਹਿਰ ਡਾਕਟਰਾਂ ਦੀ ਉਪਲਬਧਤਾ ਨਾਲ ਲੋਕਾਂ ਨੂੰ ਦੂਰ ਸਥਿਤ ਸਿਹਤ ਕੇਂਦਰਾਂ ਤੱਕ ਜਾਣ ਦੀ ਲੋੜ ਘੱਟ ਪਈ।
ਰਿਫ਼ਾਇਨਰੀ ਪ੍ਰਬੰਧਕਾਂ ਅਨੁਸਾਰ ਹੁਣ ਤੱਕ 290 ਸਿਹਤ ਕੈਂਪ ਲਗਾਏ ਜਾ ਚੁੱਕੇ ਹਨ ਜਿਨ੍ਹਾਂ ਰਾਹੀਂ 16,000 ਤੋਂ ਵੱਧ ਮਰੀਜ਼ ਲਾਭ ਲੈ ਸਕੇ।ਇਨ੍ਹਾਂ ਭਾਈਚਾਰਕ ਸਿਹਤ ਪਹਿਲਕਦਮੀਆਂ ਰਾਹੀਂ ਐੱਚਪੀਸੀਐੱਲ-ਮਿੱਤਲ ਐਨਰਜੀ ਲਿਮਟਿਡ, ਪੇਂਡੂ ਖੇਤਰਾਂ ਵਿੱਚ ਗੁਣਵੱਤਾਪੂਰਨ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਮਜ਼ਬੂਤ ਕਰਨ,ਰੋਕਥਾਮੀ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਅਤੇ ਸਹਿਯੋਗਾਤਮਕ ਸੀਅੱੈਸਆਰ ਯਤਨਾਂ ਰਾਹੀਂ ਭਾਈਚਾਰੇ ’ਤੇ ਸਾਰਥਕ ਅਤੇ ਲੰਬੇ ਸਮੇਂ ਤੱਕ ਪ੍ਰਭਾਵ ਪੈਦਾ ਕਰਨ ਲਈ ਵਚਨਬੱਧ ਹੈ।
ਸਿਹਤ ਜਾਗਰੂਕਤਾ ਦੇ ਤਹਿਤ ਕੈਂਪ ਦੌਰਾਨ ਸੀਪੀਆਰ (ਕਾਰਡੀਓਪਲਮੋਨਰੀ ਰੀਸਸਿਟੇਸ਼ਨ) ਜਾਗਰੂਕਤਾ ਅਤੇ ਟ੍ਰੇਨਿੰਗ ਸੈਸ਼ਨ ਵੀ ਕਰਵਾਇਆ ਗਿਆ।ਇਸ ਟ੍ਰੇਨਿੰਗ ਦਾ ਉਦੇਸ਼ ਭਾਈਚਾਰੇ ਨੂੰ ਮੈਡੀਕਲ ਐਮਰਜੈਂਸੀ ਦੀ ਸਥਿਤੀ ਵਿੱਚ ਮੁਢਲੀ ਸਹਾਇਤਾ ਪ੍ਰਦਾਨ ਕਰਨ ਲਈ ਵਧੇਰੇ ਸਮਰੱਥ ਬਣਾਉਣਾ ਸੀ।
ਸਿਹਤ ਕੈਂਪ ਦੇ ਸਫਲ ਆਯੋਜਨ ਵਿੱਚ ਗ੍ਰਾਮ ਪੰਚਾਇਤ ਦੇ ਮੈਂਬਰਾਂ ਅਤੇ ਗੁਰਦੁਆਰਾ ਕਮੇਟੀ ਦਾ ਵੀ ਸਰਗਰਮ ਸਹਿਯੋਗ ਰਿਹਾ। ਐੱਚਐੱਮਈਐੱਲ ਦਾ ਇੰਟੀਗ੍ਰੇਟਿਡ ਮੋਬਾਈਲ ਮੈਡੀਕਲ ਯੂਨਿਟ ਵਿਦ ਟੈਲੀਮੇਡਿਸਨ ਪ੍ਰੋਜੈਕਟ ਨਿਯਮਿਤ ਮੋਬਾਈਲ ਮੈਡੀਕਲ ਸੇਵਾਵਾਂ, ਮਾਹਿਰ ਡਾਕਟਰੀ ਮਸ਼ਵਰੇ ਅਤੇ ਤਕਨੀਕ ਆਧਾਰਿਤ ਸਿਹਤ ਸੇਵਾਵਾਂ ਰਾਹੀਂ ਪੇਂਡੂ ਖੇਤਰਾਂ ਵਿੱਚ ਆਖਰੀ ਪੱਧਰ ਤੱਕ ਸਿਹਤ ਸਹੂਲਤਾਂ ਪਹੁੰਚਾਉਣ ਲਈ ਕੰਮ ਕਰ ਰਿਹੈ।









