
ਬਾਲਿਆਂਵਾਲ਼ੀ,11 ਅਕਤੂਬਰ(ਗੁਰਸੇਵਕ ਚੁੱਘੇ ਖੁਰਦ)ਪੇਂਡੂ ਸਾਹਿਤ ਸਭਾ ਰਜਿ.ਬਾਲਿਆਂਵਾਲੀ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਸੁਖਦਰਸ਼ਨ ਗਰਗ ਦੀ ਪ੍ਰਧਾਨਗੀ ਹੇਠ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਲਾਇਬਰੇਰੀ ਅਤੇ ਬਿ੍ਗੇਡੀਅਰ ਬੰਤ ਸਿੰਘ ਮੈਮੋਰੀਅਲ ਸੁਵਿਧਾ ਕੇਂਦਰ ਅਤੇ ਕੰਪਿਊਟਰ ਸੈਂਟਰ ਬਾਲਿਆਂਵਾਲੀ ਵਿਖੇ ਹੋਈ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਮਿਤੀ 21.10.2026 ਦਿਨ ਬੁੱਧਵਾਰ ਨੂੰ ਇਲਾਕੇ ਦੇ ਸਤਾਰਾਂ ਪਿੰਡਾਂ ਦੇ ਸਰਕਾਰੀ ਅਤੇ ਗੈਰਸਰਕਾਰੀ ਸਕੂਲਾਂ ਦੇ ਉਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿੰਨ੍ਹਾਂ ਨੇ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿੱਚੋਂ ਪੰਜਾਬੀ ਵਿਸ਼ੇ ਵਿੱਚੋਂ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਉਹਨਾਂ ਨੂੰ ਨਕਦ ਇਨਾਮ ਅਤੇ ਸਰਟੀਫ਼ਿਕੇਟ ਦਿੱਤਾ ਜਾਵੇਗਾ। ਉਹਨਾਂ ਅਧਿਆਪਕਾਂ ਨੂੰ ਵੀ ਸਰਟੀਫਿਕੇਟ ਦੇ ਸਨਮਾਨਿਤ ਕੀਤਾ ਜਾਵੇਗਾ ਜਿੰਨਾਂ ਨੇ ਇਹਨਾਂ ਬੱਚਿਆਂ ਨੂੰ ਪੰਜਾਬੀ ਵਿਸ਼ਾ ਪੜ੍ਹਾਇਆ ਹੈ। ਸਾਹਿਤਕ ਦੌਰ ਵਿੱਚ ਹਰਜਿੰਦਰ ਕੌਰ ਨੇ ਵਿਚਾਰਧਾਰਾ ਦਾ ਡੋਲੂ ਵਿਅੰਗ ਪੜਿਆ। ਜੀਤ ਸਿੰਘ ਚਹਿਲ ਨੇ ਭਗਤ ਸਿੰਘ ਜਨਮ ਦਿਨ ਬਾਰੇ ਕਵਿਤਾ ਪੜ੍ਹੀ। ਅਜਮੇਰ ਦੀਵਾਨਾ ਨੇ ਕਿੱਸਾ ਹੀਰ ਰਾਂਝਾ ਵਿੱਚੋਂ ਛੰਦ ਸੁਣਾਇਆ। ਜਗਨ ਨਾਥ ਨੇ ਰਾਜਨੀਤੀ ਦੀ ਮਹੱਤਤਾ ਬਾਰੇ ਲੇਖ ਪੜ੍ਹਿਆ। ਸੁਖਦਰਸ਼ਨ ਗਰਗ ਨੇ ਤਾਜ਼ਾ ਰੁਬਾਈਆਂ ਪੇਸ਼ ਕੀਤੀਆਂ। ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋਂ ਜਸਪਾਲ ਮਾਨਖੇੜਾ ਦੇ ਨਾਵਲ ਹਵੇਲੀਆਲਾ ਅਤੇ ਭੁਪਿੰਦਰ ਮਾਨ ਦੇ ਕਹਾਣੀ ਸੰਗ੍ਰਹਿ ਨੂੰ ਸਰਵੋਤਮ ਪੁਸਤਕ ਪੁਰਸਕਾਰ ਲਈ ਚੁਨੇ ਜਾਣ ਲਈ ਵਧਾਈ ਦਿੱਤੀ ਗਈ। ਸ਼ੋਕ ਮਤੇ ਰਾਹੀਂ ਉੱਘੇ ਵਿਅੰਗਕਾਰ, ਨਾਵਲਕਾਰ,ਕਹਾਣੀਕਾਰ ਅਤੇ ਅਨੁਵਦਕ ਕੇ.ਐਲ.ਗਰਗ ਦੀ ਬੇਵਕਤੀ ਮੌਤ ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਅਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਵਿੱਚ ਇਹਨਾਂ ਤੋਂ ਇਲਾਵਾ ਕੁਲਦੀਪ ਮਤਵਾਲਾ,ਗੁਰਮੀਤ ਕੁਮਾਰ ਅਤੇ ਗੁਰਪ੍ਰੀਤ ਕੌਰ ਹਾਜ਼ਰ ਸਨ।









