

ਫੋਟੋ ਕੈਪਸ਼ਨ:ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਕੱਢਦੇ ਹੋਏ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ
ਤਲਵੰਡੀ ਸਾਬੋ 21 ਅਗਸਤ (ਅੰਮ੍ਰਿਤ ਮਲਕਾਣਾ)ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ਨੂੰ ਸਮੱਰਥਨ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਿਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਤਾਇਨਾਤ ਮੁਲਾਜ਼ਮਾਂ ਨੇ ਅੱਜ ਤਖਤ ਸਾਹਿਬ ਦੇ ਮੈਨੇਜ਼ਰ ਭਾਈ ਨਰਿੰਦਰਜੀਤ ਸਿੰਘ ਭਵਾਨੀਗੜ੍ਹ ਦੀ ਅਗਵਾਈ ਹੇਠ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਕੱਢਿਆ ਉੱਥੇ ਨਿਸ਼ਾਨ ਏ ਖਾਲਸਾ ਚੌਂਕ ਚ ਸੜਕ ਤੇ ਬੈਠ ਨਾਮ ਸਿਮਰਨ ਵੀ ਕੀਤਾ।
ਗੱਲਬਾਤ ਕਰਦਿਆਂ ਤਖਤ ਸਾਹਿਬ ਦੇ ਮੈਨੇਜ਼ਰ ਭਾਈ ਨਰਿੰਦਰਜੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੰਜਾਬ ਬੰਦ ਨੂੰ ਸਮੱਰਥਨ ਦਿੱਤਾ ਗਿਆ ਹੈ ਕਿਉਂਕਿ ਮਸਲਾ ਸਮੁੱਚੀ ਕੌਮ ਦੇ ਬੰਦੀ ਸਿੰਘਾਂ ਦਾ ਹੈ।ਉਨਾਂ ਕਿਹਾ ਕਿ ਅੱਜ ਸਮੁੱਚੇ ਪੰਜਾਬ ਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਣਾ ਸਬੂਤ ਹੈਕਿ ਸਮੁੱਚੇ ਪੰਜਾਬੀ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਚ ਹਨ ਇਸਲਈ ਸਰਕਾਰਾਂ ਨੂੰ ਭਾਵਨਾਵਾਂ ਦੀ ਕਦਰ ਕਰਦਿਆਂ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦੈ।ਇਸ ਮੌਕੇ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ,ਵਧੀਕ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ,ਗੁਰਦੇਵ ਸਿੰਘ ਸੰਧੂ ਤੇ ਮਨਦੀਪ ਸਿੰਘ ਮਾਖਾ ਦੋਵੇਂ ਮੀਤ ਮੈਨੇਜ਼ਰ ਤੋਂ ਇਲਾਵਾ ਵੱਡੀ ਗਿਣਤੀ ਸ਼੍ਰੋਮਣੀ ਕਮੇਟੀ ਮੁਲਾਜ਼ਮ ਵੀ ਮਾਰਚ ਚ ਸ਼ਾਮਿਲ ਹੋਏ।









